ਸਿਆਸਤਖਬਰਾਂਵਿਸ਼ੇਸ਼ ਲੇਖ

ਆਟੋ ਚਾਲਕ ਬਾਪ, ਮਜ਼ਦੂਰ ਮਾਂ, 21 ਸਾਲਾ ਪੁੱਤ ਬਣਿਆ ਆਈਏਐਸ

ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ….

ਵਿਸ਼ੇਸ਼ ਰਿਪੋਰਟ – ਨਿਸਾਰ ਅਹਿਮਦ

ਨਸੀਬਾਂ ਦੇ ਸਿਰ ਤੇ ਜਾਂ ਹੋਣੀ ਨੂੰ ਸਿਰ ਸੁੱਟ ਕੇ ਮੰਨ ਲੈਣ ਵਾਲਿਆਂ ਦੀ ਸਮਾਜਿਕ, ਆਰਥਿਕ ਤੇ ਮਾਨਸਿਕ ਸਥਿਤੀ ਕਦੇ ਵੀ ਸੁਧਰ ਨਹੀਂ ਸਕਦੀ, ਆਪਣੇ ਹਾਲਾਤ ਸੁਧਾਰਨ ਲਈ ਕਰੜੀ ਮਿਹਨਤ ਕਰਨੀ ਪੈਂਦੀ ਹੈ, ਸਿਰਫ ਨਸੀਬਾਂ ਨੂੰ ਕੋਸਣ ਨਾਲ ਕੁਝ ਨਹੀਂ ਹੁੰਦਾ। ਆਓ ਅਜਿਹੇ ਇੱਕ ਨੌਜਵਾਨ ਨੂੰ ਮਿਲਦੇ ਹਾਂ….ਮੁਸਲਿਮ ਪਰਿਵਾਰਾਂ ਵਿੱਚ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਪੜ੍ਹ ਕੇ ਕੀ ਕਰੋਗੇ? ਤੁਹਾਨੂੰ ਕੋਈ ਨੌਕਰੀ ਨਹੀਂ ਮਿਲੇਗੀ। ਘਰ ਦੀ ਹਾਲਤ ਚੰਗੀ ਨਹੀਂ ਹੈ। ਪੈਸੇ ਦੀ ਕਮੀ ਹੈ। ਗਰੀਬੀ ਹੀ ਸਾਡਾ ਨਸੀਬ ਹੈ। ਖਾਣ ਲਈ ਕੋਈ ਅਨਾਜ ਨਹੀਂ ਹੈ। ਕਿਤਾਬਾਂ ਖਰੀਦਣ ਲਈ ਤਾਂ ਕੀ, ਫੋਟੋਸਟੇਟ ਕਰਾਉਣ ਲਈ ਵੀ ਪੈਸੇ ਨਹੀਂ ਹਨ। ਸਰਕਾਰ ਅਜਿਹੀ ਹੈ ਕਿ ਤੁਹਾਨੂੰ ਨੌਕਰੀ ਨਹੀਂ ਦੇਵੇਗੀ। ਇਹ ਆਮ ਧਾਰਨਾਵਾਂ ਹਨ ਅਤੇ ਇਨ੍ਹਾਂ ਮਾਨਤਾਵਾਂ ਨੂੰ ਮੰਨਦਿਆਂ ਪਤਾ ਨਹੀਂ ਕਿੰਨੇ ਮੁਸਲਿਮ ਹੁਸ਼ਿਆਰ ਅਤੇ ਪ੍ਰਤਿਭਾਸ਼ਾਲੀ ਨੌਜਵਾਨ ਪੜ੍ਹਾਈ ਛੱਡ ਕੇ ਛੋਟੇ-ਮੋਟੇ ਕੰਮ ਸ਼ੁਰੂ ਕਰ ਦਿੰਦੇ ਹਨ। ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਉਹ ਸਖ਼ਤ ਮਿਹਨਤ ਕਰਨ ਲੱਗ ਜਾਂਦੇ ਹਨ। ਸਖਤ ਮਿਹਨਤ ਕਰਨਾ ਕੋਈ ਮਾੜਾ ਕੰਮ ਨਹੀਂ ਹੈ, ਪਰ ਆਪਣੀ ਕਾਬਲੀਅਤ ਨੂੰ ਮਾਰਨ ਲਈ ਇਹ ਕੰਮ ਕਰਨਾ ਆਪਣੇ ਆਪ ਨਾਲ ਬੇਇਨਸਾਫੀ ਹੈ। ਕਿਉਂਕਿ ਤੁਸੀਂ ਇਹ ਵਿਸਾਰ ਦਿੰਦੇ ਹੋ ਕਿ ਤੁਹਾਡੀ ਪੜ੍ਹਾਈ ਅਤੇ ਲੇਖਣੀ ‘ਤੇ ਕੀਤੀ ਮਿਹਨਤ ਤੁਹਾਨੂੰ ਸਫਲਤਾ ਦੀਆਂ ਉਨ੍ਹਾਂ ਬੁਲੰਦੀਆਂ ‘ਤੇ ਲੈ ਜਾਵੇਗੀ, ਜਿੱਥੇ ਤੁਸੀਂ ਆਪਣੇ ਪਰਿਵਾਰ ਜਾਂ ਸਮਾਜ ਦੇ ਗਰੀਬਾਂ ਦੀ ਭਲਾਈ ਕਰਨਾ ਸ਼ੁਰੂ ਕਰ ਦਿੰਦੇ ਹੋ।ਅਜਿਹਾ ਇੱਕ ਨੌਜਵਾਨ ਹੈ ਅੰਸਾਰ ਅਹਿਮਦ ਸ਼ੇਖ, ਜੋ ਅਜਿਹੇ ਹੀ ਇੱਕ ਗਰੀਬ ਪਰਿਵਾਰ ਦਾ ਪੁੱਤਰ ਹੈ। ਉਸਨੇ ਸਭ ਤੋਂ ਛੋਟੀ ਉਮਰ ਵਿੱਚ ਦੁਨੀਆ ਦੀ ਸਭ ਤੋਂ ਔਖੀ ਪ੍ਰੀਖਿਆ ਯੂ ਪੀ ਐੱਸ ਸੀ ਪਾਸ ਕੀਤੀ ਅਤੇ ਇੱਕ ਆਈ ਏ ਐੱਸ ਅਫਸਰ ਬਣ ਗਿਆ। ਪਰ ਅੰਸਾਰ ਲਈ ਇਹ ਰਾਹ ਐਨਾ ਆਸਾਨ ਨਹੀਂ ਸੀ। ਬੇਹੱਦ ਤੰਗੀਆਂ ਤੁਰਸ਼ੀਆਂ ਵਾਲੇ ਪਰਿਵਾਰ ਵਿੱਚ ਜਨਮੇ ਅੰਸਾਰ ਦੇ ਪਿਤਾ ਅਹਿਮਦ ਸ਼ੇਖ ਆਟੋ ਚਾਲਕ ਸਨ। ਮਾਤਾ ਅਜ਼ਮਤ ਸ਼ੇਖ ਮਜ਼ਦੂਰੀ ਦਾ ਕੰਮ ਕਰਦੀ ਸੀ ਅਤੇ ਛੋਟਾ ਭਰਾ ਅਨੀਸ ਸ਼ੇਖ ਛੇਵੀਂ ਜਮਾਤ ਵਿੱਚ ਫੇਲ੍ਹ ਹੋਣ ਤੋਂ ਬਾਅਦ ਪੜ੍ਹਾਈ ਛੱਡ ਕੇ ਮਾਮੇ ਨਾਲ ਕੰਮ ਕਰ ਰਿਹਾ ਸੀ। ਪਰਿਵਾਰ ਦੀ ਆਰਥਿਕ ਹਾਲਤ ਬਿਲਕੁਲ ਵੀ ਠੀਕ ਨਹੀਂ ਸੀ, ਰੈਣ ਬਸੇਰਾ ਵੀ ਸਹੂਲਤਾਂ ਤੋੰ ਸੱਖਣਾ, ਗੁਰਬਤ ਜੀਹਦੇ ਅੰਦਰੋਂ ਬਾਹਰ ਵੱਲ ਝਾਤ ਪਾਉਂਦੀ ਸੀ। ਅਜਿਹੇ ਹਾਲਾਤਾਂ ਨਾਲ ਜੂਝਣ ਵਾਲੇ ਅੰਸਾਰ ਦੇ ਸੰਘਰਸ਼ ਦੀ ਕਹਾਣੀ ਉਸ ਦੀ ਸਫਲਤਾ ਦਾ ਸਿਹਰਾ ਉਸ ਦੀ ਕਰੜੀ ਮਿਹਨਤ ਤੇ ਲਗਨ ਦੇ ਸਿਰ ਸਜਾਉਂਦੀ ਹੈ। ਬੇਹੱਦ ਗਰੀਬ ਪਰਿਵਾਰ ਦਾ ਪੁੱਤਰ ਅੰਸਾਰ ਪਿੰਡ ਦੇ ਹੀ ਸਕੂਲ ‘ਚ ਪੜ੍ਹਦਾ ਸੀ। ਜਦੋਂ ਅੰਸਾਰ ਪੰਜਵੀਂ ਜਮਾਤ ਵਿੱਚ ਪਹੁੰਚਿਆ ਤਾਂ ਭਾਈਚਾਰੇ ਦੇ ਲੋਕਾਂ ਨੇ ਉਸਦੇ ਪਿਤਾ ਨੂੰ ਅੰਸਾਰ ਦੀ ਪੜ੍ਹਾਈ ਛੁਡਵਾ ਕੇ ਕੋਈ ਕਾਰੋਬਾਰ ਕਰਨ ਲਈ ਕਿਹਾ। ਅੰਸਾਰ ਦੇ ਪਿਤਾ ਅਹਿਮਦ ਸ਼ੇਖ ਨੂੰ ਵੀ ਇਸ ਧਾਰਨਾ ਤੇ ਹੀ ਯਕੀਨ ਕਰਨ ਲਈ ਕਿਹਾ ਜਾਂਦਾ ਰਿਹਾ ਕਿ ਉਸ ਦੀ ਪੜ੍ਹਾਈ ਦਾ ਕੀ ਹੋਵੇਗਾ? ਕੋਈ ਨੌਕਰੀਆਂ ਨਹੀਂ ਹਨ।ਨੌਕਰੀ ਕੌਣ ਦੇਵੇਗਾ? ਸਾਡੇ ਸਮਾਜ (ਮੁਸਲਿਮ ਸਮਾਜ) ਦੇ ਲੋਕਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ। ਅੰਸਾਰ ਨੂੰ ਪੜ੍ਹਾਉਣ ਦਾ ਕੋਈ ਮਤਲਬ ਨਹੀਂ। ਇਸ ਨੂੰ ਕਿਸੇ ਕੰਮ ਲਈ ਲਗਾਓ। ਘਰ ਵਿੱਚ ਦੋ ਪੈਸੇ ਆਉਣੇ ਸ਼ੁਰੂ ਹੋ ਜਾਣਗੇ, ਹਾਲਾਤ ਸੁਧਰ ਜਾਣਗੇ। ਜਦੋਂ ਅਹਿਮਦ ਸ਼ੇਖ ਅੰਸਾਰ ਨੂੰ ਸਕੂਲੋਂ ਹਟਾਉਣ ਲਈ ਉਸ ਦੇ ਸਕੂਲ ਪਹੁੰਚਿਆ ਤਾਂ ਅਧਿਆਪਕ ਪੁਰਸ਼ੋਤਮ ਪਾਦੁਲਕਰ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ,  ਦਰਅਸਲ ਅਧਿਆਪਕ ਪੁਰਸ਼ੋਤਮ ਪਾਦੁਲਕਰ ਨੇ ਅੰਸਾਰ ਦੀ ਕਾਬਲੀਅਤ ਨੂੰ ਪਛਾਣ ਲਿਆ ਸੀ। ਉਸਨੇ ਅੰਸਾਰ ਦੇ ਪਿਤਾ ਨੂੰ ਉਸਦੀ ਪੜ੍ਹਾਈ ਛੁਡਵਾਣ ਤੋਂ ਵਰਜਿਆ ਅਤੇ ਸਮਝਾਇਆ ਕਿ ਬੱਚਾ ਜਿੱਥੇ ਤੱਕ ਚਾਹੇ ਉਸਨੂੰ ਪੜ੍ਹਾਈ ਕਰਵਾਓ, ਪੜ੍ਹਨ ਤੋਂ ਨਾ ਰੋਕੋ, ਕਿਉਂਕਿ ਅੰਸਾਰ ਅੰਦਰ ਸਿੱਖਣ ਦੀ ਅਥਾਹ ਸਮਰੱਥਾ ਅਤੇ ਇੱਛਾ ਅਧਿਆਪਕ ਦੀ ਪਾਰਖੂ ਅੱਖ ਨੇ ਪਛਾਣ ਲਈ ਸੀ। ਅਧਿਆਪਕ ਦੇ ਸਮਝਾਉਣ ਤੇ ਅੰਸਾਰ ਦੇ ਪਿਤਾ ਨੇ ਅੰਸਾਰ ਦੀ ਪੜ੍ਹਾਈ ਛੁਡਵਾਉਣ ਦਾ ਵਿਚਾਰ ਛੱਡ ਦਿੱਤਾ, ਪਰ ਪਰਿਵਾਰ ਦੀ ਗਰੀਬੀ ਅੰਸਾਰ ਦੀ ਪੜ੍ਹਾਈ ਦੇ ਰਾਹ ਵਿੱਚ ਆ ਰਹੀ ਸੀ, ਕਿਉਂਕਿ ਪਰਿਵਾਰ ਦੀ ਆਮਦਨ ਇੰਨੀ ਚੰਗੀ ਨਹੀਂ ਸੀ ਕਿ ਅੰਸਾਰ ਨੂੰ ਕਿਸੇ ਚੰਗੇ ਸਕੂਲ ਚ ਦਾਖਲ ਕਰਵਾ ਦਿੱਤਾ ਜਾਂਦਾ। ਪਿਤਾ ਆਟੋ ਚਲਾ ਕੇ ਮੁਸ਼ਕਿਲ ਨਾਲ 200 ਤੋਂ 300 ਰੁਪਏ ਦਿਹਾੜੀ ਦੇ ਕਮਾ ਸਕਦਾ ਸੀ ਅਤੇ ਮਾਂ ਦੀ ਦਿਹਾੜੀ ਵੀ ਜ਼ਿਆਦਾ ਨਹੀਂ ਸੀ। 10ਵੀਂ ਦੀ ਪੜ੍ਹਾਈ ਤੋਂ ਬਾਅਦ ਛੁੱਟੀਆਂ ਚੱਲ ਰਹੀਆਂ ਸਨ। ਅੰਸਾਰ ਨੇ ਕੰਪਿਊਟਰ ਦਾ ਕੋਰਸ ਸਿੱਖਣਾ ਸੀ। ਕੋਰਸ ਦੀ ਫੀਸ ਲਗਭਗ 2,000 ਰੁਪਏ ਸੀ। ਘਰ ਵਿੱਚ ਪੈਸੇ ਨਹੀਂ ਸੀ ਤਾਂ ਅੰਸਾਰ ਪਿੰਡ ਦੇ ਇੱਕ ਰੈਸਟੋਰੈਂਟ ਵਿੱਚ ਵੇਟਰ ਦਾ ਕੰਮ ਕਰਨ ਲੱਗਾ। ਅੰਸਾਰ ਨੂੰ ਇਸ ਨੌਕਰੀ ਲਈ 3000 ਰੁਪਏ ਮਿਲਣੇ ਸਨ। ਅੰਸਾਰ ਦੱਸਦਾ ਹੈ ਕਿ ਉਸ ਨੂੰ ਸਵੇਰੇ 8 ਵਜੇ ਤੋਂ ਰਾਤ 11 ਵਜੇ ਤੱਕ ਵੇਟਰ ਦਾ ਕੰਮ ਕਰਨਾ ਪੈਂਦਾ ਸੀ। ਅੰਸਾਰ ਨੇ ਦੱਸਿਆ ਕਿ ਉਹ ਰੈਸਟੋਰੈਂਟ ਵਿੱਚ ਲੋਕਾਂ ਨੂੰ ਚਾਹ ਪਰੋਸਦਾ ਸੀ, ਮੇਜ਼ ਪੂੰਝਦਾ ਸੀ। ਜਦੋਂ ਰਾਤ ਨੂੰ 10 ਵਜੇ ਰੈਸਟੋਰੈਂਟ ਬੰਦ ਹੋ ਜਾਂਦਾ ਸੀ ਤਾਂ ਉਹ 11 ਵਜੇ ਤੱਕ ਰੈਸਟੋਰੈਂਟ ਦੇ ਫਰਸ਼ ਨੂੰ ਝਾੜੂ-ਪੋਚਾ ਕਰਕੇ ਸਾਫ਼ ਕਰਦਾ ਸੀ। ਉਸ ਨੂੰ ਦਿਨ ਵਿੱਚ 2 ਘੰਟੇ ਦਾ ਬ੍ਰੇਕ ਮਿਲਦਾ ਸੀ। ਇਨ੍ਹਾਂ 2 ਘੰਟਿਆਂ ਵਿੱਚ ਅੰਸਾਰ ਦੁਪਹਿਰ ਦਾ ਖਾਣਾ ਖਾਂਦਾ ਅਤੇ ਫਿਰ 1 ਘੰਟੇ ਲਈ ਕੰਪਿਊਟਰ ਸਿੱਖਣ ਜਾਂਦਾ। ਗ੍ਰੈਜੂਏਸ਼ਨ ਦੇ ਪਹਿਲੇ ਸਾਲ ਤੱਕ ਉਹ ਪਾਰਟ ਟਾਈਮ ਨੌਕਰੀ ਕਰਦਾ ਰਿਹਾ। ਇਸ ਦੌਰਾਨ ਪੜ੍ਹਾਈ ਵਿੱਚ ਇੱਕ ਪੜਾਅ ਆਇਆ ਜਿਸ ਨੇ ਅੰਸਾਰ ਅਤੇ ਉਸਦੇ ਪਰਿਵਾਰ ਨੂੰ ਉਤਸ਼ਾਹਿਤ ਕੀਤਾ। ਅਸਲ ‘ਚ ਅੰਸਾਰ ਨੇ 12ਵੀਂ ਦੀ ਪ੍ਰੀਖਿਆ ‘ਚ 91 ਫੀਸਦੀ ਅੰਕ ਹਾਸਲ ਕੀਤੇ, ਜਿਸ ਨਾਲ ਅੰਸਾਰ ਨੂੰ ਇਲਾਕੇ ‘ਚ ਨਾਂ ਅਤੇ ਪਛਾਣ ਮਿਲੀ।ਅੰਸਾਰ ਦੇ ਅੱਬੂ ਅਹਿਮਦ ਸ਼ੇਖ ਦੇ ਕਰੀਬੀਆਂ ਨੇ ਅੰਸਾਰ ਦੀ ਸਫਲਤਾ ਦੀ ਤਾਰੀਫ ਕੀਤੀ, ਹੱਲਾਸ਼ੇਰੀ ਦਿੱਤੀ ਕਿ ਮੁੰਡੇ ਨੂੰ ਇਸ ਰਾਹ ਤੋਂ ਨਾ ਰੋਕਿਆ ਜਾਵੇ। ਪਰ ਘਰ ਦੇ ਹਾਲਾਤ ਐਸੇ ਸਨ ਕਿ ਅੰਸਾਰ ਦੀ ਪੜ੍ਹਾਈ ਲਈ ਹਮੇਸ਼ਾ ਪੈਸੇ ਦੀ ਕਮੀ ਰਹਿੰਦੀ ਸੀ। ਅੰਸਾਰ ਲਈ ਉਸ ਦਾ ਛੋਟਾ ਭਰਾ ਅਨੀਸ ਸ਼ੇਖ ਲਗਾਤਾਰ ਮਿਹਨਤ ਕਰਕੇ ਪੈਸੇ ਭੇਜਦਾ ਰਿਹਾ, ਜਿਸ ਨਾਲ ਅੰਸਾਰ ਨੇ ਅੱਗੇ ਦੀ ਪੜ੍ਹਾਈ ਕੀਤੀ।ਅਜਿਹੇ ਹਾਲਾਤਾਂ ਨਾਲ ਜੂਝਣ ਵਾਲੇ ਅੰਸਾਰ ਸ਼ੇਖ ਨੂੰ ਇਹ ਨਹੀਂ ਪਤਾ ਸੀ ਕਿ ਉਹ ਆਈ ਏ ਐੱਸ ਬਣਨਾ ਚਾਹੁੰਦਾ ਹੈ। ਉਸ ਦੇ ਆਈ ਏ ਐੱਸ ਬਣਨ ਦੀ ਕਹਾਣੀ ਹੋਰ ਵੀ ਦਿਲਚਸਪ ਹੈ। ਹੋਣਹਾਰ ਅੰਸਾਰ ਨੂੰ ਇੱਕ ਸਕੀਮ ਤਹਿਤ 30 ਹਜ਼ਾਰ ਰੁਪਏ ਮਿਲਣੇ ਸਨ, ਇਹ ਸਕੀਮ ਬੀ ਪੀ ਐੱਲ ਪਰਿਵਾਰਾਂ ਲਈ ਹੁੰਦੀ ਸੀ। (ਬੀ ਪੀ ਐੱਲ ਪਰਿਵਾਰ ਉਹ ਪਰਿਵਾਰ ਹਨ, ਜਿਨ੍ਹਾਂ ਦੀ ਪਛਾਣ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਵਜੋਂ ਕੀਤੀ ਜਾਂਦੀ ਹੈ।) ਜਦੋਂ ਅੰਸਾਰ ਸ਼ੇਖ ਦੇ ਪਿਤਾ ਇਸ ਸਕੀਮ ਦਾ ਚੈੱਕ ਲੈਣ ਲਈ ਤਹਿਸੀਲ ਦਫ਼ਤਰ ਪੁੱਜੇ ਤਾਂ ਉੱਥੇ ਮੌਜੂਦ ਅਧਿਕਾਰੀ ਨੇ ਕਿਹਾ ਕਿ ਜੇਕਰ 30,000 ਰੁਪਏ ਦਾ 10 ਫੀਸਦੀ ਯਾਨੀ 3,000 ਰੁਪਏ ਰਿਸ਼ਵਤ ਵਜੋਂ ਦਿੱਤੇ ਜਾਣ ਤਾਂ ਉਹ ਤੁਰੰਤ ਚੈੱਕ ‘ਤੇ ਦਸਤਖਤ ਕਰਕੇ ਉਸ ਨੂੰ ਦੇ ਦੇਵੇਗਾ। ਸਰਕਾਰੀ ਸਿਸਟਮ ਵਿੱਚ ਪੱਸਰੇ ਭ੍ਰਿਸ਼ਟਾਚਾਰ ਨੂੰ ਹੱਡੀਂ ਹੰਢਾਅ ਕੇ ਅੰਸਾਰ ਦੇ ਜਿਹਨ ਵਿੱਚ ਇਹ ਗੱਲ ਵਸ ਗਈ ਕਿ ਜੇਕਰ ਉਹ ਇਸ ਰਿਸ਼ਵਤਖੋਰੀ ਵਿਰੁੱਧ ਅਜਿਹੇ ਭ੍ਰਿਸ਼ਟਾਚਾਰ ਵਿਰੁੱਧ ਕੁਝ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਅਫਸਰ ਬਣਨਾ ਪਵੇਗਾ।ਅਜਿਹੀ ਸੋਚ ਲੈ ਕੇ ਅੱਗੇ ਦੇ ਸਫਰ ਤੇ ਤੁਰ ਰਹੇ ਅੰਸਾਰ ਦੇ ਇਕ ਸੀਨੀਅਰ ਨੇ ਉਸ ਨੂੰ ਯੂ ਪੀ ਐੱਸ ਸੀ ਟੈਸਟ ਬਾਰੇ ਦੱਸਿਆ, ਅੰਸਾਰ ਨੇ ਇਹ ਇਮਤਿਹਾਨ ਦੇਣ ਦਾ ਫੈਸਲਾ ਕਰ ਲਿਆ ਤੇ ਸਖ਼ਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਦਿਨ ਵਿੱਚ 12-12 ਘੰਟੇ ਅਧਿਐਨ ਕਰਨ ਵਾਲਾ ਅੰਸਾਰ 2015 ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਯੂ ਪੀ ਐੱਸ ਸੀ ਵਰਗਾ ਔਖਾ ਇਮਤਿਹਾਨ ਪਾਸ ਕਰ ਗਿਆ। ਉਸ ਵਕਤ ਉਸ ਦੀ ਉਮਰ ਮਹਿਜ 21 ਸਾਲ ਸੀ।  ਏਨੀ ਛੋਟੀ ਉਮਰ ਵਿੱਚ ਆਈ ਏ ਐੱਸ ਬਣੇ ਅੰਸਾਰ ਦਾ ਰੈਂਕ 371ਵਾਂ ਸੀ। ਅੱਜ ਅੰਸਾਰ ਪੱਛਮੀ ਬੰਗਾਲ ਕੇਡਰ ਦੇ ਇੱਕ ਆਈ ਏ ਐੱਸ ਅਧਿਕਾਰੀ ਵਜੋਂ ਦੇਸ਼ ਨੂੰ ਸੇਵਾਵਾਂ ਦੇ ਰਹੇ ਹਨ।

ਅੰਸਾਰ ਦਾ ਕਹਿਣਾ ਹੈ ਕਿ ਸੁਪਨੇ ਦੇਖਣ ਲਈ ਪੈਸੇ ਦੀ ਕੀ ਲੋੜ ਹੈ। ਗਰੀਬਾਂ ਕੋਲ ਗੁਆਉਣ ਲਈ ਕੁਝ ਨਹੀਂ ਹੈ ਅਤੇ ਜਿੱਤਣ ਲਈ ਸਭ ਕੁਝ ਹੈ। ਇਸ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਸਫਲਤਾ ਪਾਈ ਜਾ ਸਕਦੀ ਹੈ। ਅੰਸਾਰ ਆਪਣੀ ਕਾਮਯਾਬੀ ਦਾ ਸਿਹਰਾ ਅੱਬੂ-ਅੰਮੀ ਤੋਂ ਇਲਾਵਾ ਆਪਣੇ ਭਰਾ ਅਤੇ ਅਧਿਆਪਕਾਂ ਨੂੰ ਦਿੰਦਾ ਹੈ। ਅੰਸਾਰ ਦਾ ਕਹਿਣਾ ਹੈ ਕਿ ਜੇਕਰ ਉਸ ਦੇ ਅਧਿਆਪਕ ਨੇ ਅੱਬੂ ਨੂੰ ਪੜ੍ਹਾਈ ਦੀ ਅਹਿਮੀਅਤ ਅਤੇ ਉਸ ਦੀ ਸਮਰੱਥਾ ਬਾਰੇ ਜਾਣੂ ਨਾ ਕਰਾਇਆ ਹੁੰਦਾ, ਤਾਂ ਸ਼ਾਇਦ ਅੱਜ ਉਹ ਅਫ਼ਸਰ ਨਾ ਹੁੰਦਾ ਅਤੇ ਕਿਤੇ ਆਟੋ ਚਲਾ ਰਿਹਾ ਹੁੰਦਾ….ਅਜਿਹੇ ਲੋਕਾਂ ਦੇ ਹੌਸਲੇ ਬਾਰੇ ਬਾਬਾ ਨਜ਼ਮੀ ਸਾਹਿਬ ਲਿਖਦੇ ਹਨ-

ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ ।

 (ਲੇਖਕ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਚ ਫਰੀਲਾਂਸਰ ਪੱਤਰਕਾਰ ਅਤੇ ਰਿਸਰਚਰ ਹੈ।)

 

Comment here