ਸਿਆਸਤਖਬਰਾਂਚਲੰਤ ਮਾਮਲੇ

‘ਆਪ’ ਗੱਠਜੋੜ ਨੂੰ ਲੈ ਕੇ ਕੋਈ ਮੁੱਦਾ ਨਾ ਚੁੱਕਿਆ ਜਾਵੇ : ਖੜਗੇ

ਨਵੀਂ ਦਿੱਲੀ-ਹੈਦਰਾਬਾਦ ’ਚ ਹੋਏ ਕਾਂਗਰਸ ਵਰਕਿੰਗ ਕਮੇਟੀ ਦੇ ਸੈਸ਼ਨ ਵਿਚ ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਪੰਜਾਬ ’ਚ ਗੱਠਜੋੜ ਨਾ ਕਰਨ ਦੀ ਮੰਗ ਉਠਾਈ ਸੀ। ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸਪੱਸ਼ਟ ਤੌਰ ’ਤੇ ਕਹਿ ਦਿੱਤਾ ਕਿ ਗੱਠਜੋੜ ਨੂੰ ਲੈ ਕੇ ਕੋਈ ਮੁੱਦਾ ਨਾ ਚੁੱਕਿਆ ਜਾਵੇ ਕਿਉਂਕਿ ਮਾਮਲਾ ਕੇਂਦਰ ਦੀ ਮੋਦੀ ਸਰਕਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਹਰਾਉਣ ਦਾ ਹੈ। ਪੰਜਾਬ ਕਾਂਗਰਸ ਨੂੰ ਕਹਿ ਦਿੱਤਾ ਗਿਆ ਹੈ ਕਿ ਗੱਠਜੋੜ ਵਿਚ ਜਦੋਂ ਸੀਟਾਂ ਦੀ ਵੰਡ ਹੋਵੇਗੀ ਤਾਂ ਉਨ੍ਹਾਂ ਦੀ ਵੀ ਰਾਏ ਲਈ ਜਾਵੇਗੀ ਪਰ ਉਸ ਵੇਲੇ ਤਕ ਕਾਂਗਰਸ ਆਮ ਆਦਮੀ ਪਾਰਟੀ ਨਾਲ ਕਿਸੇ ਵੱਡੇ ਵਿਰੋਧ ਦੀ ਗੱਲ ਨਾ ਕਰੇ।
16 ਸਤੰਬਰ ਨੂੰ ਹੈਦਰਾਬਾਦ ’ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਪੰਜਾਬ ਕਾਂਗਰਸ ਨੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਦੇ ਰੋਸ ਤੋਂ ਜਾਣੂ ਕਰਵਾਉਣਾ ਸੀ। ਅਸਲ ’ਚ ਪੰਜਾਬ ਕਾਂਗਰਸ ਦੇ ਨੇਤਾਵਾਂ ਦੀਆਂ 2 ਦਿਨ, 6 ਤੇ 7 ਸਤੰਬਰ ਨੂੰ ਚੰਡੀਗੜ੍ਹ ਵਿਚ ਚੱਲੀਆਂ ਬੈਠਕਾਂ ਵਿਚ ਇਸ ਗੱਲ ’ਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਸਮਝੌਤਾ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਸੀਟਾਂ ਦੀ ਵੰਡ ਹੋਣੀ ਚਾਹੀਦੀ ਹੈ।
ਬੈਠਕਾਂ ਵਿਚ ਕੁਝ ਨੇਤਾਵਾਂ ਨੇ ਸਪੱਸ਼ਟ ਤੌਰ ’ਤੇ ਕਹਿ ਦਿੱਤਾ ਸੀ ਕਿ ਜੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੁੰਦਾ ਹੈ ਤਾਂ ਉਨ੍ਹਾਂ ਕੋਲ ਕਾਂਗਰਸ ਛੱਡ ਕੇ ਹੋਰ ਪਾਰਟੀਆਂ ਵਿਚ ਜਾਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚੇਗਾ। ਪੰਜਾਬ ਵਿਚ ਕਾਂਗਰਸ ਪਾਰਟੀ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ’ਚ ਹੈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚ ਕਾਂਗਰਸ ਦੇ ਜ਼ਿਆਦਾਤਰ ਨੇਤਾ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਮਾਨ ਸਰਕਾਰ ਵਲੋਂ ਬੰਦ ਕੀਤੇ ਗਏ ਹਨ।
ਕਾਂਗਰਸ ਵਰਕਿੰਗ ਕਮੇਟੀ ਦੀਆਂ ਹਦਾਇਤਾਂ ਦੀ ਗੱਲ ਤੋਂ ਕਾਂਗਰਸੀ ਨੇਤਾਵਾਂ ਵਿਚ ਨਿਰਾਸ਼ਾ ਹੈ। ਚੰਡੀਗੜ੍ਹ ’ਚ ਵਿਧਾਨ ਸਭਾ ਦੇ ਡਿਜੀਟਲੀਕਰਨ ਵੇਲੇ ਵੀ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਗੈਰ-ਹਾਜ਼ਰ ਸਨ। ਵਿਰੋਧੀ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਗੈਰ-ਹਾਜ਼ਰ ਸਨ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਤਾਂ ਵਿਧਾਨ ਸਭਾ ਵਿਚ ਆ ਕੇ ਵੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਪਸ ਚਲੇ ਗਏ, ਜਦੋਂਕਿ ਮੌਜੂਦ ਵਿਧਾਇਕਾਂ ਵਿਚ ਕਾਂਗਰਸ ਤੋਂ ਮੁਅੱਤਲ ਵਿਧਾਇਕ ਸੰਦੀਪ ਜਾਖੜ ਅਤੇ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਸਨ।
ਜਾਣਕਾਰੀ ਅਨੁਸਾਰ ਇਸ ਬੈਠਕ ਵਿਚ ਪੰਜਾਬ ਵਿਚ ਗੱਠਜੋੜ ਨਾ ਕਰਨ ਅਤੇ ਸੀਟਾਂ ਦੀ ਵੰਡ ਨਾ ਕਰਨ ਦੀ ਗੱਲ ਰੱਖੀ ਗਈ ਤਾਂ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਨੇ ਮੰਚ ਤੋਂ ਹੀ ਕਹਿ ਦਿੱਤਾ ਕਿ ਅਜਿਹੀ ਗੱਲ ਮੰਚ ’ਤੇ ਨਾ ਰੱਖੀ ਜਾਵੇ। ਮਾਮਲਾ ਕੇਂਦਰ ਵਿਚ ਮੋਦੀ ਸਰਕਾਰ ਨੂੰ ਸੱਤਾ ਤੋਂ ਵਾਂਝਾ ਕਰਨ ਦਾ ਹੈ, ਇਸ ਲਈ ਗੱਠਜੋੜ ਕਰਨਾ ਅਤੇ ਤੈਅ ਸ਼ਰਤਾਂ ਵਿਚ ਬੱਝਣਾ ਇੰਡੀਆ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਦੀ ਮਜਬੂਰੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਗਠਜੋੜ ਵਿਚ ਸੀਟਾਂ ਦੀ ਵੰਡ ਹੋਵੇਗੀ ਤਾਂ ਪੰਜਾਬ ਦੀ ਰਾਏ ਜ਼ਰੂਰ ਲਈ ਜਾਵੇਗੀ।

Comment here