ਕਾਬੁਲ – ਪਾਕਿਸਤਾਨ ਦੀ ਇਮਰਾਨ ਸਰਕਾਰ ਉੱਤੇ ਸ਼ਰੇਆਮ ਦੋਸ਼ ਲੱਗ ਰਹੇ ਨੇ ਕਿ ਉਹ ਅਫਗਾਨਿਸਤਾਨ ਵਿੱਚ ਸਰਗਰਮ ਤਾਲਿਬਾਨ ਨੂੰ ਮਦਦ ਦੇ ਰਹੀ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਦੀ ਰਿਪੋਰਟ ਮੁਤਾਬਕ ਵੱਡੀ ਗਿਣਤੀ ਵਿਚ ਪਾਕਿਸਤਾਨੀ ਤਾਲਿਬਾਨ ਵਿਚ ਸ਼ਾਮਲ ਹੋ ਰਹੇ ਹਨ ਅਤੇ ਇੱਥੋਂ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਕਈ ਸਾਲਾਂ ਤੋਂ ਅੱਤਵਾਦੀਆਂ ਨੂੰ ਅਫਗਾਨਿਸਤਾਨ ਵਿਚ ਭਾਰਤ ਵੱਲੋਂ ਬਣਾਈਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਣ ਦਾ ਨਿਰਦੇਸ਼ ਦੇ ਰਹੀ ਹੈ। ਭਾਰਤ ਸਰਕਾਰ ਨੇ ਪਿਛਲੇ ਦੋ ਦਹਾਕਿਆਂ ਵਿਚ ਅਫਗਾਨਿਸਤਾਨ ਦੀ ਮੁੜ ਉਸਾਰੀ ਲਈ 3 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਸ ਵਿਚ ਡੇਲਾਰਾਮ ਅਤੇ ਜ਼ਰਾਂਜ ਸਲਗਾ ਪੁਲ ਵਿਚਕਾਰ 218 ਕਿਲੋਮੀਟਰ ਲੰਬੀ ਸੜਕ, ਅਫਗਾਨ ਸੰਸਦ ਭਵਨ, ਅਫਗਾਨ ਲੋਕਾਂ ਲਈ ਭਾਰਤੀ ਯੋਗਦਾਨ ਦੇ ਸਭ ਤੋਂ ਵੱਡੇ ਪ੍ਰਤੀਕ ਹਨ। ਖੁਫੀਆਂ ਜਾਣਕਾਰੀ ਮੁਤਾਬਕ ਅਫਗਾਨਿਸਤਾਨ ਸਰਕਾਰ ਖ਼ਿਲਾਫ਼ ਤਾਲਿਬਾਨ ਦਾ ਖੁੱਲ੍ਹ ਕੇ ਸਮਰਥਨ ਕਰਨ ਲਈ 10 ਹਜ਼ਾਰ ਤੋਂ ਵੱਧ ਪਾਕਿਸਤਾਨੀ ਸ਼ਾਮਲ ਹੋਏ ਹਨ। ਉੱਥੇ ਅਫਗਾਨ ਟਾਈਮਜ਼ ਨੇ ਆਪਣੀ ਸੰਪਾਦਕੀ ਵਿਚ ਕਿਹਾ ਹੈ ਕਿ ਪਾਕਿਸਤਾਨੀ ਸੈਨਾ ਨਹੀਂ ਚਾਹੁੰਦੀ ਕਿ ਅਫਗਾਨ ਸੈਨਾ ਆਪਣੇ ਦੇਸ਼ ਦੇ ਦੁਸ਼ਮਣਾਂ ਨਾਲ ਲੜੇ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ਨੇ ਬੇਸ਼ਰਮੀ ਦੀ ਹੱਦ ਪਾਰ ਕਰਦਿਆਂ ਸਪਿਨ ਬੋਲਡਕ ਸਰਹੱਦੀ ਜ਼ਿਲ੍ਹੇ ਵਿਚ ਤਾਲਿਬਾਨ ਲੜਾਕਿਆਂ ‘ਤੇ ਕਿਸੇ ਵੀ ਹਮਲੇ ਖ਼ਿਲਾਫ਼ ਅਫਗਾਨ ਹਵਾਈ ਫੌਜ ਨੂੰ ਚਿਤਾਵਨੀ ਦਿੱਤੀ ਹੈ। ਉਂਝ ਇਹ ਪਹਿਲੀ ਵਾਰ ਨਹੀਂ ਹੈ ਕਿ ਅਫਗਾਨ ਲੋਕਾਂ ਨੂੰ ਗੁਆਂਢੀ ਦੇਸ਼ ਤੋਂ ਇਸ ਤਰ੍ਹਾਂ ਦੇ ਦੁਸ਼ਮਣੀ ਭਰਪੂਰ ਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਇਹ ਬੇਸ਼ਰਮੀ ਅਤੇ ਦੁਸ਼ਮਣੀ ਦਾ ਸਿਖਰ ਹੈ, ਜਿਸ ਨੂੰ ਪਾਕਿਸਤਾਨ ਸੈਨਾ ਅਤੇ ਇਮਰਾਨ ਸਰਕਾਰ ਪ੍ਰਦਰਸ਼ਿਤ ਕਰ ਰਹੇ ਹਨ। ਇਹ ਸਪਸ਼ੱਟ ਤੌਰ ‘ਤੇ ਸਾਬਤ ਹੋ ਗਿਆ ਹੈ ਕਿ ਪਾਕਿਸਤਾਨ ਤਾਲਿਬਾਨ ਦਾ ਗੌਡਫਾਦਰ ਹੈ। ਅਜਿਹੇ ਵਿੱਚ ਚਾਹੀਦਾ ਹੈ ਕਿ ਅਫਗਾਨਿਸਤਾਨ ਦੀ ਸਰਕਾਰ ਪਾਕਿਸਤਾਨ ਨੂੰ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਕਰੇ।
Comment here