ਆਪ ਦੀ ਸਿਆਸੀ ਵਾਸ਼ਿੰਗ ਮਸ਼ੀਨ ਚ ਘਚੱਲੇ ਜਾ ਰਹੇ ਨੇ ਹੋਰ ਸਿਆਸੀ ਪਾਰਟੀਆਂ ਦੇ ਨੇਤਾ
ਮਾਝੇ ਮਾਲਵੇ ਚ ਕਾਂਗਰਸ ਤੇ ਭਾਜਪਾ ਨੂੰ ਮਾਰ, ਬਿਹਾਰੀ ਵੋਟਰਾਂ ਤੇ ਵੀ ਨਜ਼ਰ
ਚੰਡੀਗੜ-ਤਾਂ ਕੀ ਕੈਰੋਂ ਪਰਿਵਾਰ ਆਮ ਆਦਮੀ ਪਾਰਟੀ ਚ ਜਾ ਰਿਹਾ ਹੈ? ਕੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣਗੇ? ਅਜਿਹੇ ਸਵਾਲਾਂ ਨਾਲ ਸੋਸ਼ਲ ਮੀਡੀਆ ਤੇ ਸਿਆਸਤ ਚ ਦਿਲਚਸਪੀ ਰੱਖਣ ਵਾਲਿਆਂ ਚ ਖੂਬ ਚਰਚਾ ਹੋ ਰਹੀ ਹੈ। ਸ਼ੋਸ਼ਲ ਮੀਡੀਆ ’ਤੇ ਕੈਰੋਂ ਪਰਿਵਾਰ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿਣ ਦੀਆਂ ਪੋਸਟਾਂ ਆ ਰਹੀਆਂ ਹਨ। ਪਰ ਹੈਰਾਨੀ ਹੈ ਕਿ ਇਸ ਬਾਰੇ ਕੈਰੋਂ ਪਰਿਵਾਰ ਨੇ ਤੇ ਖੁਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਘੇਸਲੀ ਚੁੱਪ ਵੱਟੀ ਹੋਈ ਹੈ, ਲੰਘੇ ਦਿਨ ਤਾਂ ਇਸ ਬਾਰੇ ਮੀਡੀਆ ਵਲੋਂ ਸਵਾਲ ਕੀਤੇ ਜਾਣ ਤੇ ਆਦੇਸ਼ ਹੁਰਾਂ ਨੇ ਕਿਹਾ ਕਿ ਉਹ ਰੁੱਝੇ ਹੋਏ ਨੇ, ਇਸ ਕਰਕੇ ਹਾਲ ਦੀ ਘੜੀ ਜੁਆਬ ਨਹੀਂ ਦੇਣਗੇ, ਬਾਅਦ ਵਿੱਚ ਇਸ ਸਬੰਧੀ ਗੱਲਬਾਤ ਕਰਨਗੇ। ਆਮ ਆਦਮੀ ਪਾਰਟੀ ਵੀ ਇਸ ਬਾਰੇ ਚੁੱਪ ਗੜੁੱਪ ਹੈ।
ਪਰ ਆਮ ਆਦਮੀ ਪਾਰਟੀ ਵੱਡੀਆਂ ਸੰਨਾਂ ਹੋਰ ਪਾਰਟੀਆਂ ਚ ਲਾ ਰਹੀ ਹੈ। ਮਾਲਵੇ ਵਿਚ ਪਹਿਲਾਂ ਵੱਡੇ ਸਿਆਸੀ ਨੇਤਾ, ਜਿਹਨਾਂ ਦਾ ਅਕਾਲੀ ਤੇ ਕਾਂਗਰਸੀ ਦੋਵਾਂ ਹਲਕਿਆਂ ਚ ਵਾਹਵਾ ਪ੍ਰਭਾਵ ਹੈ, ਕੈਪਟਨ ਦੇ ਕਰੀਬੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਕਿਆਂ ਦਾ ਪੱਲਾ ਜਾ ਫੜਿਆ ਤੇ ਹੁਣ ਮਨਪ੍ਰੀਤ ਬਾਦਲ ਦੇ ਸਾਥੀ ਅਤੇ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਆਪਣੇ ਸੈਂਕੜੇ ਸਾਥੀਆਂ ਨਾਲ ਆਪ ਚ ਸ਼ਾਮਲ ਹੋ ਗਏ। ਮਾਝੇ ‘ਚ ਭਾਜਪਾ ਨੂੰ ਸੰਨ ਲਾਉਂਦਿਆਂ ਗੁਰਦਾਸਪੁਰ ਤੋਂ ਜ਼ਿਲ੍ਹਾ ਉਪ ਪ੍ਰਧਾਨ ਹਰਵਿੰਦਰ ਸਿੰਘ ਮੱਲੀ ਅਤੇ ਜਰਨਲ ਸਕੱਤਰ ਹਰਬੰਸ ਸਿੰਘ ਤੇ ਕਈ ਹੋਰ ਭਾਜਪਾ ਆਗੂਆਂ ਨੂੰ ਆਪਕਿਆਂ ਦੀ ਸਿਆਸੀ ਦਾਗ ਧੋਣ ਵਾਲੀ ਵਾਸ਼ਿੰਗ ਮਸ਼ੀਨ ਚ ਘਚੱਲ ਲਿਆ ਗਿਆ ਹੈ।
ਬਿਹਾਰੀ ਵੋਟਰਾਂ ਤੇ ਰੱਖੀ ਅੱਖ
ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਰਹਿੰਦੇ ਬਿਹਾਰੀ ਭਾਈਚਾਰੇ ਦੇ ਵੋਟਰਾਂ ’ਤੇ ਵੀ ਅੱਖ ਟਿਕਾਈ ਹੋਈ ਹੈ। ਬਿਹਾਰੀ ਭਾਈਚਾਰੇ ਦਾ ਸਮਰਥਨ ਲੈਣ ਲਈ ਆਪ ਦੇ ਚਾਰ ਵਿਧਾਇਕਾਂ ਨੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨਾਲ ਹੱਥ ਮਿਲਾਇਆ ਹੈ। ਕੁਲਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਰੋੜੀ ਕੁਲਵੰਤ ਸਿੰਘ ਪੰਡੋਰੀ ਤੇ ਅਮਰਜੀਤ ਸਿੰਘ ਸੰਦੋਆ ਅਤੇ ਯੂਥ ਆਗੂ ਹਰਜੋਤ ਸਿੰਘ ਬੈੰਸ ਨੇ ਪਟਨਾ ਵਿਖੇ ਤੇਜਸਵੀ ਯਾਦਵ ਨਾਲ ਮੁਲਾਕਾਤ ਕੀਤੀ ਹੈ। ਬਿਹਾਰ ਅਤੇ ਯੂ ਪੀ ਦੇ ਮੂਲ ਵਾਸੀ ਵੱਡੀ ਗਿਣਤੀ ਵਿਚ ਪੰਜਾਬ ’ਚ ਰਹਿ ਰਹੇ ਹਨ ਖਾਸ ਕਰਕੇ ਜਲੰਧਰ, ਲੁਧਿਆਣਾ, ਗੋਬਿੰਦਗੜ੍ਹ, ਅੰਮ੍ਰਿਤਸਰ, ਖੰਨਾ, ਮੋਹਾਲੀ ਸਮੇਤ ਜਿਥੇ ਉਦਯੋੋਗਿਕ ਖੇਤਰ ਸਥਾਪਿਤ ਹਨ , ਓਥੇ ਇਹਨਾਂ ਦੀ ਵੱਡੀ ਗਿਣਤੀ ਹੈ। ਹਰਪਾਲ ਸਿੰਘ ਚੀਮਾ ਨੇ ਇਸ ਮੁੱਦੇ ’ਤੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਸੀਂ ਤਾਂ ਤਖ਼ਤ ਸ੍ਰੀ ਪਟਨਾ ਸਾਹਿਬ ਮੱਥਾ ਟੇਕਣ ਗਏ ਸੀ। ਉਨ੍ਹਾਂ ਦੇ ਇਕ ਸਾਥੀ ਦੇ ਤੇਜਸਵੀ ਯਾਦਵ ਨਾਲ ਦੋਸਤਾਨਾਂ ਸਬੰਧ ਹਨ ਅਤੇ ਉਨ੍ਹਾਂ ਦੇ ਪਟਨਾ ਆਉਣ ਦਾ ਪਤਾ ਲੱਗਣ ’ਤੇ ਤੇਜਸਵੀ ਯਾਦਵ ਨੇ ਚਾਹ ਦੇ ਕੱਪ ’ਤੇ ਬੁਲਾ ਲਿਆ। ਇਹ ਸਿਰਫ਼ ਸ਼ਿਸ਼ਟਾਚਾਰ ਮਿਲਣੀ ਸੀ ਇਸਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ। ।
Comment here