ਸਿਆਸਤਖਬਰਾਂਚਲੰਤ ਮਾਮਲੇ

‘ਆਪ’ ਉਮੀਦਵਾਰ ਮੰਜੂ ਰਾਣਾ ਦਾ ਪੁਲਸ ਵਿਰੁੱਧ ਸੜਕ ‘ਤੇ ਲੰਮੇ ਪੈ ਕੇ ਪ੍ਰਦਰਸ਼ਨ

ਕਪੂਰਥਲਾ :  ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਹੋਵੇ ਅਤੇ ਗਰਮਾ ਗਰਮੀ ਦੇਖਣ ਨੂੰ ਨਾ ਮਿਲੇ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ। ਹਾਲ ਹੀ ਵਿੱਚ ਕਪੂਰਥਲਾ ਹਲਕੇ ਤੋ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਨੇ ਪੁਲਿਸ ਪ੍ਰਸਾਸ਼ਨ ’ਤੇ ਧੱਕੇਸ਼ਾਹੀ ਦਾ ਅਰੋਪ ਲਗਾਉਂਦੇ ਹੋਏ ਅੱਜ ਸਵੇਰੇ ਤੋਂ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ’ਤੇ ਡੀ.ਐਸ.ਪੀ. ਦਫ਼ਤਰ ਦੇ ਬਾਹਰ ਸੜਕ ’ਤੇ ਲੇਟ ਕੇ ਪ੍ਰਰਦਸ਼ਨ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਅਰੋਪ ਹੈ ਕਿ ਪੂਰਾ ਪ੍ਰਸਾਸ਼ਨ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਾਇਰੇ ਵਿਚ ਕੰਮ ਕਰ ਰਿਹਾ ਹੈ ਅਤੇ ਵਿਰੋਧੀ ਸੰਗਠਨਾਂ ਦੇ ਉਮੀਦਵਾਰਾਂ ਦੀਆਂ ਗਤੀਵਿਧੀਆਂ ’ਤੇ ਰੋਕ ਲਗਾਈ ਹੋਈ ਹੈ। ਇਸੇ ਸਬੰਧ ਵਿਚ ਧਰਨਾ ਪ੍ਰਦਰਸ਼ਨ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੁਲਤਾਨਪੁਰ ਲੋਧੀ ਰੋਡ ਜਾਮ ਕਰ ਦਿੱਤਾ। ਮੌਕੇ ’ਤੇ ਐਸ.ਪੀ. ਜਸਬੀਰ ਸਿੰਘ, ਡੀ.ਐਸ.ਪੀ. ਸਬ ਡਵੀਜ਼ਨ ਸੁਰਿੰਦਰ ਕੁਮਾਰ ਅਤੇ ਥਾਣਾ ਸਿਟੀ ਮੁਖੀ ਪਹੁੰਚੇ ਹੋਏ ਹਨ। ਇਸ ਮੌਕੇ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ’ਤੇ ਡੀ.ਐਸ.ਪੀ. ਸਬ ਡਵੀਜ਼ਨ ਦਫ਼ਤਰ ਦੇ ਨਜ਼ਦੀਕ ਪ੍ਰਦਰਸ਼ਨ ਕਰ ਰਹੀ ਆਪ ਉਮੀਦਵਾਰ ਮੰਜੂ ਰਾਣਾ ਨੇ ਅਰੋਪ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਰਕਰਾਂ ਨੂੰ ਪੋਸਟਰ ਲਗਾਉਂਣ ਤੋਂ ਰੋਕਿਆ ਗਿਆ ਹੈ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਪੁਲਿਸ ਨੇ ਕਾਬੂ ਕਰ ਲਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਪਹਿਲਾਂ ਵੀ ਵਿਧਾਇਕ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ ਉਸ ’ਤੇ ਵੀ ਪੁਲਿਸ ਪ੍ਰਸਾਸ਼ਨ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਪੂਰਥਲਾ ਦੀ ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਨਾਲ ਵਿਧਾਇਕ ਦੇ ਹੱਕ ਵਿਚ ਕੰਮ ਕਰ ਰਿਹਾ ਹੈ। ਉਧਰ ਇਸ ਸਬੰਧ ਵਿੱਚ ਐਸ.ਪੀ. ਜਸਬੀਰ ਸਿੰਘ ਦਾ ਕਹਿਣਾ ਹੈ ਕਿ ਜੋ ਨੌਜਵਾਨ ਪੁਲਿਸ ਵੱਲੋਂ ਚੁੱਕੇ ਗਏ ਹਨ ਉਨ੍ਹਾਂ ਨੌਜਵਾਨਾਂ ਦੇ ਖਿਲਾਫ਼ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਸਨ ਅਤੇ ਇਨ੍ਹਾਂ ਵਿਚੋਂ ਇਕ ਤੇ ਮਾਨਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਸੀ ਅਤੇ ਪੁਲਿਸ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈ।

Comment here