ਸਾਡੇ ਘਰ-ਬਾਰ, ਜ਼ਮੀਨ ਜਾਇਦਾਦ ਦਾ ਮੁੱਲ ਪਾਣੀ ਨਾਲ ਹੈ। ਜੇ ਕਿਸੇ ਖਿੱਤੇ ਵਿਚ ਪਾਣੀ ਖ਼ਤਮ ਹੁੰਦਾ ਹੈ ਤਾਂ ਉੱਥੇ ਜਮ਼ੀਨ, ਪਲਾਟਾਂ, ਘਰਾਂ, ਕੋਠੀਆਂ ਦੇ ਭਾਅ ਵੀ ਇੱਕਦਮ ਹੇਠਾਂ ਆ ਜਾਂਦੇ ਹਨ। ਹੁਣ ਤੱਕ ਹੋਈ ਮੁਨੱਖੀ ਸਭਿਅਤਾਵਾਂ ਦੀ ਖੁਦਾਈ ਤੋਂ ਇਹ ਪਤਾ ਲੱਗਦਾ ਹੈ ਕਿ ਪੁਰਾਣੇ ਯੁੱਗ ਦੇ ਮਨੁੱਖ ਦਾ ਰੈਣ ਬਸੇਰਾ ਨਦੀਆਂ ਦਰਿਆਵਾਂ ਦੇ ਕੰਢਿਆਂ ਤੇ ਸੀ। ਸਾਡੇ ਵੱਡੇ ਵਡੇਰੇ ਪਾਣੀ ਦੀ ਮਹੱਤਤਾ ਨੂੰ ਸਾਡੇ ਨਾਲੋਂ ਸ਼ਾਇਦ ਵਧੇਰੇ ਚੰਗੀ ਤਰ੍ਹਾਂ ਜਾਣਦੇ ਸਨ; ਤਾਂ ਹੀ ਸਾਡੇ ਸੱਭਿਆਚਾਰ ਵਿਚ ਦਰਿਆਵਾਂ ਨੂੰ ਜੀਵਨ ਦਾਤੇ ਆਖਿਆ ਗਿਆ, ਪਾਣੀ ਦੀ ਪੂਜਾ ਕੀਤੀ ਗਈ, ਪਾਣੀ ਨੂੰ ਪਰਮੇਸ਼ਵਰ ਕਿਹਾ ਗਿਆ ਅਤੇ ਪਾਣੀ ਨੂੰ ਗੰਦਾ ਕਰਨ ਨੂੰ ਪਾਪ ਸਮਝਿਆ ਜਾਂਦਾ ਰਿਹਾ ਹੈ। ਅਸੀਂ ਪੰਜਾਬ ਦੇ ਲੋਕਾਂ ਅਤੇ ਇੱਥੋਂ ਦੀ ਵਿਵਸਥਾ ਨੂੰ ਚਲਾਉਣ ਵਾਲੀਆਂ ਵਾਲੀਆਂ ਧਿਰਾਂ ਨੇ ਇਨ੍ਹਾਂ ਸ਼ਬਦਾਂ ਨੂੰ ਅਣਸੁਣਿਆ ਕਰਕੇ ਹਵਾ, ਮਿੱਟੀ ਅਤੇ ਪਾਣੀ ਦੀ ਜਿੰਨੀ ਬੇਕਦਰੀ ਕੀਤੀ ਹੈ ਓਨੀ ਸ਼ਾਇਦ ਭਾਰਤ ਦੇ ਕਿਸੇ ਹੋਰ ਖਿੱਤੇ ਵਿਚ ਨਾ ਹੋਈ ਹੋਵੇ। ਪੁਰਾਣੇ ਵੇਲਿਆਂ ਦਾ ਮਨੁੱਖ ਦਰਿਆਵਾਂ ਦੇ ਕੰਢਿਆਂ ਤੇ ਇਸ ਲਈ ਬਸੇਰਾ ਕਰਦਾ ਸੀ ਤਾ ਕਿ ਉਸ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ। ਅੱਜ ਦਾ ਵਿਕਸਤ ਮਨੁੱਖ ਦਰਿਆਵਾਂ ਦੇ ਕੰਢਿਆਂ ਤੇ ਫੈਕਟਰੀਆਂ ਕਾਰਖਾਨੇ ਇਸ ਲਈ ਲਾ ਰਿਹਾ ਹੈ ਤਾ ਕਿ ਹਰ ਤਰ੍ਹਾਂ ਦਾ ਕਚਰਾ ਨੇੜਲੇ ਦਰਿਆ ਵਿਚ ਅਸਾਨੀ ਨਾਲ ਸੁੱਟਿਆ ਜਾ ਸਕੇ।
ਲੁਧਿਆਣੇ ਦੇ ਬੁੱਢੇ ਨਾਲੇ ਦਾ ਜ਼ਹਿਰੀਲਾ ਮਾਦਾ ਟਨਾਂ ਦੇ ਟਨ ਸਤਲੁਜ ਦਰਿਆ ਵਿਚ ਡਿੱਗ ਰਿਹਾ ਹੈ; ਜਿਵੇਂ ਗਾੜ੍ਹੇ ਸੰਘਣੇ ਤੇਲ ਦੀ ਨਦੀ ਵਹਿ ਰਹੀ ਹੋਵੇ। ਕਾਲੀ ਗਾਰ ਦੀ ਇਹ ਨਦੀ ਜੋ ਲੁਧਿਆਣੇ ਤੋਂ ਆਉਂਦੀ ਹੈ, ਨੂੰ ਕਈ ਕਿਲੋਮੀਟਰ ਜ਼ਮੀਨ ਦੇ ਹੇਠਾਂ ਲੁਕਾ ਕੇ ਦਰਿਆ ਵਿਚ ਪਾਇਆ ਗਿਆ ਹੈ। ਇੱਕ ਕਿਲੋਮੀਟਰ ਦੂਰ ਤੱਕ ਮੁਸ਼ਕ ਮਾਰਦੀ ਤੇਜ਼ੀ ਨਾਲ ਵਹਿਦੀ ਇਹ ਨਦੀ ਕਾਸਾਬਾਦ ਪਿੰਡ ਕੋਲ ਸਤਲੁਜ ਵਿਚ ਡਿਗਦੀ ਹੈ। ਇੱਥੇ ਸੈਂਕੜੇ ਕਿਊਸਿਕ ਦੇ ਹਿਸਾਬ ਗੰਦਾ ਪਾਣੀ ਸਤਲੁਜ ਦਰਿਆ ਵਿਚ ਡਿੱਗਦਾ ਹੈ ਜੋ ਦਰਿਆ ਦੇ ਨਿਰਮਲ ਨੀਰ ਨੂੰ ਗੰਦੇ ਨਾਲੇ ਵਿਚ ਬਦਲ ਦਿੰਦਾ ਹੈ। ਇਹ ਮੰਜ਼ਰ ਦੇਖ ਕੇ ਹਰ ਸੰਵੇਦਨਸ਼ੀਲ ਅੱਖ ਰੋ ਪੈਂਦੀ ਹੈ, ਅਕਲ ਸੁੰਨ ਹੋ ਜਾਂਦੀ ਹੈ ਕਿ ਪੰਜਾਬ ਦੇ ਲੋਕਾਂ ਅਤੇ ਇਸ ਵਿਵਸਥਾ ਨੂੰ ਚਲਾਉਣ ਵਾਲੀਆਂ ਧਿਰਾਂ ਦੀ ਸੋਚ ਇੰਨੀ ਗਈ ਗੁਜ਼ਰੀ ਹੈ ਕਿ ਉਹ ਪਾਣੀ ਜਿਸ ਨੂੰ ਇਸ ਧਰਤੀ ਦੇ ਅਨੇਕਾਂ ਮਨੁੱਖਾਂ, ਪਸ਼ੂ-ਪੰਛੀਆਂ ਅਤੇ ਮਾਸੂਮ ਬੱਚਿਆਂ ਨੇ ਪੀਣਾ ਹੈ, ਵਿਚ ਗੰਦਾ ਮਾਦਾ ਮਿਲਾਇਆ ਜਾ ਰਿਹਾ ਹੈ ਅਤੇ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕਿਆ ਜਾ ਰਿਹਾ ਹੈ। ਇਹ ਕਿਹੋ ਜਿਹਾ ਵਿਕਾਸ ਹੈ ਜਿਸ ਰਾਹੀਂ ਮਨੁੱਖ ਦੀ ਮੌਤ ਦੀ ਕਹਾਣੀ ਲਿਖੀ ਜਾ ਰਹੀ ਹੈ?
ਮਾਲਵੇ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਲੋਕ ਜੋ ਨਹਿਰਾਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੇ ਹਨ, ਨੂੰ ਕੈਂਸਰ ਅਤੇ ਚਮੜੀ ਦੇ ਰੋਗ ਬੜੀ ਤੇਜ਼ੀ ਨਾਲ ਆਪਣੀ ਗ੍ਰਿਫਤ ਵਿਚ ਲੈ ਰਹੇ ਹਨ। ਇਹ ਠੀਕ ਹੈ ਕਿ ਸਾਨੂੰ ਵਿਕਾਸ ਲਈ ਕਾਰਖਾਨਿਆਂ ਫੈਕਟਰੀਆਂ ਦੀ ਲੋੜ ਹੈ ਪਰ ਇਨ੍ਹਾਂ ਨੂੰ ਚਲਾਉਣ ਵਾਲੇ ਅਤੇ ਇਨ੍ਹਾਂ ਦਾ ਬਣਿਆ ਸਮਾਨ ਵਰਤਣ ਵਾਲੇ ਲੋਕ ਹੀ ਜੇ ਨਾ ਰਹੇ ਤਾਂ ਇਹ ਵਿਕਾਸ ਸਾਡੇ ਕਿਸ ਕੰਮ? ਇਹ ਗੰਦਾ ਪਾਣੀ ਦਰਿਆਵਾਂ ਵਿਚ ਸੁੱਟਣ ਵਾਲੀਆਂ ਸਭ ਧਿਰਾਂ ਅਤੇ ਸਰਕਾਰਾਂ ਨੂੰ ਸਵਾਲ ਕਰਨ ਦੀ ਲੋੜ ਹੈ ਕਿ ਦੁਨੀਆ ਦਾ ਕਿਹੜਾ ਕਾਨੂੰਨ ਹੈ ਜੋ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ? ਪਾਣੀ ਵਿਚ ਜ਼ਹਿਰ ਘੋਲਣ ਵਾਲੀਆਂ ਧਿਰਾਂ ਪੰਜਾਬ ਦੇ ਉਨ੍ਹਾਂ ਸਭ ਲੋਕਾਂ ਦੀਆਂ ਦੋਖੀ ਹਨ ਜਿਨ੍ਹਾਂ ਦੇ ਘਰ-ਬਾਰ ਬਿਮਾਰੀਆਂ ਦੁਸ਼ਵਾਰੀਆਂ ਭੋਗਦਿਆਂ ਵਿਕ ਗਏ। ਇਹ ਉਨ੍ਹਾਂ ਸਭ ਮਾਸੂਮਾਂ ਦੀਆਂ ਦੋਖੀ ਹਨ ਜਿਨ੍ਹਾਂ ਦੇ ਸੀਨਿਆਂ ਵਿਚ ਇਹ ਗੰਦਾ ਪਾਣੀ ਉਤਰਦਾ ਹੈ ਅਤੇ ਉਨ੍ਹਾਂ ਨੂੰ ਬਿਮਾਰ ਬਣਾ ਕੇ ਹਸਪਤਾਲਾਂ ਵੱਲ ਤੋਰਦਾ ਹੈ। ਇੱਥੇ ਹੀ ਬੱਸ ਨਹੀਂ ਸਗੋਂ ਇੱਥੇ ਬੁੱਢੇ ਨਾਲੇ ਅਤੇ ਇਸ ਇਲਾਕੇ ਵਿਚ ਵੱਡੇ ਬਹੁਤ ਸਾਰੇ ਪਿੰਡਾਂ ਦੇ ਲੋਕ ਕਈ ਤਰ੍ਹਾਂ ਦੇ ਵਿਕਾਰਾਂ ਤੋਂ ਪੀੜਤ ਹੋ ਰਹੇ ਹਨ। ਦੂਰ ਤੱਕ ਕਿਲੋਮੀਟਰਾਂ ਵਿਚ ਮੁਸ਼ਕ ਮਾਰਦੇ ਗੰਦੇ ਮਾਦੇ ਦੇ ਆਲੇ ਦੁਆਲੇ ਰਹਿੰਦੇ ਲੋਕ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਰਾਂ ਤੋਂ ਪੀੜਤ ਹਨ।
ਇੱਥੇ ਧਰਤੀ ਹੇਠਲਾ ਪਾਣੀ ਵੀ ਬੁਰੀ ਤਰ੍ਹਾਂ ਪਲੀਤ ਹੋ ਗਿਆ ਹੈ। ਇਸ ਦਾ ਹੱਲ ਕੀ ਹੋਵੇ? ਹੱਲ ਸ਼ਾਇਦ ਇਹੀ ਹੈ ਕਿ ਇਸ ਗੰਦੇ ਪਾਣੀ ਨੂੰ ਦਰਿਆ ਵਿਚ ਪੈਣ ਤੋਂ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਉਹ ਫੈਕਟਰੀਆਂ ਜੋ ਵੱਧ ਪਾਣੀ ਦੀ ਵਰਤੋਂ ਕਰਦੀਆਂ ਹਨ, ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਗੰਦੇ ਪਾਣੀ ਨੂੰ ਸੋਧ ਕੇ ਦਰਿਆ ਵਿਚ ਪਾਉਣ ਦੀ ਬਜਾਇ ਮੁੜ ਉਨ੍ਹਾਂ ਫੈਕਟਰੀਆਂ ਮਿੱਲਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿੱਥੋਂ ਇਹ ਪਲੀਤ ਹੋ ਕੇ ਨਿਕਲਦਾ ਹੈ। ਇਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਕੱਢਣ ਵਿਚ ਕੁਝ ਬਰੇਕ ਲੱਗੇਗੀ, ਉੱਥੇ ਦਰਿਆ ਨੂੰ ਗੰਦਾ ਹੋਣ ਤੋਂ ਬਚਾਇਆ ਜਾ ਸਕੇਗਾ, ਤੇ ਨਾਲ ਹੀ ਇਸ ਪਾਣੀ ਨੂੰ ਸੰਜਮ ਨਾਲ ਵੀ ਵਰਤਿਆ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਗੰਦਗੀ ਜਾਂ ਗਾਰ ਨੂੰ ਦਰਿਆਵਾਂ ਦੇ ਕੰਢਿਆਂ ਤੋਂ ਸੁੱਟੇ ਜਾਣ ਤੋਂ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ।
ਪਿਛਲੇ ਕੁਝ ਅਰਸੇ ਤੋਂ ਕੁਝ ਵਾਤਾਵਰਨ ਪ੍ਰੇਮੀ ਅਤੇ ਸੰਸਥਾਵਾਂ ਲਗਾਤਾਰ, ਸਰਕਾਰਾਂ ਨੂੰ ਕਹਿ ਰਹੇ ਹਨ ਕਿ ਮੌਤ ਦੇ ਇਸ ਮੰਜ਼ਰ ਵੱਲ ਧਿਆਨ ਦਿਓ ਪਰ ਕਿਸੇ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਲੋਕਾਂ ਨੂੰ ਖੈਰਾਤ ਵੰਡ ਕੇ ਵੋਟਾਂ ਲੈਣ ਵਾਲੀਆਂ ਸਾਡੀਆਂ ਸਿਆਸੀ ਪਾਰਟੀਆਂ ਨੂੰ ਸ਼ਾਇਦ ਲੋਕਾਂ ਦੀ ਜਿ਼ੰਦਗੀ ਨਾਲ ਜੁੜੇ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ। ਅਸੀਂ ਪੰਜਾਬ ਦੇ ਲੋਕਾਂ ਨੇ ਧਰਤੀ ਦੀ ਉਪਰਲੀ ਤਹਿ ਦੇ ਪਾਣੀ ਨੂੰ ਖਤਮ ਕਰ ਲਿਆ ਹੈ। ਇਸ ਧਰਤੀ ਤੇ ਵਹਿਣ ਵਾਲੀਆਂ ਬਹੁਤ ਸਾਰੀਆਂ ਛੋਟੀਆਂ ਨਦੀਆਂ ਪਲਾਟਾਂ ਵਿਚ ਬਦਲ ਗਈਆਂ ਹਨ, ਉਨ੍ਹਾਂ ਦਾ ਹੁਣ ਨਾਮੋ-ਨਿਸ਼ਾਨ ਵੀ ਨਹੀਂ ਬਚਿਆ ਹੈ। ਅਸੀਂ ਧਰਤੀ ਹੇਠੋਂ ਪਾਣੀ ਪਹਿਲਾਂ ਦੇ ਮੁਕਾਬਲੇ ਵੱਧ ਤੇਜ਼ੀ ਨਾਲ ਖਿੱਚਣ ਲੱਗ ਪਏ ਹਾਂ। ਸਾਡੀਆਂ ਸਿਆਣਪਾਂ ਨੇ ਸਾਰਾ ਸਾਲ ਵਹਿੰਦੇ ਦਰਿਆਵਾਂ ਨੂੰ ਗੰਦੇ ਨਾਲਿਆਂ ਵਿਚ ਬਦਲ ਦਿੱਤਾ ਹੈ।
ਪੰਜਾਬ ਦੇ ਮਾਲਵਾ ਖੇਤਰ ਦੇ ਕੁਝ ਪਿੰਡਾਂ ਦੇ ਹਾਲਾਤ ਇੰਨੇ ਨਾਜ਼ੁਕ ਹਨ ਕਿ ਪੰਜ ਤੋਂ ਸੱਤ ਸਾਲ ਦੇ ਬੱਚੇ ਕੈਂਸਰ ਦੇ ਮਰੀਜ਼ ਬਣ ਰਹੇ ਹਨ। ਜਿਹੜੇ ਲੋਕ ਨਹਿਰਾਂ ਦਾ ਪਾਣੀ ਪੀਣ ਲਈ ਮਜਬੂਰ ਹਨ, ਉਨ੍ਹਾਂ ਸੈਂਕੜੇ ਪਿੰਡਾਂ ਦੇ ਹਾਲਾਤ ਬੜੇ ਦਿਲ ਕੰਬਾਊ ਹਨ। ਅਬੋਹਰ ਨੇੜਲੇ ਪਿੰਡ ਡੰਗਰਖੇੜਾ ਅਤੇ ਧਰਾਂਗਵਾਲਾ ਦੀਆਂ ਖਬਰਾਂ ਬੜੀਆਂ ਭਿਆਨਕ ਹਨ। ਇਨ੍ਹਾਂ ਦੋਹਾਂ ਪਿੰਡਾਂ ਵਿਚ ਇੱਕ ਸਾਲ ਵਿਚ ਤਕਰੀਬਨ 12 ਤੋਂ 14 ਲੋਕਾਂ ਦੀ ਕੈਂਸਰ ਨਾਲ ਮੌਤ ਹੋਈ ਅਤੇ ਇੰਨੇ ਹੀ ਕੈਂਸਰ ਦੇ ਮਰੀਜ਼ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਧਰਾਂਗਵਾਲਾ ਪਿੰਡ ਦਰਮਿਆਨਾ ਜਿਹਾ ਹੈ ਜਿੱਥੇ 30 ਦੇ ਕਰੀਬ ਬੱਚੇ ਮੰਦਬੁੱਧੀ ਹਨ। ਗੰਦੇ ਵਾਤਾਵਰਨ, ਪਲੀਤ ਹਵਾ, ਰਸਾਇਣਾਂ ਵਾਲੇ ਪਾਣੀ ਨਾਲ ਅਖੌਤੀ ਵਿਕਾਸ ਮਾਡਲ ਦੇ ਰਹਿਨੁਮਾਵਾਂ ਨੇ ਇਸ ਧਰਤੀ ਨੂੰ ਨਰਕ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਕੈਂਸਰ ਹਸਪਤਾਲਾਂ ਵਿਚ ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਆਮ ਹਨ। ਲੋਕਾਂ ਦੇ ਘਰ-ਬਾਰ ਤੇ ਜ਼ਮੀਨਾਂ ਇਲਾਜ ਦੇ ਖਰਚਿਆਂ ਲਈ ਵਿਕ ਰਹੇ ਹਨ। ਕੀ ਪੰਜਾਬ ਦੀ ਕੋਈ ਇੱਕ ਵੀ ਰਾਜਸੀ ਜਮਾਤ ਹੈ ਜਿਸ ਦੇ ਏਜੰਡੇ ਤੇ ਲੋਕਾਂ ਦੀਆਂ ਇਹ ਪੀੜਾਂ ਹਨ?
ਪੰਜਾਬ ਦੇ ਲੋਕਾਂ ਨੂੰ ਸ਼ੁੱਧ ਵਾਤਾਵਰਨ ਦੀ ਲੋੜ ਹੈ, ਨਾਲ ਹੀ ਆਪਣੇ ਪਾਣੀਆਂ ਨੂੰ ਬਚਾਉਣ ਦੀ ਵੱਡੀ ਲੋੜ ਹੈ। ਪੰਜਾਬ ਦੇ ਲੋਕ ਅੱਜ ਜੇ ਧਰਤੀ ਹੇਠਲੇ ਪਾਣੀ ਅਤੇ ਦਰਿਆਵਾਂ ਨੂੰ ਬਚਾ ਲੈਂਦੇ ਹਨ ਤਾਂ ਉਨ੍ਹਾਂ ਦੀ ਅਮੀਰੀ ਨੂੰ ਕੋਈ ਖੋਹ ਨਹੀਂ ਸਕਦਾ। ਇਸ ਦੇ ਉਲਟ ਜੇ ਅਸੀਂ ਆਪਣਾ ਕੀਮਤੀ ਪਾਣੀ ਬਰਬਾਦ ਕਰਕੇ ਇਸੇ ਤਰ੍ਹਾਂ ਮੁਨਾਫਾ ਕਮਾਉਂਦੇ ਰਹੇ ਤਾਂ ਬੇਸ਼ੱਕ ਸਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਅੱਜ ਇਹ ਠੀਕ ਲੱਗਦਾ ਹੈ ਅਤੇ ਇਸ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਦਾ ਅਸੀਂ ਵਿਰੋਧ ਕਰਦੇ ਹਾਂ ਪਰ ਇਹ ਸੌਦਾ ਬਹੁਤ ਘਾਟੇ ਵਾਲਾ ਸਾਬਤ ਹੋ ਰਿਹਾ ਹੈ। ਅੱਜ ਜਿਸ ਢੰਗ ਨਾਲ ਪੰਜਾਬ ਵਿਚ ਪਾਣੀ ਦੀ ਬਰਬਾਦੀ ਹੋ ਰਹੀ ਹੈ, ਉਸ ਡਗਰ ਤੇ ਚੱਲਦਿਆਂ ਜਲਦੀ ਹੀ ਪੰਜਾਬ ਦੀ ਧਰਤੀ ਬੰਜਰ ਬਣ ਜਾਵੇਗੀ।
ਅਸਲ ਵਿਚ, ਅੱਜ ਦਾ ਦੌਰ ਮੁਨਾਫੇ ਬਟੋਰਨ ਦਾ ਹੈ। ਅਜੋਕੀ ਵਿਵਸਥਾ ਬਾਜ਼ਾਰ ਦੀਆਂ ਤਰਜੀਹਾਂ ਅਨੁਸਾਰ ਚੱਲਦੀ ਹੈ। ਜਿੱਥੇ ਅਸੀਂ ਹਜ਼ਾਰਾਂ ਕਿਊਸਕ ਪਾਣੀ ਬਰਬਾਦ ਅਤੇ ਗੰਦਾ ਕਰ ਰਹੇ ਹਾਂ, ਉੱਥੇ ਹੀ ਧਰਤੀ ਤੇ ਬੰਦ ਬੋਤਲ ਪਾਣੀ ਵੀਹ ਰੁਪਏ ਲਿਟਰ ਵਿਕ ਰਿਹਾ ਹੈ। ਇਸ ਤੋਂ ਵੱਡੀ ਨਾਸਮਝੀ ਹੋਰ ਕੀ ਹੋ ਸਕਦੀ ਹੈ? ਅਸੀਂ ਪਾਣੀ ਦਾ ਮੁੱਲ ਹੀ ਨਹੀਂ ਸਮਝ ਸਕੇ। ਬਾਜ਼ਾਰ ਨੇ ਪਾਣੀ ਅਹਿਮੀਅਤ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੀ ਲੋੜ ਨੂੰ ਸਮਝ ਲਿਆ ਹੈ। ਇਸੇ ਲਈ ਬਾਜ਼ਾਰ ਦੀ ਕੋਸ਼ਿਸ਼ ਹੈ ਕਿ ਪਾਣੀ ਆਮ ਮਨੁੱਖ ਦੀ ਪਹੁੰਚ ਵਿਚ ਨਾ ਰਹੇ। ਪਾਣੀ ਜਿਸ ਦਾ ਕੋਈ ਮੁੱਲ ਨਹੀਂ, ਜਦੋਂ ਸਾਡੀਆਂ ਅੱਖਾਂ ਦੇ ਸਾਹਵੇਂ ਬਰਬਾਦ ਹੋ ਰਿਹਾ ਹੈ ਤਾਂ ਕੱਲ੍ਹ ਜਦੋਂ ਅਸੀਂ ਸਭ ਇਸ ਧਰਤੀ ਤੇ ਨਹੀਂ ਹੋਵਾਂਗੇ ਤਾਂ ਸਾਡਾ ਜਿ਼ਕਰ ਸੰਵੇਦਨਹੀਣ ਲੋਕਾਂ ਵਿਚ ਹੋਵੇਗਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ਾਇਦ ਕਿਸੇ ਹੋਰ ਧਰਤੀ ਤੇ ਜਾ ਵੱਸਣ ਪਰ ਜਦੋਂ ਸਾਡੇ ਸਮਿਆਂ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਜਿ਼ਕਰ ਜ਼ਰੂਰ ਹੋਵੇਗਾ ਕਿ ਜਦੋਂ ਸਾਡੇ ਪਾਣੀਆਂ ਵਿਚ ਜ਼ਹਿਰ ਘੋਲਿਆ ਜਾ ਰਿਹਾ ਸੀ ਤਾਂ ਅਸੀਂ ਆਪਣੀ ਅਕਲ ਦੇ ਬੂਹੇ ਭੇੜ ਲਏ ਸੀ, ਜ਼ਬਾਨ ਨੂੰ ਜੰਦਰੇ ਜੜ ਲਏ ਸੀ। ਹੁਣ ਸਾਡੇ ਜਾਗਣ ਦਾ ਵੇਲਾ ਹੈ, ਰਾਜ ਕਰਨ ਵਾਲੀਆਂ ਰਾਜਸੀ ਪਾਰਟੀ ਨੂੰ ਸਵਾਲ ਕਰਨ ਦਾ ਸਮਾਂ ਹੈ, ਇਹ ਨਾ ਹੋਵੇ ਕਿ ਕੱਲ੍ਹ ਜਦੋਂ ਸਾਡੀ ਜਾਗ ਖੁੱਲ੍ਹੇ, ਉਦੋਂ ਬਹੁਤ ਦੇਰ ਹੋ ਚੁੱਕੀ ਹੋਵੇ।
-ਗੁਰਚਰਨ ਸਿੰਘ ਨੂਰਪੁਰ
Comment here