ਅਜਬ ਗਜਬਅਪਰਾਧਸਿਆਸਤਖਬਰਾਂਦੁਨੀਆ

ਆਈ.ਐੱਸ.ਆਈ. ਏਜੰਸੀ ਨੇ ਆਪਣਾ ਜਸੂਸ ਫੜ ਕੇ ਦੱਸਿਆ ਆਤਮਘਾਤੀ

ਇਸਲਾਮਾਬਾਦ-ਪਾਕਿਸਤਾਨ ਵਿੱਚ ਜਾਸੂਸ ਨੂੰ ਟਰੇਨਿੰਗ ਦੇ ਕੇ ਭਾਰਤ ਜਸੂਸੀ ਕਰਨ ਭੇਜਿਆ ਜਾਂਦਾ ਰਿਹਾ ਹੈ, ਪਰ ਹੁਣ ਪਾਕਿਸਤਾਨ ’ਚ ਕਵੇਤਾ ਅੱਤਵਾਦੀ ਵਿਰੋਧੀ ਪੁਲਸ ਨੇ ਬੀਤੀ ਦੇਰ ਸ਼ਾਮ ਆਪਣੇ ਹੀ ਇਕ ਏਜੰਟ ਨੂੰ ਗ੍ਰਿਫ਼ਤਾਰ ਕਰਕੇ ਉਸ ’ਤੇ ਆਤਮਘਾਤੀ ਹਮਲੇ ਕਰਵਾਉਣ ਅਤੇ ਬੰਬ ਵਿਸਫੋਟ ਕਰਵਾਉਣ ਦਾ ਮਾਸਟਰ ਮਾਈਡ ਬਣਾ ਦਿੱਤਾ। ਗ੍ਰਿਫ਼ਤਾਰ ਵਿਅਕਤੀ ਦੇ ਪਰਿਵਾਰ ਵਾਲਿਆਂ ਅਨੁਸਾਰ ਉਨ੍ਹਾਂ ਦਾ ਬੱਚਾ ਲੰਮੇ ਸਮੇਂ ਤੋਂ ਆਈ.ਐੱਸ.ਆਈ ਲਈ ਕੰਮ ਕਰਦਾ ਆ ਰਿਹਾ ਸੀ ਪਰ ਕੁਝ ਮਹੀਨੇ ਤੋਂ ਉਸ ਨੇ ਆਈ.ਐੱਸ.ਆਈ ਅਧਿਕਾਰੀਆਂ ਨੂੰ ਉਨ੍ਹਾਂ ਲਈ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰਵਾ ਕੇ ਵਾਹ ਵਾਹ ਲੁੱਟੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਕਵੇਟਾ ਦੀ ਅੱਤਵਾਦ ਵਿਰੋਧੀ ਪੁਲਸ ਵੰਗ ਨੇ ਬੀਤੀ ਦੇਰ ਸ਼ਾਮ ਇਕ ਵਿਅਕਤੀ ਨਜੀਮੂਦੀਨ ਉਰਫ ਖਾਲਿਦ ਵਾਸੀ ਕਵੇਟਾ ਨੂੰ ਗ੍ਰਿਫ਼ਤਾਰ ਕਰਕੇ ਇਹ ਦੋਸ਼ ਲਗਾਇਆ ਕਿ ਉਸ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦ ਉਹ ਵਿਸਫੋਟਕ ਸਮੱਗਰੀ ਨਾਲ ਭਰੀ ਮੋਟਰਸਾਈਕਲ ਲੈ ਕੇ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਲਈ ਜਾ ਰਿਹਾ ਸੀ। ਉਹ ਪਹਿਲਾਂ ਹੀ ਕੁਝ ਅੱਤਵਾਦੀ ਘਟਨਾਵਾਂ ਲਈ ਪੁਲਸ ਨੂੰ ਲੋੜੀਂਦਾ ਸੀ। ਮੁਲਜਮਾਂ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਣ ਦੀ ਗੱਲ ਕਹੀ ਗਈ ਹੈ। ਪੁਲਸ ਨੇ ਦਾਅਵਾ ਕੀਤਾ ਕਿ ਉਸ ਦੇ ਗਿਰੋਹ ਨੇ 11 ਨਵੰਬਰ 2017, 19 ਜਨਵਰੀ 2018, 7 ਜਨਵਰੀ 2020, 21 ਅਪ੍ਰੈਲ 2021, 1 ਜੁਲਾਈ 2021, 8 ਅਗਸਤ 2021, 18 ਅਕਤੂਬਰ 2021, 18 ਦਸੰਬਰ 2021 ਅਤੇ 30 ਦਸੰਬਰ 2021 ਨੂੰ ਆਤਮਘਾਤੀ ਹਮਲੇ ਕੀਤੇ। ਹੁਣ ਉਸ ’ਤੇ ਹਾਈਕੋਟ, ਸੈਸ਼ਨ ਕੋਰਟ ਅਤੇ ਪੁਲਸ ’ਤੇ ਹਮਲਿਆਂ ਦੀ ਯੋਜਨਾ ਬਣਾਉਣ ਦਾ ਦੋਸ਼ ਹੈ।
ਦੂਜੇ ਪਾਸੇ ਗ੍ਰਿਫ਼ਤਾਰ ਕੀਤੇ ਨਜੀਮੂਦੀਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਮੁੰਡਾ ਨਜੀਮੂਦੀਨ ਪਿਛਲੇ ਚਾਰ ਸਾਲਾਂ ਤੋਂ ਆਈ.ਐੱਸ.ਆਈ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ ਅਤੇ ਆਈ.ਐੱਸ.ਆਈ ਅਧਿਕਾਰੀ ਅਕਸਰ ਉਨ੍ਹਾਂ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ। ਇਹ ਅਧਿਕਾਰੀ ਉਸ ਨੂੰ ਮੋਟੀ ਰਕਮ ਵੀ ਦਿੰਦੇ ਸਨ ਅਤੇ ਲੋੜ ਪੈਣ ’ਤੇ ਗੱਡੀਆਂ ਵੀ ਮੁਹੱਈਆ ਕਰਵਾਉਂਦੇ ਸਨ। ਇਸ ਤਰ੍ਹਾਂ ਦੀਆਂ ਕਈ ਫੋਟੋਆਂ ਉਸ ਪਰਿਵਾਰ ਨਾਲ ਹਨ, ਜਿਸ ਵਿਚ ਉਸ ਦੇ ਨਾਲ ਆਈ.ਐੱਸ.ਆਈ ਅਧਿਕਾਰੀ ਬੈਠੇ ਹਨ ਅਤੇ ਨਜੀਮੂਦੀਨ ਆਈ.ਐੱਸ.ਆਈ ਦੀ ਗੱਡੀ ਵਿਚ ਬੈਠਾ ਹੈ। ਕੁਝ ਹਫ਼ਤਿਆਂ ਤੋਂ, ਨਜੀਮੂਦੀਨ ਆਈ.ਐੱਸ.ਆਈ ਅਧਿਕਾਰੀਆਂ ਨੂੰ ਮਿਲਣ ਤੋਂ ਇਨਕਾਰ ਕਰ ਰਿਹਾ ਸੀ ਅਤੇ ਘਰ ਵਿੱਚ ਹੀ ਰਿਹਾ।
ਨਜੀਮੁਦੀਨ ਇਹ ਵੀ ਕਹਿੰਦਾ ਸੀ ਕਿ ਆਈ.ਐੱਸ.ਆਈ ਮੇਜਰ ਉਸ ਨੂੰ ਮਾਰ ਦੇਵੇਗਾ। ਬੀਤੀ ਦੇਰ ਸ਼ਾਮ ਨਜੀਮੁਦੀਨ ਨੂੰ ਘਰੋਂ ਫੜ ਕੇ ਪੁਲਸ ਲੈ ਗਈ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਧਮਾਕਿਆਂ ਨਾਲ ਭਰੇ ਮੋਟਰ ਸਾਈਕਲ ਸਮੇਤ ਫੜਿਆ ਗਿਆ ਹੈ। ਨਜੀਮੂਦੀਨ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ’ਤੇ ਆਤਮਘਾਤੀ ਹਮਲੇ ਦੀ ਗੱਲ ਝੂਠੀ ਹੈ, ਜਦਕਿ ਉਸ ਨੇ ਆਈ.ਐੱਸ.ਆਈ ਦੇ ਨਿਰਦੇਸ਼ਾਂ ‘ਤੇ ਕੁਝ ਲੋਕਾਂ ਨੂੰ ਗੋਲੀ ਮਾਰ ਕੇ ਮਾਰਿਆ ਸੀ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਇਸ ਸਬੰਧੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਸ ਦੇ ਪਰਿਵਾਰ ਨੂੰ ਆਸ ਹੈ ਕਿ ਉਸ ਦੇ ਬੱਚੇ ਨਾਲ ਇਨਸਾਫ਼ ਹੋਵੇਗਾ।

Comment here