ਸਿਆਸਤਖਬਰਾਂਚਲੰਤ ਮਾਮਲੇ

ਆਪਕਿਆਂ ਦਾ ਅਕਾਲੀ-ਕਾਂਗਰਸੀਆਂ ਤੇ ਹੱਲਾ ਬੋਲ

ਚੰਡੀਗੜ- ਚੱਲ ਰਹੇ ਚੋਣ ਵਰੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਵਾਹਵਾ ਸਰਗਰਮ ਹੈ, ਪਾਰਟੀ ਆਗੂਆਂ ਨੇ ਸੱਤਾਧਾਰੀ ਕਾਂਗਰਸ ਚ ਚੱਲ ਰਹੇ ਕਾਟੋ-ਕਲੇਸ਼ ਨੂੰ  ਸੂਬੇ ਦੇ ਲੋਕਾਂ ਦੀ ਬਦਕਿਸਮਤੀ ਕਰਾਰ ਦਿੰਦੇ ਹੋਏ ਕਿਹਾ ਕਿ ਸਾਲ 2017 ‘ਚ ਵੱਡੇ- ਵੱਡੇ ਲਿਖਤੀ ਲਾਰਿਆਂ ਨਾਲ ਪਹਿਲਾਂ ਕੁਰਸੀ ਲੁੱਟੀ ਅਤੇ ਹੁਣ ਇਸ ਕੁਰਸੀ ਲਈ ਆਪਸ ‘ਚ ਲੜ ਰਹੇ ਹਨ ਜਿਸ ਕਾਰਨ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਹੋ ਰਿਹਾ ਹੈ। ਪਾਰਟੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਨਵਜੋਤ ਸਿਧੂ ਸਮੇਤ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਵਾਲ ਕੀਤਾ ਕਿ ਜਦ ਸਾਡੀ ਪਾਰਟੀ ਕੈਪਟਨ ਸਰਕਾਰ ਕੋਲੋਂ ਮਾਫ਼ੀਆ, ਮਾਰੂ ਨੀਤੀਆਂ ਅਤੇ ਹੋਰ ਅਹਿਮ ਮੁੱਦਿਆਂ ਉੱਤੇ ਵਿਧਾਨ ਸਭਾ ਦੇ ਅੰਦਰ ਜਾਂ ਬਾਹਰ ਜਵਾਬ ਮੰਗਦੀ ਸੀ, ਉਦੋਂ ਰੰਧਾਵਾ, ਚੰਨੀ ਅਤੇ ਦੂਜੇ ਮੰਤਰੀ ਤੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੀ ਢਾਲ ਕਿਉਂ ਬਣਦੇ ਰਹੇ? ਨਵਜੋਤ ਸਿੰਘ ਸਿੱਧੂ ਮਹੀਨਿਆਂ ਬੱਧੀ ਮੌਨ ਧਾਰ ਕੇ ਸਰਕਾਰ ਦੀ ਅਸਿੱਧੀ ਹਿਮਾਇਤ ਕਿਉਂ ਕਰਦੇ ਰਹੇ? ਜੇਕਰ ਕਾਂਗਰਸੀ ਮੰਤਰੀ ਅਤੇ ਵਿਧਾਇਕ ਕੈਪਟਨ ਸਰਕਾਰ ਤੋਂ ਇਸ ਕਦਰ ਦੁਖੀ ਹਨ ਤਾਂ ਅਸਤੀਫ਼ੇ ਦੇ ਕੇ ਸਰਕਾਰ ਦਾ ਭੋਗ ਕਿਉਂ ਨਹੀਂ ਪਾ ਰਹੇ? ਵਜ਼ੀਰੀ ਛੱਡੇ ਬਿਨਾਂ ਮੁੱਖ ਮੰਤਰੀ ਦੀ ਕੁਰਸੀ ਖੋਹ ਕੇ ਰਹਿੰਦੇ ਪੰਜ ਮਹੀਨਿਆਂ ‘ਚ ਕਿਹੜੀ ਕ੍ਰਾਂਤੀ ਲਿਆਉਣਗੇ? ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਉਹ ਸੱਚਮੁੱਚ ਪੰਜਾਬ ਹਿਤੈਸ਼ੀ ਹਨ ਤਾਂ ਤੁਰੰਤ ਸਰਕਾਰ ਡੇਗਣ ਅਤੇ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣ। ਇੱਕ ਵਖਰੇ ਬਿਆਨ ਵਿੱਚ ਆਪ ਆਗੂਆਂ ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਕਿਸਾਨਾਂ, ਜਨਤਾ ਅਤੇ ਵਿਰੋਧੀ ਧਿਰ ਦੇ ਸਵਾਲਾਂ ਤੋਂ ਭੱਜਣ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਮਾਰੂ ਮਾਫ਼ੀਆ ਰਾਜ ਦੀਆਂ ਜੜ੍ਹਾਂ ਸਥਾਪਿਤ ਕਰਕੇ ਅੱਜ ‘ਪੰਜਾਬ ਦੀ ਗੱਲ’ ਕਰ ਰਹੇ ਸੁਖਬੀਰ ਬਾਦਲ ਸਵਾਲਾਂ ਦੇ ਜਵਾਬ ਦੇਣ ਤੋਂ ਇਸ ਲਈ ਬੌਖ਼ਲਾ ਰਹੇ ਹਨ, ਕਿਉਂਕਿ ‘ਚੋਰ ਦੇ ਪੈਰ’ ਨਹੀਂ ਹੁੰਦੇ। ਇਨ੍ਹਾਂ ਦੇ ਰਾਜ ਵਿਚ  ਬੇਅਦਬੀ ਹੋਈ, ਫੇਰ ਇਨਸਾਫ਼ ਮੰਗਦੀ ਨਾਨਕ ਨਾਮ ਲੇਵਾ ਸੰਗਤ ’ਤੇ ਜਲਿਆਂਵਾਲਾ ਬਾਗ ਵਾਂਗ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲਾ ‘ਜਨਰਲ ਡਾਇਰ’ ਕੌਣ ਸੀ? ਸੁਖਬੀਰ ਬਾਦਲ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈ। ਆਪ ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਚੁਣੌਤੀ ਭਰੇ ਹਲਾਤਾਂ ਵਿਚ ਸੁੱਟ ਕੇ ਬਰਬਾਦ ਕਰਨ ਵਾਲੇ ਸੁਖਬੀਰ ਬਾਦਲ ਸਮੇਤ ਸਮੁੱਚੀ ਬਾਦਲ ਐਂਡ ਕੰਪਨੀ ਸੂਬੇ ਦੇ ਲੋਕਾਂ ਵਲੋਂ ਪੁੱਛੇ ਜਾ ਰਹੇ ਸਵਾਲਾਂ ਤੋਂ ਬਚ ਨਹੀਂ ਸਕਦੀ।

 

Comment here