ਅਪਰਾਧਸਿਆਸਤਖਬਰਾਂਦੁਨੀਆ

ਆਈ. ਐੱਸ. ਆਈ. ਨੇ ਗ੍ਰਿਫ਼ਤਾਰ ਤਸਕਰ ਨੂੰ ਪੁਲਸ ਤੋਂ ਛੁਡਾਇਆ

ਇਸਲਾਮਾਬਾਦ-ਸਰਹੱਦ ਪਾਰ ਤਸਕਰੀ ਦੇ ਮਾਮਲੇ ਵਧਦੇ ਜਾ ਰਹੇ ਹਨ। ਪਾਕਿਸਤਾਨ ਦੇ ਜ਼ਿਲ੍ਹਾ ਡੇਰਾ ਇਸਮਾਈਲ ਖਾਨ ਅਧੀਨ ਡੇਰਾਬਨ ਪੁਲਸ ਨੇ ਇਕ ਦੋਸ਼ੀ ਦੇ ਵਾਹਨ ਦਾ ਪਿੱਛਾ ਕਰਕੇ ਉਸ ਤੋਂ 50 ਕਿੱਲੋ ਹਸ਼ੀਸ਼ ਬਰਾਮਦ ਕੀਤੀ ਪਰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਿਥੇ ਦੋਸ਼ੀ ਨੂੰ ਪੁਲਸ ਤੋਂ ਮੁਕਤ ਕਰਵਾਇਆ, ਉਥੇ ਹੀ ਹਸ਼ੀਸ਼ ਵੀ ਆਪਣੇ ਨਾਲ ਲੈ ਗਏ। ਇਸ ਦੌਰਾਨ ਮੌਕੇ ’ਤੇ ਪਹੁੰਚੇ ਪੱਤਰਕਾਰਾਂ ਵੱਲੋਂ ਖਿੱਚੀ ਗਈ ਫੋਟੋ ਵੀ ਮੌਕੇ ’ਤੇ ਡਿਲੀਟ ਕਰਵਾਈ ਗਈ। ਸੂਤਰਾਂ ਅਨੁਸਾਰ ਡੇਰਾਬਨ ਪੁਲਸ ਨੂੰ ਕਿਸੇ ਨੇ ਸੂਚਿਤ ਕੀਤਾ ਸੀ ਕਿ ਇਕ ਦੋਸ਼ੀ ਮੁਹੰਮਦ ਰਿਆਜ਼ ਵਾਸੀ ਖਟਕ ਆਪਣੀ ਕਾਰ ’ਚ 50 ਕਿੱਲੋ ਹਸ਼ੀਸ਼ ਲੈ ਕੇ ਕਵੇਟਾ ਤੋਂ ਖਟਕ ਜਾ ਰਿਹਾ ਹੈ। ਜਿਸ ’ਤੇ ਪੁਲਸ ਨੇ ਦਰਾਬਨ ਇਲਾਕੇ ’ਚ ਉਕਤ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਤੋਂ 40 ਪੈਕੇਟ ਹਸ਼ੀਸ਼ ਦੇ ਮਿਲੇ, ਜਿਨ੍ਹਾਂ ਦਾ ਵਜ਼ਨ 50 ਕਿੱਲੋ ਸੀ। ਪੁਲਸ ਨੇ ਮੌਕੇ ’ਤੇ ਪੱਤਰਕਾਰਾਂ ਨੂੰ ਬੁਲਾ ਲਿਆ। ਸੂਤਰਾਂ ਅਨੁਸਾਰ ਦੋਸ਼ੀ ਮੁਹੰਮਦ ਰਿਆਜ਼ ਨੇ ਕਿਸੇ ਨੂੰ ਆਪਣੇ ਫੜੇ ਜਾਣ ਸਬੰਧੀ ਮੋਬਾਇਲ ’ਤੇ ਸੂਚਿਤ ਕੀਤਾ, ਜਿਸ ਤੋਂ ਕੁਝ ਮਿੰਟ ਬਾਅਦ ਹੀ ਮੌਕੇ ’ਤੇ ਆਈ. ਐੱਸ. ਆਈ. ਏਜੰਸੀ ਦੇ ਵਾਹਨ ਪਹੁੰਚੇ ਅਤੇ ਉਸ ’ਚ ਬੈਠੇ ਅਧਿਕਾਰੀਆਂ ਨੇ ਮੁਹੰਮਦ ਰਿਆਜ਼ ਨੂੰ ਪੁਲਸ ਤੋਂ ਮੁਕਤ ਕਰਵਾ ਲਿਆ। ਉਹ ਬਰਾਮਦ ਹਸ਼ੀਸ਼ ਵੀ ਆਪਣੇ ਨਾਲ ਇਹ ਕਹਿ ਕੇ ਲੈ ਗਏ ਕਿ ਮੁਹੰਮਦ ਰਿਆਜ਼ ਉਨ੍ਹਾਂ ਦਾ ਆਦਮੀ ਹੈ। ਆਈ. ਐੱਸ. ਆਈ. ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚੇ ਪੱਤਰਕਾਰਾਂ ਵੱਲੋਂ ਖਿੱਚੀਆਂ ਫੋਟੋਆਂ ਨੂੰ ਵੀ ਨਸ਼ਟ ਕਰਵਾ ਦਿੱਤਾ, ਪੁਲਸ ਉੱਥੇ ਖੜ੍ਹੀ ਵੇਖਦੀ ਰਹਿ ਗਈ।

Comment here