ਰਾਏਪੁਰ-ਇੱਕ ਪਾਸੇ ਕੇਂਦਰ ਸਰਕਾਰ ਦੇਸ਼ ਚ ਕਰੋਨਾ ਕਾਲ ਚ ਆਕਸੀਜਨ ਦੀ ਕਮੀ ਨਾਲ ਕੋਈ ਵੀ ਮੌਤ ਨਾ ਹੋਣ ਦੀ ਗੱਲ ਕਰ ਰਹੀ ਹੈ, ਜਦਕਿ ਅੱਜ ਦੂਜੀ ਲਹਿਰ ਦਾ ਕਹਿਰ ਘਟਣ ਦੇ ਬਾਵਜੂਦ ਹਸਪਤਾਲਾਂ ਚ ਆਕਸੀਜਨ ਦੀ ਕਮੀ ਰੜਕ ਰਹੀ ਹੈ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਸਰਕਾਰੀ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਤਿੰਨ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਘਟਨਾ ਮੰਗਲਵਾਰ ਰਾਤ 8 ਵਜੇ ਵਾਪਰੀ। ਪੀੜਤ ਪਰਿਵਾਰਾਂ ਨੇ ਦੋਸ਼ ਲਾਇਆ ਕਿ ਸਿਹਤ ਵਿਗੜਨ ਕਾਰਨ ਬੱਚਿਆਂ ਨੂੰ ਆਕਸੀਜਨ ਤੋਂ ਬਿਨ੍ਹਾਂ ਕਿਸੇ ਹੋਰ ਹਸਪਤਾਲ ਰੈਫਰ ਕੀਤਾ ਜਾ ਰਿਹਾ ਹੈ। ਇਕ ਮਰੀਜ਼ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇੱਥੇ ਤਿੰਨ ਨਹੀਂ, ਸੱਤ ਬੱਚਿਆਂ ਦੀ ਮੌਤ ਹੋਈ ਹੈ।, ਉਸਨੇ ਆਪਣੀਆਂ ਅੱਖਾਂ ਨਾਲ ਸੱਤ ਬੱਚਿਆਂ ਦੀਆਂ ਲਾਸ਼ਾਂ ਨੂੰ ਇਕ ਤੋਂ ਬਾਅਦ ਇਕ ਲਿਜਾਦਿਆਂ ਵੇਖਿਆ। ਜਦ ਬੱਚਿਆਂ ਨੂੰ ਕਿਸੇ ਨਿੱਜੀ ਹਸਪਤਾਲ ਰੈਫਰ ਕੀਤਾ ਜਾ ਰਿਹਾ ਸੀ ਤਾਂ ਲੈ ਕੇ ਜਾਣ ਲਈ ਆਕਸੀਜਨ ਸਿਲੰਡਰ ਦੀ ਜ਼ਰੂਰਤ ਸੀ, ਪਰ ਹਸਪਤਾਲ ਪ੍ਰਬੰਧਨ ਨੇ ਕਿਹਾ ਕਿ ਆਕਸੀਜਨ ਹੈ ਨਹੀ, ਬਿਨਾ ਆਕਸੀਜਨ ਤੋਂ ਰੈਫਰ ਹੋਏ ਬੱਚਿਆਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮਾਪੇ ਤੇ ਹੋਰ ਮਰੀਜ਼ ਭੜਕ ਪਏ, ਹੰਗਾਮਾ ਹੋਇਆ,ਪੁਲਿਸ ਆਈ ਤੇ ਪੁਲਸ ਨੇ ਲੋਕਾਂ ਨੂ ਸਮਝਾਅ ਬੁਝਾਅ ਕੇ ਸ਼ਾਂਤ ਕੀਤਾ। ਦੂਜੇ ਪਾਸੇ ਹਸਪਤਾਲ ਪ੍ਰਬੰਧਨ ਨੇ ਬੱਚਿਆਂ ਦੀ ਮੌਤ ਨੂੰ ਆਮ ਘਟਨਾ ਦੱਸਿਆ ਹੈ।
ਆਕਸੀਜਨ ਨਾ ਹੋਣ ਕਰਕੇ ਨਵਜੰਮੇ ਬੱਚਿਆਂ ਦੀ ਮੌਤ

Comment here