ਵਾਤਾਵਰਨ ਮਨੁੱਖ ਜਾਤੀ ਨੂੰ ਕੁਦਰਤ ਦੀ ਬਖ਼ਸ਼ੀ ਹੋਈ ਉਹ ਨਿਆਮਤ ਹੈ, ਜਿਸ ਸਦਕਾ ਇਸ ਧਰਤੀ ‘ਤੇ ਜੀਵ ਮੰਡਲ ਦੀ ਹੋਂਦ ਸੰਭਵ ਹੋਈ ਹੈ। ਵਿਗਿਆਨਕ ਸ਼ਬਦਾਂ ਵਿਚ ਕਹੀਏ ਤਾਂ ਵਾਤਾਵਰਨ ਧਰਤੀ ਦੁਆਲੇ ਫੈਲਿਆ ਹੋਇਆ ਹਵਾ ਦਾ ਗਿਲਾਫ਼ ਹੈ, ਜਿਸ ਵਿਚ ਵੱਖ-ਵੱਖ ਗੈਸਾਂ ਇਕ ਨਿਸਚਿਤ ਅਨੁਪਾਤ ਵਿਚ ਮਿਲਦੀਆਂ ਹਨ। ਪਰ ਆਧੁਨਿਕੀਕਰਨ ਦੀ ਦੌੜ ਵਿਚ ਮਨੁੱਖ ਸ਼ਾਇਦ ਇਹ ਵਿਸਾਰ ਚੁੱਕਾ ਹੈ ਕਿ ਜੇ ਇਹ ਅਨੁਪਾਤ ਥੋੜ੍ਹਾ ਵੀ ਗੜਬੜਾ ਜਾਵੇ ਤਾਂ ਨਤੀਜੇ ਕਿੰਨੇ ਖੌਫ਼ਨਾਕ ਹੋ ਸਕਦੇ ਹਨ। ਆਧੁਨਿਕੀਕਰਨ ਦੀ ਕੀਮਤ ਸ਼ਾਇਦ ਹੀ ਦੁਨੀਆ ਦੇ ਕਿਸੇ ਹੋਰ ਸਮਾਜ ਨੇ ਏਨੇ ਭਿਆਨਕ ਤਰੀਕੇ ਨਾਲ ਚੁਕਾਈ ਹੋਵੇ, ਜਿਸ ਤਰੀਕੇ ਨਾਲ ਪੰਜਾਬ ਜਾਂ ਪੰਜਾਬੀਆਂ ਨੂੰ ਇਹ ਚੁਕਾਉਣੀ ਪੈ ਰਹੀ ਹੈ। ਜਿਸ ਧਰਤੀ ‘ਤੇ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਮਿਲਿਆ ਹੋਵੇ, ਉੱਥੇ ਇਨ੍ਹਾਂ ਤਿੰਨਾਂ ਦੀ ਹੀ ਬੇਕਿਰਕੀ ਨਾਲ ਕੀਤੀ ਜਾ ਰਹੀ ਬੇਕਦਰੀ ਗੰਭੀਰ ਚਿੰਤਾ ਦਾ ਕਾਰਨ ਬਣਦੀ ਹੈ।
ਜਿਸ ਸੂਬੇ ਦਾ ਮੁੱਢ ਕਦੀਮ ਤੋਂ ਲੈ ਕੇ ਨਾਮਕਰਨ ਹੀ ਪਾਣੀਆਂ ਦੇ ਆਧਾਰ ‘ਤੇ ਹੋਇਆ ਹੋਵੇ, ਉੱਥੇ ਪੀਣ ਲਈ ਪਾਣੀ ਵੀ ਮੁੱਲ ਵਿਕਣਾ ਹੈਰਾਨੀਜਨਕ ਦੇ ਨਾਲ-ਨਾਲ ਚਿੰਤਾਜਨਕ ਵੀ ਹੈ। ਪਾਣੀ ਪ੍ਰਦੂਸ਼ਣ ਤੇ ਹਵਾ ਪ੍ਰਦੂਸ਼ਣ ਆਧੁਨਿਕਤਾ ਨੂੰ ਪੇਸ਼ ਅਜਿਹੇ ਮਸਲੇ ਹਨ, ਜਿਨ੍ਹਾਂ ‘ਤੇ ਵਿਸ਼ਵ ਵਿਆਪੀ ਸੰਸਥਾਵਾਂ ਵੀ ਚਿੰਤਾ ਪ੍ਰਗਟ ਕਰ ਰਹੀਆਂ ਹਨ। ਜਦੋਂ ਕਦੇ ਕਿਸੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਸੰਸਥਾ ਦੀ ਅਜਿਹੀ ਰਿਪੋਰਟ ‘ਤੇ ਨਿਗ੍ਹਾ ਪੈਂਦੀ ਹੈ, ਜੋ ਕਹਿੰਦੀ ਹੈ ਕਿ ਜੇ ਇਹੀ ਹਾਲਾਤ ਰਹੇ ਤਾਂ ਬਹੁਤ ਜਲਦ ਪੰਜ ਦਰਿਆਵਾਂ ਦੀ ਧਰਤੀ ਮਾਰੂਥਲ ਵਿਚ ਤਬਦੀਲ ਹੋ ਜਾਵੇਗੀ ਤਾਂ ਰੀੜ੍ਹ ਸਰਦ ਹੋਣ ਲਗਦੀ ਹੈ। ਕਾਫੀ ਹਿੱਸਿਆਂ ਵਿਚ ਹਾਲਾਤ ਅੱਜ ਵੀ ਸਾਜ਼ਗਾਰ ਨਹੀਂ ਹਨ। ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਭਿਆਨਕ ਤੋਹਫ਼ਾ ਤਿਆਰ ਕਰਨ ਵਿਚ ਯੋਗਦਾਨ ਪਾ ਰਹੇ ਹਾਂ। ਬਹੁਤ ਸੰਭਵ ਲਗਦਾ ਹੈ ਕਿ ਅਸੀਂ ਅਜਿਹੀ ਪੀੜ੍ਹੀ ਦੇ ਲੋਕ ਹੋਵਾਂਗੇ ਜੋ ਖੁਸ਼ਨਸੀਬ ਹਾਲਾਤ ਵਿਚ ਤਾਂ ਜਨਮੇ ਪਰ ਆਉਣ ਵਾਲੀਆਂ ਨਸਲਾਂ ਨੂੰ ਉਹ ਕੁਦਰਤੀ ਸੌਗਾਤਾਂ ਦੇਣ ਵਿਚ ਅਸਫਲ ਰਹੇ, ਜੋ ਸਾਨੂੰ ਵਿਰਾਸਤ ਵਿਚ ਮਿਲੀਆਂ ਸਨ। ਹਰੇਕ ਤਰ੍ਹਾਂ ਦਾ ਪ੍ਰਦੂਸ਼ਣ ਗ਼ੈਰ-ਜ਼ਰੂਰੀ ਨਹੀਂ ਹੁੰਦਾ। ਜੀਵਨ ਨੂੰ ਗਤੀਸ਼ੀਲ ਰੱਖਣ ਲਈ ਕੁਝ ਸਰਗਰਮੀਆਂ ਜ਼ਰੂਰੀ ਹੁੰਦੀਆਂ ਹਨ। ਪਰ ਕੁਦਰਤ ਦੀ ਗੋਦ ਵਿਚ ਹਰ ਚੀਜ਼ ਦਾ ਏਨਾ ਵਧੀਆ ਬੰਦੋਬਸਤ ਹੈ ਕਿ ਜੇਕਰ ਮਨੁੱਖ ਮੁਨਾਫ਼ੇ ਦੀ ਦੌੜ ਵਿਚ ਲੱਗ ਕੇ ਕੁਦਰਤ ਦੇ ਕੰਮ ਵਿਚ ਦਖ਼ਲਅੰਦਾਜ਼ੀ ਨਾ ਕਰੇ ਤਾਂ ਲੋੜੀਂਦੇ ਕੰਮਾਂ ਕਰਕੇ ਹੋਣ ਵਾਲੇ ਪ੍ਰਦੂਸ਼ਣ ਨੂੰ ਜਜ਼ਬ ਕਰਨ ਦੀ ਵਾਤਾਵਰਨ ਸ਼ਕਤੀ ਰੱਖਦਾ ਹੈ। ਆਧੁਨਿਕੀਕਰਨ ਆਪਣੇ ਨਾਲ ਬਹੁਤ ਗ਼ੈਰ-ਲੋੜੀਂਦੇ ਕਾਰਕ ਵੀ ਲੈ ਕੇ ਆਇਆ ਹੈ, ਜਿਨ੍ਹਾਂ ਵਿਚ ਮੁਨਾਫ਼ੇ ਦੀ ਦਿਸ਼ਾਹੀਣ ਦੌੜ ਅਤੇ ਨੈਤਿਕਤਾ ਦਾ ਪਤਨ ਮੁੱਖ ਤੌਰ ‘ਤੇ ਸ਼ਾਮਿਲ ਹੈ। ਪਾਣੀ ਅਤੇ ਹਵਾ ਪ੍ਰਦੂਸ਼ਣ ਮੁਨਾਫ਼ੇ ਦੀ ਅੰਧਾਧੁੰਦ ਦੌੜ ਦਾ ਹੀ ਨਤੀਜਾ ਹੈ। ਮਿੱਟੀ ਦਾ ਪ੍ਰਦੂਸ਼ਣ ਮੁਨਾਫ਼ਾਖੋਰੀ ਦੀ ਬੁਰਾਈ ਵਿਚੋਂ ਹੀ ਨਿਕਲਿਆ ਹੈ। ਸੱਭਿਅਤਾ ਦੇ ਵਿਕਾਸ ਨਾਲ ਪ੍ਰਦੂਸ਼ਣ ਦੀਆਂ ਕੁਝ ਨਵੀਆਂ ਕਿਸਮਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਸ਼ੋਰ ਪ੍ਰਦੂਸ਼ਣ ਪ੍ਰਮੁੱਖ ਹੈ। ਕਈ ਵਾਰ ਸ਼ੋਰ ਪ੍ਰਦੂਸ਼ਣ ਦਾ ਸਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ, ਕਿਉਂਕਿ ਮਨੁੱਖ ਦੇ ਸੁਣਨ ਦੀ ਸੀਮਾ ਤੋਂ ਪਰ੍ਹੇ ਭਾਵ ਅਲਟਰਾਸਾਊਂਡ ਜਾਂ ਇਨਫਰਾਸਾਊਂਡ ਕੁਦਰਤੀ ਵਿਵਸਥਾ ਵਿਚ ਅਜਿਹੀ ਖਲਬਲੀ ਮਚਾਉਂਦੇ ਹਨ, ਜੋ ਸਾਡੀ ਸੋਚਣ ਸ਼ਕਤੀ ਤੋਂ ਵੀ ਦੂਰ ਦੀ ਗੱਲ ਹੋ ਨਿੱਬੜਦੀ ਹੈ। ਧਰਤੀਦੀ ਵਧ ਰਹੀ ਤਪਸ਼ ਅਤੇ ਮੌਸਮ ਦੀ ਤਬਦੀਲੀ ਵਿਕਰਾਲ ਰੂਪ ਧਾਰੀ ਸਾਡੇ ਸਾਹਮਣੇ ਖੜ੍ਹੇ ਹਨ। ਆਧੁਨਿਕ ਯੁੱਗ ਤਕਨੀਕ ਦਾ ਯੁੱਗ ਹੈ। ਮੋਬਾਈਲ, ਕੰਪਿਊਟਰ, ਟੀ.ਵੀ., ਬਿਜਲੀ ਆਦਿ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨੀ ਮੁਸ਼ਕਿਲ ਹੈ। ਪਰ ਸ਼ਾਇਦ ਅੱਜ ਸਾਡੇ ਵਿਚੋਂ ਬਹੁਤ ਘੱਟ ਲੋਕ ਇਸ ਤੱਥ ਵੱਲ ਧਿਆਨ ਦਿੰਦੇ ਹੋਣਗੇ ਕਿ ਆਉਣ ਵਾਲੇ ਸਮੇਂ ਵਿਚ ਰੇਡੀਓਐਕਟਿਵ ਪ੍ਰਦੂਸ਼ਣ ਜਾਂ ਥਰਮਲ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਵਿਕਰਾਲ ਰੂਪ ਧਾਰ ਕੇ ਸਾਡੀ ਆਉਣ ਵਾਲੀ ਨਸਲ ਸਾਹਮਣੇ ਹੋਂਦ ਦਾ ਪ੍ਰਸ਼ਨ ਖੜ੍ਹਾ ਕਰ ਸਕਦੀਆਂ ਹਨ। ਜਿੰਨਾ ਅਸੀਂ ਕੁਦਰਤੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਕੇ ਨਿੱਜ ਤੱਕ ਸੀਮਤ ਹੁੰਦੇ ਹਾਂ, ਸਮੱਸਿਆ ਓਨੀ ਹੀ ਗੰਭੀਰ ਹੁੰਦੀ ਜਾਂਦੀ ਹੈ।
ਨਿਸਚਿਤ ਰੂਪ ਵਿਚ ਵਾਤਾਵਰਨ ਦਾ ਇਹ ਸੰਕਟ ਏਨਾ ਵਿਕਰਾਲ ਹੈ ਕਿ ਸਿਰਫ ਸਰਕਾਰਾਂ ਜਾਂ ਸਿਰਫ ਜਨਤਾ ‘ਤੇ ਹੀ ਇਸ ਦੀ ਜ਼ਿੰਮੇਵਾਰੀ ਨਹੀਂ ਪਾਈ ਜਾ ਸਕਦੀ। 1972 ਵਿਚ ਸਟਾਕਹੋਮ ਸੰਮੇਲਨ ਅਤੇ 1992 ਵਿਚ ਰੀਓ ਡੀ ਜਨੇਰੀਓ ਸੰਮੇਲਨਾਂ ਰਾਹੀਂ ਸੰਯੁਕਤ ਰਾਸ਼ਟਰ ਨੇ ਵੀ ਇਸ ਸੰਬੰਧੀ ਗੰਭੀਰਤਾ ਦਰਸਾਈ ਹੈ। ਯਕੀਨਨ ਸਾਡੀ ਵਿਧਾਨ ਪਾਲਿਕਾ ਨੇ ਵੀ ਪਿਛਲੇ ਸਮੇਂ ਵਿਚ ਸ਼ਾਨਦਾਰ ਕੰਮ ਕੀਤਾ ਹੈ ਪਰ ਇਸ ਸੰਬੰਧੀ ਨੀਤੀਆਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਕਾਰਜ ਪਾਲਿਕਾ ਆਪਣਾ ਰੋਲ ਉਸ ਉਦਾਹਰਨਯੋਗ ਤਰੀਕੇ ਨਾਲ ਨਿਭਾਉਣ ਵਿਚ ਸਫਲ ਨਹੀਂ ਹੋ ਸਕੀ, ਜੋ ਇਸ ਗੰਭੀਰ ਮੁੱਦੇ ਲਈ ਚਾਹੀਦਾ ਸੀ। ਸਾਡੇ ਦੇਸ਼ ਵਿਚ ਇਸ ਸਮੱਸਿਆ ਨਾਲ ਨਿਪਟਣ ਲਈ ਹਰੇਕ ਤਰ੍ਹਾਂ ਦੇ ਕਾਨੂੰਨ ਮੌਜੂਦ ਹਨ ਪਰ ਇਸ ਦੇ ਬਾਵਜੂਦ ਜੇਕਰ ਇਹ ਸਮੱਸਿਆ ਲਗਾਤਾਰ ਵਧ ਰਹੀ ਹੈ ਤਾਂ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਲਿਆਂ ‘ਤੇ ਉਂਗਲ ਉੱਠਣੀ ਸੁਭਾਵਿਕ ਹੈ। ਮਸ਼ੀਨੀਕਰਨ ਜਾਂ ਆਧੁਨਿਕਤਾ ਅਪਣਾਉਂਦੇ ਹੋਏ ਗ਼ੈਰ-ਜ਼ਰੂਰੀ ਪਹਿਲੂਆਂ ਉੱਪਰ ਲੋੜੋਂ ਵੱਧ ਜ਼ੋਰ ਨਾ ਦਿੱਤਾ ਜਾਵੇ, ਇਸ ਲਈ ਸਰਕਾਰ ਨੂੰ ਵੀ ਸਖ਼ਤੀ ਕਰਨੀ ਚਾਹੀਦੀ ਹੈ। ਆਧੁਨਿਕਤਾ ਕਦੇ ਗ਼ਲਤ ਨਹੀਂ ਹੋ ਸਕਦੀ ਪਰ ਲੋੜ ਇਸ ਗੱਲ ਦੀ ਹੈ ਆਧੁਨਿਕੀਕਰਨ ਅਤੇ ਕੁਦਰਤ ਵਿਚ ਸਮਤੋਲ ਬਿਠਾ ਕੇ ਚੱਲਿਆ ਜਾਵੇ। ਆਧੁਨਿਕਤਾ ਨੂੰ ਅਪਣਾਉਂਦੇ ਹੋਏ ਸਮਾਜਿਕ ਜ਼ਿੰਮੇਵਾਰੀ ਅਤੇ ਨੈਤਿਕਤਾ ਦਾ ਪੱਲਾ ਘੁੱਟ ਕੇ ਫੜਨ ਦੀ ਲੋੜ ਹੈ। ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੀ ਸਾਨੂੰ ਚੇਤੇ ਕਰਵਾਉਂਦਾ ਰਹੇਗਾ ਕਿ ਦਰੱਖਤ ਸਿਰਫ ਲੱਕੜ ਹੀ ਨਹੀਂ, ਸਗੋਂ ਛਾਂ ਅਤੇ ਸ਼ੁੱਧ ਵਾਤਾਵਰਨ ਵੀ ਦਿੰਦੇ ਹਨ, ਪਹਾੜ ਸਿਰਫ ਕੀਮਤੀ ਪੱਥਰ ਹੀ ਨਹੀਂ, ਸਗੋਂ ਦੁਰਲੱਭ ਜੜ੍ਹੀ ਬੂਟੀਆਂ ਵੀ ਦਿੰਦੇ ਹਨ, ਨਦੀਆਂ-ਨਹਿਰਾਂ ਸਿਰਫ ਰੇਤ ਹੀ ਨਹੀਂ, ਸਗੋਂ ਵਰਤੋਂਯੋਗ ਪਾਣੀ ਵੀ ਦਿੰਦੀਆਂ ਹਨ। ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ। ਬਿਨਾਂ ਸ਼ੱਕ ਖੇਤੀ ਅਤੇ ਆਧੁਨਿਕਤਾ ਮਿਲ ਕੇ ਸਾਡੇ ਸਮਾਜ ਨੂੰ ਉਸ ਮੁਕਾਮ ਤੱਕ ਲੈ ਗਏ ਹਨ ਕਿ ਸਾਡੇ ਦੇਸ਼ ਨੂੰ ਦੁਨੀਆ ਵਿਚ ਸਨਮਾਨਯੋਗ ਸਥਾਨ ਹਾਸਲ ਹੋਇਆ ਹੈ। ਅਜੋਕੇ ਸਮੇਂ ਖੇਤੀ ਦੇ ਨਾਲ-ਨਾਲ ਉਦਯੋਗੀਕਰਨ ਅਤੇ ਤਕਨੀਕ ਸਾਡੇ ਦੇਸ਼ ਨੂੰ ਬੁਲੰਦੀਆਂ ਵੱਲ ਲਿਜਾ ਰਹੇ ਹਨ। ਪਰ ਇਸ ਆਧੁਨਿਕ ਸਮਾਜ ਵਿਚ ਵਿਚਰਦੇ ਹੋਏ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਸਰਬੱਤ ਦਾ ਭਲਾ ਲੋਚਣ ਵਾਲੇ ਖਿੱਤੇ ਦੇ ਵਾਸੀ ਹਾਂ। ਜੇ ਪੂਰਾ ਸਮਾਜ, ਪੂਰਾ ਦੇਸ਼ ਤੇ ਪੂਰੀ ਦੁਨੀਆ ਖੁਸ਼ਹਾਲ ਵਸੇਗੀ, ਤਾਂ ਹੀ ਅਸੀਂ ਆਧੁਨਿਕਤਾ ਰੂਪੀ ਇਸ ਤੋਹਫ਼ੇ ਦਾ ਪੂਰਾ-ਪੂਰਾ ਆਨੰਦ ਲੈ ਸਕਾਂਗੇ ।
-ਪਰਵਿੰਦਰ ਸਿੰਘ ਢੀਂਡਸਾ
Comment here