ਸਿਆਸਤਖਬਰਾਂਦੁਨੀਆ

ਆਈ. ਐੱਸ. ਆਈ. ਮੁਖੀ ਨੇ ਮੀਡੀਆ ਨੂੰ ਫੋਟੋ ਜਾਰੀ ਨਾ ਕਰਨ ਦੇ ਦਿੱਤੇ ਨਿਰਦੇਸ਼

ਇਸਲਾਮਾਬਾਦ-ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ. ਐੱਸ. ਆਈ. ਦੇ ਨਵੇਂ ਜਨਰਲ ਡਾਇਰੈਕਟਰ (ਡੀ. ਜੀ.) ਲੈਫਟੀਨੈਂਟ ਜਨਰਲ ਨਦੀਮ ਅੰਜੁਮ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਕਿਸੇ ਵੀ ਅਧਿਕਾਰਤ ਬੈਠਕ ਦੌਰਾਨ ਲਈ ਗਈ ਉਨ੍ਹਾਂ ਦੀ ਤਸਵੀਰ ਜਾਂ ਵੀਡੀਓ ਫੁਟੇਜ ਮੀਡੀਆ ਨੂੰ ਜਾਰੀ ਨਾ ਕਰਨ ਨੂੰ ਕਿਹਾ ਹੈ। ਇਕ ਸੰਘੀ ਮੰਤਰੀ ਨੇ ਕਿਹਾ ਕਿ ਇਸ ਕਾਰਨ ਹੀ ਸਰਕਾਰ ਨੇ ਉਨ੍ਹਾਂ ਦੀ ਕੋਈ ਤਸਵੀਰ ਜਾਂ ਵੀਡੀਓ ਫੁਟੇਜ ਜਾਰੀ ਨਹੀਂ ਕੀਤੀ।
ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਹੋਈ, ਜਿਸ ਵਿਚ  ਆਈ. ਐੱਸ. ਆਈ. ਦੇ ਜਨਰਲ ਡਾਇਰੈਕਟਰ ਨੇ ਹਿੱਸਾ ਲਿਆ। ਹਾਲਾਂਕਿ ਸਰਕਾਰ ਵਲੋਂ ਮੀਡੀਆ ਨੂੰ ਜਾਰੀ ਕੀਤੀ ਗਈ ਤਸਵੀਰ ਅਤੇ ਵੀਡੀਓ ਫੁਟੇਜ ਵਿਚ ਦੇਸ਼ ਦੇ ਉੱਚ ਸਪਾਈਮਾਸਟਰ ਨੂੰ ਛੱਡ ਕੇ ਲੱਗਭਗ ਸਾਰਿਆਂ ਨੂੰ ਵਿਖਾਇਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਮੰਤਰੀ ਨੇ ਕਿਹਾ ਕਿ ਆਈ. ਐੱਸ. ਆਈ. ਦੇ ਜਨਰਲ ਡਾਇਰੈਕਟਰ ਦੇ ਰੂਪ ਵਿਚ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਉਨ੍ਹਾਂ ਦੀ ਕੋਈ ਤਸਵੀਰ ਜਾਂ ਵੀਡੀਓ ਫੁਟੇਜ ਮੀਡੀਆ ’ਚ ਜਾਰੀ ਨਹੀਂ ਕੀਤੀ ਗਈ ਹੈ।
ਓਧਰ ਸੇਵਾਮੁਕਤ ਲੈਫਟੀਨੈਂਟ ਜਨਰਲ ਅਮਜਦ ਸ਼ੋਇਬ ਨੇ ਇਸ ਮਾਮਲੇ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਖ਼ੁਫੀਆ ਸੇਵਾਵਾਂ ਦਾ ਮੂਲ ਸਿਧਾਂਤ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰਹਿਣਾ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਇਸ ਸਿਧਾਂਤ ਦਾ ਉਲੰਘਣ ਹੋਇਆ ਹੈ ਅਤੇ ਕਈ ਵਾਰ ਸਰਕਾਰਾਂ ਮੀਡੀਆ ਨੂੰ ਖ਼ੁਫੀਆ ਮੁਖੀਆ ਦੀਆਂ ਤਸਵੀਰਾਂ ਅਤੇ ਵੀਡੀਓ ਫੁਟੇਜ ਜਾਰੀ ਕਰਦੀ ਰਹੀ ਹੈ।

Comment here