ਸਿਆਸਤਖਬਰਾਂਦੁਨੀਆ

ਆਈ. ਐੱਸ. ਆਈ. ਮੁਖੀ ਦੀ ਤਾਲਿਬਾਨੀ ਨੇਤਾ ਨਾਲ ਨਮਾਜ਼ ਪੜਦੇ ਦੀ ਤਸਵੀਰ ਵਾਇਰਲ

ਨਵੀਂ ਦਿੱਲੀ- ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਤੋਂ ਪਾਕਿਸਤਾਨ ਵਿਚ ਖੁਸ਼ੀ ਦੀ ਲਹਿਰ ਹੈ, ਮੁਲਕ ਦੇ ਪੀ ਐਮ ਇਮਰਾਨ ਖਾਨ ਖੁਦ ਵੀ ਤਾਲਿਬਾਨੀ ਸ਼ਾਸਨ ਸਥਾਪਤੀ ਦੀ ਤਾਰੀਫ ਕਰ ਚੁੱਕੇ ਹਨ, ਇਸ ਤੋਂ ਇਲਾਵਾ ਆ ਰਹੀਆਂ ਖਬਰਾਂ ਮੁਤਾਬਕ ਇਥੇ ਸਥਿਤ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਮੌਲਾਨਾ ਵੀ ਤਾਲਿਬਾਨੀ ਰਾਜ ਪਰਤ ਆਉਣ ਤੇ ਬੇਹੱਦ ਖੁਸ਼ ਹਨ। ਪਾਕਿਸਤਾਨ ਦੇ ਕਈ ਇਲਾਕਿਆਂ ’ਚ ਜਸ਼ਨ ਮਨਾਇਆ ਜਾ ਰਿਹਾ ਹੈ। ਦੁਨੀਆਭਰ ਵਿਚ ਚਰਚਾ ਹੈ ਕਿ ਤਾਲਿਬਾਨ ਨੂੰ ਅਫ਼ਗਾਨਿਸਤਾਨ ਵਿਚ ਸੱਤਾ ਦਿਵਾਉਣ ਦੇ ਪਿੱਛੇ ਪਾਕਿਸਤਾਨੀ ਫ਼ੌਜ ਅਤੇ ਉਸ ਦੀ ਖੁਫ਼ੀਆ ਏਜੰਸੀ ਇੰਟਰ ਸਰਵਿਸੇਜ ਇੰਟੈਲੀਜੈਂਸ , ਆਈ. ਐੱਸ. ਆਈ., ਹੀ ਹੈ ਕਿਉਂਕਿ ਬਿਨਾਂ ਦੋਵਾਂ ਦੀ ਮਦਦ ਦੇ ਤਾਲਿਬਾਨ ਇੰਨੀ ਆਸਾਨੀ ਨਾਲ ਅਫ਼ਗਾਨਿਸਤਾਨ ‘ਤੇ ਸਿਰਫ਼ ਹਫ਼ਤੇ ਭਰ ਵਿਚ ਕਬਜ਼ਾ ਨਹੀਂ ਕਰ ਸਕਦਾ ਸੀ।

ਬੇਸ਼ਕ ਪਾਕਿਸਤਾਨ ਵਾਰ-ਵਾਰ ਕਹਿ ਰਿਹਾ ਹੈ ਕਿ ਉਸਦਾ ਤਾਲਿਬਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਉਸਦਾ ਝੂਠ ਫੜਿਆ ਗਿਆ ਹੈ।ਦਰਅਸਲ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਆਈ. ਐੱਸ. ਆਈ. ਦਾ ਚੀਫ ਫੈਜ਼ ਹਮੀਦ ਤਾਲਿਬਾਨ ਦੀ ਟਾਪ ਲੀਡਰਸ਼ਿਪ ਨਾਲ ਨਮਾਜ਼ ਅਦਾ ਕਰ ਰਿਹਾ ਹੈ। ਟਵਿਟਰ ਯੂਜਰਸ ਦਾ ਦਾਅਵਾ ਹੈ ਕਿ ਵਾਇਰਲ ਤਸਵੀਰ ਵਿਚ ਤਾਲਿਬਾਨ ਦੇ ਸਹਿ-ਸੰਸਥਾਪਕ ਮੁੱਲਾ ਅਬਦੁੱਲਾ ਗਨੀ ਬਰਾਦਰ ਅਤੇ ਸ਼ੇਖ ਅਬਦੁੱਲ ਹਕੀਮ ਵੀ ਸ਼ਾਮਲ ਹਨ। ਵਾਇਰਲ ਤਸਵੀਰ ਵਿਚ ਅਬਦੁੱਲ ਗਨੀ ਬਰਾਦਰ ਨਮਾਜ਼ ਪਡ਼੍ਹ ਰਿਹਾ ਹੈ ਅਤੇ ਉਸਦੇ ਨਾਲ ਤਸਵੀਰ ਵਿਚ ਹੋਰ 7 ਲੋਕ ਦਿਖ ਰਹੇ ਹਨ। ਇਹ ਸਭ ਮੁੱਲਾ ਬਰਾਦਰ ਦੇ ਖ਼ਾਸਮ ਖ਼ਾਸ ਅਤੇ ਸਟਾਫ਼ ਹਨ। ਇਹ ਲੋਕ ਮੁੱਲਾ ਬਰਾਦਰ ਨਾਲ ਉਦੋਂ ਤੋਂ ਹਨ, ਜਦੋਂ ਉਹ ਕਤਰ ਦੇ ਦੋਹਾ ਵਿਚ ਸੀ , ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੋਇਆ ਹੈ ਕਿ ਫੋਟੋ ਅਸਲੀ ਹੈ ਜਾਂ ਇਸਨੂੰ ਫੋਟੋਸ਼ਾਪ ਕੀਤਾ ਗਿਆ ਹੈ ਪਰ ਇਸ ਫੋਟੋ ’ਤੇ ਸੋਸ਼ਲ ਮੀਡੀਆ ’ਤੇ  ਬਹਿਸ ਛਿੜ ਗਈ ਹੈ। ਅਜੇ ਮੁੱਲਾ ਬਰਾਦਰ ਸਰਕਾਰ ਬਣਾਉਣ ਲਈ ਕਾਬੁਲ ਵਿਚ ਹੈ ਅਤੇ ਆਈ. ਐੱਸ. ਆਈ. ਚੀਫ ਫੈਜ਼ ਹਮੀਦ ਇਸਲਾਮਾਬਾਦ ਵਿਚ, ਇਸ ਲਈ ਇਸ ਤਸਵੀਰ ਦੇ ਪੁਰਾਣੇ ਹੋਣ ਦੇ ਚਾਂਸ ਜ਼ਿਆਦਾ ਹਨ, ਭਾਵ ਇਹ ਤਸਵੀਰ ਉਦੋਂ ਦੀ ਹੋ ਸਕਦੀ ਹੈ ਜਦੋਂ ਅਬਦੁੱਲ ਗਨੀ ਬਰਾਦਰ ਦੋਹਾ ਵਿਚ ਸੀ। ਫੋਟੋ ਦੇ ਨਵਾਂ, ਪੁਰਾਣਾ ਜਾਂ ਐਡੀਟਿੰਗ ’ਤੇ ਵਿਵਾਦ ਹੋ ਸਕਦਾ ਹੈ ਪਰ ਇਸ ’ਤੇ ਸ਼ਾਇਦ ਹੀ ਕਿਸੇ ਨੂੰ ਸ਼ੱਕ ਹੋਵੇ ਕਿ ਤਾਲਿਬਾਨ ਦੀ ਪਾਕਿਸਤਾਨ ਨੇ ਖੂਬ ਮਦਦ ਕੀਤੀ ਹੈ। ਇਹ ਤਸਵੀਰ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਇਹ ਤੈਅ ਹੈ ਕਿ ਪਾਕਿਸਤਾਨ ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ ਦਾ ਪਹਿਲਾ ‘ਮਹਿਮਾਨ ਦੇਸ਼’ ਹੋਵੇਗਾ। ਇਹ ਵੀ ਜਾਣਕਾਰੀ ਆ ਰਹੀ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਤਾਲਿਬਾਨ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣਗੇ।ਮੁੱਲਾ ਬਰਾਦਰ ਅਤੇ ਆਈ. ਐੱਸ. ਆਈ. ਪ੍ਰਮੁੱਖ ਫੈਜ਼ ਹਮੀਦ ਦੀ ਇਕੱਠਿਆਂ ਦੀ ਤਸਵੀਰ ਆਉਣ ਤੋਂ ਬਾਅਦ ਭਾਰਤ ਦੀ ਚਿੰਤਾ ਵੱਧ ਗਈ ਹੈ ਕਿ ਕੀ ਅਫ਼ਗਾਨਿਸਤਾਨ ਵਿਚ ਤਖ਼ਤਾਪਲਟ ਤੋਂ ਬਾਅਦ ਤਾਲਿਬਾਨ ਆਈ. ਐੱਸ. ਆਈ. ਨਾਲ ਮਿਲਕੇ ਕੋਈ ਸਾਜਿਸ਼ ਰੱਚ ਰਿਹਾ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਇਮਰਾਨ ਦੀ ਪਾਰਟੀ ਦੀ ਨੇਤਾ ਨੀਲਮ ਸ਼ੇਖ ਨੇ ਵੀ ਕਿਹਾ ਹੈ ਕਿ ਤਾਲਿਬਾਨ ਹੁਣ ਕਸ਼ਮੀਰ ਜਿੱਤ ਕੇ ਪਾਕਿਸਤਾਨ ਦੀ ਝੋਲੀ ਪਾਵੇਗਾ।

Comment here