ਸਿਆਸਤਖਬਰਾਂ

‘ਆਓ ਗੁਰਦੁਆਰੇ ਵਿੱਚ ਪੜ੍ਹੋ ਨਮਾਜ਼’…

ਨਵੀਂ ਦਿੱਲੀ-ਗੁਰੂਗ੍ਰਾਮ ਵਿੱਚ ਖੁੱਲ੍ਹੇ ਵਿੱਚ ਨਮਾਜ਼ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਕੱਟੜ ਹਿੰਦੂਤਵੀ ਸੰਗਠਨਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਸ ਦੌਰਾਨ ਸਿੱਖ ਭਾਈਚਾਰੇ ਨੇ ‘ਆਓ ਗੁਰਦੁਆਰੇ ਵਿੱਚ ਪੜ੍ਹੋ ਨਮਾਜ਼’ ਮੁਹਿੰਮ ਸ਼ੁਰੂ ਕੀਤੀ ਹੈ। ਗੁਰੂਗ੍ਰਾਮ ਵਿੱਚ ਸੈਕਟਰ 12-ਏ ਵਿੱਚ ਜੁਮੇ ਦੀ ਖੁੱਲ੍ਹੇ ਵਿੱਚ ਹੋਣ ਵਾਲੀ ਨਮਾਜ਼ ਦਾ ਵਿਰੋਧ ਜਾਰੀ ਹੈ। ਕਈ ਹਿੰਦੂ ਸੰਗਠਨਾਂ ਨੇ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਅਤੇ ਧਰਨਾ ਪ੍ਰਦਰਸ਼ਨ ਵੀ ਕੀਤੇ ਸਨ ਅਤੇ ਕਿਹਾ ਹੈ ਕਿ ਉਹ ਖੁੱਲੇ ਚ ਨਮਾਜ਼ ਕਿਸੇ ਵੀ ਹਾਲ ਨਹੀਂ ਅਦਾ ਕਰਨ ਦੇਣਗੇ। ਇਸ ਮਗਰੋਂ ਸ਼੍ਰੀ ਗੁਰੁ ਸਿੰਘ ਸਭਾ ਨੇ ਮੁਸਲਮ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰੇ ਵਿੱਚ ਆ ਕੇ ਨਮਾਜ਼ ਪੜ੍ਹ ਸਕਦੇ ਹਨ। ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ਼ੇਰਗਿਲ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਗੁਰੂ ਬਾਬਾ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾ ਰਹੇ ਹਾਂ, ਜਿਹਨਾਂ ਨੇ ਉਪਦੇਸ਼ ਦਿੱਤਾ ਹੈ ਕਿ ਅੱਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਾਇਆ ਕੌਣ ਭਲੇ ਕੋ ਮੰਦੇ। ਇਸੇ ਉਪਦੇਸ਼ ਤੇ ਅਮਲ ਕਰਦਿਆਂ ਅਸੀਂ ਮੁਸਲਮ ਭਰਾਵਾਂ ਨੂੰ ਗੁਰੂ ਘਰ ਚ ਨਮਾਜ਼ ਅਦਾ ਕਰਨ ਲਈ ਸੱਦੇ ਦੇ ਰਹੇ ਹਾਂ, ਕਿਉਂਕਿ ਕਿਸੇ ਵੀ ਧਰਮ ਦੀ ਇਬਾਦਤ ਨੂੰ ਰੋਕਣਾ ਗੁਨਾਹ ਹੈ। ਪਰ ਇਥੇ ਸਥਿਤੀ ਟਕਰਾਅ ਵਾਲੀ ਬਣੀ ਹੋਈ ਹੈ, ਪੁਲਸ ਸਖਤ ਚੌਕਸੀ ਵਰਤ ਰਹੀ ਹੈ।

Comment here