ਵਿਸ਼ੇਸ਼ ਲੇਖ

ਆਪਸੀ ਸੋਚ ਤੇ ਮਾਂ ਬੋਲੀ

ਸਾਡੇ ਭਾਰਤੀ ਲੋਕ ਚਾਅ ਕਿ ਵੀ ਬਾਹਰਲੇ ਮੁਲਖਾਂ ਦੇ ਲੋਕਾਂ ਵਰਗੇ ਨਹੀਂ ਬਣ ਸਕਦੇ। ਜਿੱਥੇ ਜਾਕੇ ਸਾਡੇ ਭਾਰਤੀਆਂ ਦੀ ਸੋਚਣ ਸ਼ਕਤੀ ਖ਼ਤਮ ਹੁੰਦੀਂ ਹੈ, ਉਥੋਂ ਤਾਂ ਵਿਦੇਸ਼ੀ ਲੋਕ ਆਪਣੀ ਸੋਚ ਦੀ ਸ਼ੁਰੂਆਤ ਕਰਦੇ ਨੇ। ਜੇਕਰ ਉਥੋਂ ਦੇ ਲੋਕ ਛੋਟੇ ਕੱਪੜੇ ਵੀ ਪਾਉਂਦੇ ਨੇ ਤਾਂ ਉਨ੍ਹਾਂ ਦੀ ਸੋਚ ਵੀ ਉਨ੍ਹਾਂ ਦੇ ਕੱਦ ਨਾਲੋਂ  ਕਈ ਗੁਣਾ ਉੱਚੀ ਹੈ। ਉਥੇ ਹੀ ਸਾਡੇ ਭਾਰਤੀ ਸਮਾਜ ਵਿਚ ਕੱਪੜੇ ਜਿਨ੍ਹੇ ਵੱਡੇ ਹਨ ਲੋਕਾਂ ਦੀ ਸੋਚ ਉਸ ਤੋਂ ਵੀ ਵੱਧ ਛੋਟੀ ਰਹਿ ਜਾਂਦੀ ਹੈ।
ਤੁਸੀਂ ਕਿਸੇ ਵੀ ਵਿਦੇਸ਼ੀ ਮੁਲਖ ਦਾ ਇਤਿਹਾਸ ਜਾਂ ਸਭਿਆਚਾਰ ਪੜ੍ਹਕੇ ਦੇਖ ਲਵੋਂ। ਉਥੋਂ ਦੇ ਲੋਕ ਆਪਣੀ ਕੌਮ ਆਪਣੇ ਧਰਮ ਆਪਣੇ ਸਭਿਆਚਾਰ ਆਪਣੀ ਬੋਲੀ ਪ੍ਰਤੀ ਬਹੁਤ ਵਫ਼ਾਦਾਰ ਨੇ।
ਉਹ ਲੋਕ ਪਹਿਲਾਂ ਆਪਣੇ ਸਭਿਆਚਾਰ ਆਪਣੀ ਬੋਲੀ ਨੂੰ ਅਹਿਮੀਅਤਾਂ ਦਿੰਦੇ ਨੇ ਅਤੇ ਦੂਜੀ ਬੋਲੀ ਜਾਂ ਕਿਸੇ ਹੋਰ ਸਭਿਆਚਾਰ ਨੂੰ ਜ਼ਲਦੀ ਕਿਤੇ ਵਰਤੋਂ ਵਿੱਚ ਨਹੀਂ ਲਿਆਉਂਦੇ।
ਉਥੇ ਹੀ ਦੂਜੀ ਔਰ ਸਾਡੇ ਭਾਰਤੀ ਲੋਕ ਜੋ ਗੱਲਾਂ ਵਿਚ ਤਾਂ ਆਪਣੇ ਸਭਿਆਚਾਰ ਆਪਣੀ ਬੋਲੀ ਨੂੰ ਸੱਭ ਤੋਂ ਪੁਰਾਣਾ ਦੱਸਦੇ ਨੇ, ਉਥੇ ਹੀ ਇਹ ਲੋਕ ਆਏ ਦਿਨ ਵਿਦੇਸ਼ੀ ਬੋਲੀ ਅਤੇ ਉਥੋਂ ਦੇ ਸਭਿਆਚਾਰ ਨੂੰ ਅਪਨਾਉਣ ਵਿੱਚ ਲੱਗੇ ਹੋਏ ਨੇ। ਆਪਣੀ ਮਾਂ ਬੋਲੀ ਤੋਂ ਪਹਿਲਾਂ ਉਹ ਅੰਗਰੇਜ਼ੀ ਨੂੰ ਅਹਿਮੀਅਤਾਂ ਦਿੰਦੇ ਨੇ, ਅੰਗਰੇਜ਼ੀ ਭਾਸ਼ਾ ਨੂੰ ਆਪਣੀ ਮਾਂ ਬੋਲੀ ਦੇ ਨਾਲ ਤੋਲਦੇ ਨੇ। ਇਹ ਸੱਭ ਕੁਝ ਜ਼ਿਆਦਾਤਰ ਭਾਰਤੀ ਸੰਸਕ੍ਰਿਤੀ ਵਿੱਚ ਹੀ ਵੇਖਣ ਨੂੰ ਮਿਲਦਾ ਹੈ।
ਜੇਕਰ ਅਸੀਂ ਹੁਣ ਗੱਲ ਵਿਦੇਸ਼ੀ ਸਭਿਆਚਾਰ ਦੀ ਕਰੀਏ ਤਾਂ ਉਥੋਂ ਦੇ ਲੋਕ ਸੱਭ ਤੋਂ ਪਹਿਲਾਂ ਆਪਣੀ ਮਾਂ ਬੋਲੀ ਨੂੰ ਮੁੱਖ ਰੱਖਕੇ ਗੱਲ ਕਰਦੇ ਨੇ। ਉਹ ਬੋਲੀ ਭਾਵੇਂ ਅੰਗਰੇਜ਼ੀ, ਫ਼ਾਰਸੀ, ਫ੍ਰੇੰਚ, ਰਸ਼ੀਅਨ ਆਦਿ ਹੀ ਕਿਉਂ ਨਾ ਹੋਵੇ। ਉਥੋਂ ਦੇ ਲੋਕ ਆਪਣੀ ਮਾਂ ਬੋਲੀ ਆਪਣੀ ਭਾਸ਼ਾ ਨੂੰ ਬੋਲਣ ਲਿਖਣ ਲੱਗੇ ਮਾਨ ਮਹਿਸੂਸ ਕਰਦੇ ਨੇ।
ਬੇਸ਼ਕ ਅੰਗਰੇਜ਼ੀ ਨੂੰ ਦੁਨੀਆਂ ਦੇ ਵਿੱਚ ਸੱਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਜਾਣਿਆ ਜਾਂਦਾ ਹੈ, ਪਰ ਉਥੇ ਇਹ ਵੀ ਨਾ ਭੁੱਲੋ ਕਿ ਕਈ ਦੇਸ਼ਾਂ ਵਿਚ ਅੰਗਰੇਜ਼ੀ ਬੋਲੀ ਤੋਂ ਵੱਧ ਉਸੇ ਦੇਸ਼ ਦੀ ਮਾਤਭਾਸ਼ਾ ਬੋਲੀ ਜਾਂਦੀ ਹੈ।
ਜੇਕਰ ਤੁਹਾਨੂੰ ਉਸ ਦੇਸ਼ ਦੀ ਬੋਲੀ ਨਹੀਂ ਆਉਂਦੀ ਤਾਂ ਤੁਸੀਂ ਉਥੇ ਕਿਸੇ ਵੀ ਕੰਮ ਦੇ ਨਹੀਂ, ਬੇਸ਼ਕ ਤੁਹਾਨੂੰ ਅੰਗਰੇਜ਼ੀ ਜਿੰਨੀ ਮਰਜ਼ੀ ਆਉਂਦੀ ਹੋਵੇ। ਯੂਰੋਪ ਵਰਗੇ ਦੇਸ਼ਾਂ ਵਿਚ ਵੀ ਅੰਗਰੇਜ਼ੀ ਕਾਫ਼ੀ ਹੱਦ ਤੱਕ ਬੋਲੀ ਜਾਂਦੀ ਹੈ ਪਰ ਉਸਤੋਂ ਹੱਟ ਜੇ ਤੁਹਾਨੂੰ ਯੂਰੋਪ ਦੇ ਵਿੱਚ ਜਰਮਨ ਜਾਂ ਫ੍ਰੇੰਚ ਨਹੀਂ ਆਉਂਦੀ ਤਾਂ ਤੁਸੀਂ ਉਸ ਇਨਸਾਨ ਵਰਗੇ ਹੋ, ਜਿਸ ਦੇ ਕੋਲ ਬੈੰਕ ਵਿੱਚ ਕਰੋੜਾਂ ਦੇ ਹਿਸਾਬ ਨਾਲ਼ ਪੈਸੇ ਨੇ ਪਰ ਉਸ ਕੋਲ ਏ.ਟੀ.ਐਮ ਅਤੇ ਚੈੱਕ ਬੁੱਕ ਨਹੀਂ ਹੈ।
ਨਵੀਂ ਭਾਸ਼ਾ ਨੂੰ ਸਿੱਖਣਾ ਅਤੇ ਉਸ ਭਾਸ਼ਾ ਦੀ ਸਹਾਇਤਾ ਨਾਲ ਵੱਖ ਵੱਖ ਦੇਸ਼ਾਂ ਦੇ ਇਤਿਹਾਸ ਤੋਂ ਜਾਣੂ ਹੋਣਾ ਵੱਖਰੀ ਗੱਲ ਹੈ, ਪਰ ਨਵੀਂ ਭਾਸ਼ਾ ਨੂੰ ਸਿੱਖਣ ਦੀ ਆੜ ਵਿੱਚ ਆਪਣੀ ਉਸ ਭਾਸ਼ਾ ਜਾਂ ਉਸ ਬੋਲੀ ਨੂੰ ਨੀਵਾਂ ਕਰਨਾ, ਜਿਸ ਨੇ ਤੁਹਾਨੂੰ ਤੁਹਾਡੇ ਜਨਮ ਤੋਂ ਲੈਕੇ ਤੁਹਾਨੂੰ ਕੁਝ ਨਵਾਂ ਸਿੱਖਣ ਦੇ ਕਾਬੀਲ ਕੀਤਾ। ਜਿਸ ਬੋਲੀ ਨੇ ਤੁਹਾਡੇ ਮੂੰਹੋ ਪਹਿਲੀ ਵਾਰ ਮਾਂ-ਪਿਉ ਨੂੰ ਪੁਕਾਰਿਆ ਹੈ। ਉਸ ਮਾਂ ਬੋਲੀ, ਉਸ ਭਾਸ਼ਾ ਨੂੰ ਹੋਰਾਂ ਭਾਸ਼ਾਵਾਂ ਦੇ ਮੁਕਾਬਲੇ ਛੋਟਾ ਸਮਝ ਉਸ ਨੂੰ ਭੁੱਲ ਜਾਣਾ ਜਾਂ ਉਸਨੂੰ ਬੋਲਣ ਲੱਗੇ ਸੰਗ ਮਹਿਸੂਸ ਕਰਨਾ। ਉਸ ਇਨਸਾਨ ਦੀ ਤਰਾਂ ਹੈ ਜੋ ਨਸ਼ੇ ਦੀ ਲੋ ਵਿਚ ਮਸਤ ਆਪਣੇ ਅਗਲੇ ਦਿਨ ਦੇ ਨਸ਼ੇ ਵਾਸਤੇ ਆਪਣੀ ਹੀ ਮਾਂ ਨੂੰ ਮਾਰ ਉਸਦੇ ਗਹਿਣੇ ਤੱਕ ਵੇਚ ਦਿੰਦਾ ਹੈ।
ਤਾ ਇਸ ਕਰਕੇ ਨਵਾਂ ਕੁਝ ਵੀ ਸਿੱਖੋ ਕੋਈ ਵੀ ਨਵੀਂ ਭਾਸ਼ਾ ਦਾ ਗਿਆਨ ਹਾਸਲ ਕਰੋ ਤਾਂ ਜੋ ਤੁਸੀਂ ਉਸ ਸਿੱਖੀ ਹੋਈ ਭਾਸ਼ਾ ਦੇ ਜਰੀਏ ਉਸ ਦੇਸ਼ ਦਾ ਇਤਿਹਾਸ ਜਾਣ ਸਕੋ, ਉਸ ਦਾ ਪੁਰਾਤਨ ਸਭਿਆਚਾਰ ਸਿਆਣ ਸਕੋ। ਵਿਦੇਸ਼ੀ ਮੁਲਖਾਂ ਨੂੰ ਵੇਖ ਆਪਣੀ ਸੋਚ ਨੂੰ ਬਦਲਿਆ ਜਾਏ ਨਾਕਿ ਆਪਣੇ ਪਹਿਰਾਵੇ ਆਪਣੀ ਬੋਲੀ ਆਪਣੀ ਸੰਸਕ੍ਰਿਤ ਨੂੰ ਬਦਲਿਆ ਜਾਏ । ਯਾਦ ਰੱਖਣਾ ਜੋ ਆਪਣੀ ਨੀਂਹ ਆਪਣਾ ਪਿਛੋਕੜ ਭੁੱਲ ਜਾਂਦਾ ਹੈ ਦੁਨੀਆਂ ਵੀ ਉਸ ਨੂੰ ਭੁੱਲਣ ਲੱਗਏ ਬਹੁਤਾ ਸਮਾਂ ਨਹੀਂ ਲਾਉਂਦੀ।

-ਜਸਕੀਰਤ ਸਿੰਘ

Comment here