ਅਪਰਾਧਸਿਆਸਤਖਬਰਾਂ

ਆਈ. ਐੱਸ. ਆਈ. ਪੰਜਾਬ ’ਚ ਖਾਲਿਸਤਾਨੀਆਂ ਨੂੰ ਸਰਗਰਮ ਕਰਨ ਦੀ ਬਣਾ ਰਿਹੈ ਯੋਜਨਾ

ਗੁਰਦਾਸਪੁਰ-ਭਾਰਤੀ ਖੁਫ਼ੀਆ ਏਜੰਸੀਆਂ ਨੂੰ ਮਿਲੇ ਇਨਪੁਟਸ ਮੁਤਾਬਕ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਫਿਰ ਤੋਂ ਭਾਰਤੀ ਪੰਜਾਬ ’ਚ ਖਾਲਿਸਤਾਨੀ ਸਮਰਥਕਾਂ ਅਤੇ ਤਾਮਿਲਨਾਡੂ ’ਚ ਲਿੱਟੇ ਅੱਤਵਾਦੀ ਸੰਗਠਨ ਨੂੰ ਫਿਰ ਤੋਂ ਸਰਗਰਮ ਕਰਨ ਦੀ ਯੋਜਨਾ ਬਣਾਈ ਹੈ। ਬੀਤੇ ਦਿਨੀਂ ਆਈ. ਐੱਸ. ਆਈ. ਨੇ ਇਸਲਾਮਾਬਾਦ ’ਚ ਭਾਰਤੀ ਪੰਜਾਬ ਦੇ ਖਾਲਿਸਤਾਨੀ ਸਮਰਥਕਾਂ, ਜੋ ਲੰਬੇ ਸਮੇਂ ਤੋਂ ਪਾਕਿਸਤਾਨ ’ਚ ਸ਼ਰਨ ਲੈ ਕੇ ਬੈਠੇ ਹਨ, ਉਨ੍ਹਾਂ ਨਾਲ ਇਕ ਗੁਪਤ ਮੀਟਿੰਗ ਕੀਤੀ। ਇਸ ਮੀਟਿੰਗ ’ਚ ਰਣਜੀਤ ਸਿੰਘ ਨੀਟਾ, ਵਾਸੀ ਜੰਮੂ , ਜੋ ਖਾਲਿਸਤਾਨ ਜ਼ਿੰਦਾਬਾਦ ਫ਼ੋਰਸ ਦਾ ਆਪੇ ਹੀ ਮੁਖੀ ਬਣਿਆ ਹੋਇਆ ਹੈ, ਦੀ ਕੁਝ ਆਈ. ਐੱਸ. ਆਈ. ਅਫ਼ਸਰਾਂ ਨਾਲ ਗਰਮਾ-ਗਰਮੀ ਵੀ ਹੋਈ। ਕੁਝ ਹੋਰ ਲੋਕਾਂ ਦੇ ਦਖ਼ਲ ਨਾਲ ਮਾਮਲਾ ਸ਼ਾਂਤ ਹੋਇਆ। ਆਈ. ਐੱਸ. ਆਈ. ਅਧਿਕਾਰੀਆਂ ਨੇ ਮੀਟਿੰਗ ’ਚ ਸ਼ਾਮਲ ਸਾਰੇ ਖਾਲਿਸਤਾਨੀ ਸਮਰਥਕਾਂ ਨੂੰ ਸਪੱਸ਼ਟ ਕੀਤਾ ਕਿ ਹੋਰ ਕਿੰਨਾ ਸਮਾਂ ਤੁਹਾਨੂੰ ਅਸੀਂ ਲੁਕਾ ਕੇ ਰੱਖ ਸਕਦੇ ਹਾਂ ਅਤੇ ਕਦੋਂ ਤੱਕ ਖੁਆ ਸਕਦੇ ਹਾਂ। ਉਨ੍ਹਾਂ ਨੇ ਪੰਜਾਬ ’ਚ ਨਸ਼ੀਲੇ ਪਦਾਰਥ ਭੇਜਣ ’ਚ ਆਈ. ਐੱਸ. ਆਈ. ਦੀ ਮਦਦ ਕਰਨ ਦੀ ਸ਼ਰਤ ਵੀ ਰੱਖੀ।
ਇਸ ਦੌਰਾਨ ਇਕ ਖਾਲਿਸਤਾਨੀ ਸਮਰਥਕ ਨੇ ਆਪਣੇ ਸਾਥੀ ਹਰਿੰਦਰ ਸਿੰਘ ਰਿੰਦਾ ਬਾਰੇ ਸਹੀ ਜਾਣਕਾਰੀ ਦੇਣ ਦੀ ਮੰਗ ਕੀਤੀ। ਇਸ ’ਤੇ ਆਈ. ਐੱਸ. ਆਈ. ਅਧਿਕਾਰੀਆਂ ਨੇ ਕਿਹਾ ਕਿ ਉਹ ਠੀਕ ਹੈ ਅਤੇ ਹੁਣ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਆਰਾਮ ਕਰ ਰਿਹਾ ਹੈ। ਇਸ ਦੌਰਾਨ ਸਾਰਿਆਂ ਨੇ ਭਾਰਤੀ ਪੰਜਾਬ ’ਚ ਆਪਣੇ-ਆਪਣੇ ਸਮਰਥਕਾਂ ਨੂੰ ਸਰਗਰਮ ਕਰਨ ਅਤੇ ਆਈ. ਐੱਸ. ਆਈ. ਦੀ ਬਣਾਈ ਯੋਜਨਾ ਨੂੰ ਸਫ਼ਲ ਬਣਾਉਣ ਦੀ ਸਹਿਮਤੀ ਪ੍ਰਗਟਾਈ।
ਉੱਥੇ ਹੀ, ਦੂਜੇ ਪਾਸੇ ਆਈ. ਐੱਸ. ਆਈ. ਵੱਲੋਂ ਲਿੱਟੇ ਨੂੰ ਸਰਗਰਮ ਕਰਨ ਲਈ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ਼ ਇੰਡੀਆ ਦੇ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਲਈ ਪਾਕਿਸਤਾਨ ਦੇ ਅੰਤਰਰਾਸ਼ਟਰੀ ਸਮੱਗਲਰ ਹਾਜੀ ਸਲੀਮ ਵੱਲੋਂ ਸ਼੍ਰੀਲੰਕਾ ਦੇ ਸਮੱਗਲਰਾਂ ਗੁਣਾਸ਼ੇਖਰਨ ਅਤੇ ਪੁਸ਼ਪਰਾਜਾਹ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

Comment here