ਸਿਆਸਤਖਬਰਾਂਦੁਨੀਆ

ਆਟਾ ਸੌ ਰੁਪਏ ਲੀਟਰ ਹੋ ਗਿਆ-ਇਮਰਾਨ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਕਸਰ ਵਿਵਾਦਾਂ ਚ ਘਿਰੇ ਰਹਿੰਦੇ ਹਨ। ਇਮਰਾਨ ਖਾਨ ਅਕਸਰ ਮੌਜੂਦਾ ਸਰਕਾਰ ‘ਤੇ ਸਵਾਲ ਉਠਾਉਂਦੇ ਰਹਿੰਦੇ ਹਨ। ਉਹ ਮੁੱਦਾ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦਾ ਹੋਵੇ ਜਾਂ ਵੱਧ ਰਹੇ ਕਰਜ਼ੇ ਦਾ। ਉਨ੍ਹਾਂ ਨੇ ਇਕ ਬਾਰ ਫਿਰ ਮਹਿੰਗਾਈ ਦੇ ਮੁੱਦੇ ‘ਤੇ ਸ਼ਾਹਬਾਜ਼ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ‘ਚ ਵਧਦੀ ਮਹਿੰਗਾਈ ਕਾਰਨ ਪਾਕਿਸਤਾਨ ਦੇ ਲੋਕ ਸਭ ਤੋਂ ਜ਼ਿਆਦਾ ਦੁਖੀ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਵੇਲੇ ਦੇਸ਼ ਵਿੱਚ ਇੱਕ ਕਿਲੋ ਆਟੇ ਦੀ ਕੀਮਤ 50 ਰੁਪਏ ਸੀ। ਕਰਾਚੀ ਵਿੱਚ ਅੱਜ ਆਟਾ 100 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਮਰਾਨ ਨੇ ਕਿਹਾ ਕਿ ਜੇਕਰ ਤੁਸੀਂ ਦੇਸ਼ ਨੂੰ ਬੇਅਦਬੀ ਅਤੇ ਅਰਾਜਕਤਾ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਰੰਤ ਆਜ਼ਾਦ ਅਤੇ ਨਿਰਪੱਖ ਚੋਣਾਂ ਦਾ ਐਲਾਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, “ਮੈਨੂੰ ਦੂਜਾ ਡਰ ਇਹ ਹੈ ਕਿ ਜਦੋਂ ਤੱਕ ਪਾਕਿਸਤਾਨ ਵਿੱਚ ਸਿਆਸੀ ਸਥਿਰਤਾ ਨਹੀਂ ਹੁੰਦੀ, ਉਦੋਂ ਤੱਕ ਆਰਥਿਕ ਸਥਿਰਤਾ ਨਹੀਂ ਹੋ ਸਕਦੀ।” ਵੀਡੀਓ ਸੰਬੋਧਨ ਦੌਰਾਨ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ। ਜਿਸ ਤੋਂ ਬਾਅਦ ਇਮਰਾਨ ਖਾਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ‘ਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਮੁਖੀ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ‘ਤੇ ਚੁਟਕੀ ਲੈਂਦਿਆਂ ਦਾਅਵਾ ਕੀਤਾ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਉਨ੍ਹਾਂ ਦੀ ਸਰਕਾਰ ਨਿਰਾਸ਼ਾਜਨਕ ਰਹੀ ਹੈ। ਉਨ੍ਹਾਂ ਨੇ ਕਿਹਾ, “ਦੇਸ਼ ਨੂੰ ਅਰਾਜਕਤਾ ਵਿੱਚ ਜਾਣ ਤੋਂ ਬਚਾਉਣ ਲਈ, ਜਲਦੀ ਅਤੇ ਪਾਰਦਰਸ਼ੀ ਚੋਣਾਂ ਕਰਵਾਉਣਾ ਹੀ ਇੱਕੋ ਇੱਕ ਰਸਤਾ ਹੈ। ਜੇਕਰ ਚੋਣਾਂ ਨਾ ਕਰਵਾਈਆਂ ਗਈਆਂ ਤਾਂ ਚੀਜ਼ਾਂ ਕਾਬੂ ਤੋਂ ਬਾਹਰ ਹੋ ਜਾਣਗੀਆਂ।”ਯਾਦ ਰਹੇ ਭਾਰਤ ਤੋੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀ ਬੀਤੇ ਦਿਨੀ ਆਟੇ ਦਾ ਭਾਅ ਦਸਦਿਆਂ ਆਟਾ ਲੀਟਰ ਚ ਮਿਣਿਆ ਸੀ ਉਹ ਵੀ ਸੋਸ਼ਲ ਮੀਡੀਆ ਤੇ ਟਰੋਲ ਹੋਏ ਸਨ, ਹੁਣ ਇਮਰਾਨ ਖਾਨ ਦੀ ਵੀ ਤੁਲਨਾ ਰਾਹੁਲ ਨਾਲ ਕੀਤੀ ਜਾ ਰਹੀ ਹੈ।

Comment here