ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਆਡੀਓ ਮਾਮਲੇ ’ਚ ਮੰਤਰੀ ਸਰਾਰੀ ਖਿਲਾਫ ਜਾਂਚ ਸ਼ੁਰੂ

ਚੰਡੀਗੜ੍ਹ-ਆਮ ਆਦਮੀ ਪਾਰਟੀ ਹਾਈਕਮਾਨ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਆਵਾਜ਼ ਵਾਲੀ ਵਾਇਰਲ ਹੋਈ ਆਡੀਓ ਦੀ ਅੰਦਰੂਨੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਕੈਬਨਿਟ ਮੰਤਰੀ ਸਰਾਰੀ ਦੇ ਓ.ਐੱਸ.ਡੀ. ਤਰਸੇਮ ਲਾਲ ਨੂੰ ਵੀ ਚੰਡੀਗੜ੍ਹ ਤਲਬ ਕੀਤੀ ਗਿਆ ਹੈ। ਇਸ ਸੰਬੰਧੀ ਗੱਲ ਕਰਦਿਆਂ ਸੋਮਵਾਰ ਨੂੰ ਤਰਸੇਮ ਲਾਲ ਨੇ ਦੱਸਿਆ ਸੀ ਕਿ ਚੰਡੀਗੜ੍ਹ ਵਿਖੇ ਹਾਈਕਮਾਨ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਹੀ ਉਹ ਅਗਲਾ ਫ਼ੈਸਲਾ ਲੈਣਗੇ। ਉਸ ਨੇ ਕਿਹਾ ਕਿ ਜੇਕਰ ਹਾਈਕਮਾਨ ਨਾਲ ਹੋਈ ਬੈਠਕ ਤੋਂ ਬਾਅਦ ਉਹ ਸੰਤੁਸ਼ਟ ਨਾ ਹੋਏ ਤਾਂ ਮੰਤਰੀ ਸਰਾਰੀ iਖ਼ਲਾਫ਼ ਜਿੰਨੇ ਵੀ ਸਬੂਤ ਉਸ ਕੋਲ ਹਨ, ਉਹ ਉਨ੍ਹਾਂ ਨੂੰ ਜਨਤਕ ਕਰੇਗਾ।
ਵਾਇਰਲ ਆਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ‘ਤੇ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਭਗਵੰਤ ਮਾਨ ਜੀ ਸਮਾਂ ਆ ਗਿਆ ਹੈ ਕਿ ਤੁਸੀ ਜੋ ਪ੍ਰਚਾਰ ਕੀਤਾ ਸੀ , ਉਸ ‘ਤੇ ਅਮਲ ਕਰੋ। ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਹੁਣ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਤੋਂ ਕੌਣ ਰੋਕ ਰਿਹਾ ਹੈ। ਬੀਤੇ ਦਿਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਕਿਹਾ ਕਿ ਇਸ ਆਡੀਓ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ ਅਤੇ ਮੰਤਰੀ ਸਰਾਰੀ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇਹ ਆਡੀਓ ਜੂਨ ਦੀ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸਰਾਰੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਆਡੀਓ ਕਾਰਨ ਵਿਵਾਦਾਂ ‘ਚ ਘਿਰੇ ਹੋਏ ਹਨ। ਇਸ ਆਡੀਓ ‘ਚ ਮੰਤਰੀ ਆਪਣੇ ਓ.ਐੱਸ.ਡੀ. ਨਾਲ ਸੈਟਿੰਗ ਦੇ ਨਾਂ ‘ਤੇ ਸੌਦੇਬਾਜ਼ੀ ਕਰਨ ਦੀ ਗੱਲ ਕਰ ਰਹੇ ਹਨ। ਇਸ ‘ਤੇ ਮੰਤਰੀ ਸਰਾਰੀ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਇਹ ਆਵਾਜ਼ ਉਨ੍ਹਾਂ ਦੀ ਹੀ ਹੈ ਪਰ ਇਸ ਨੂੰ ਐਡਿਟ ਕਰਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Comment here