ਅਪਰਾਧਸਿਆਸਤਖਬਰਾਂ

ਆਈ.ਐਸ.ਆਈ.ਐਸ ਦਾ ਸਮਰਥਕ ਨਾਬਾਲਗ ਜੇਹਾਦੀ ਗ੍ਰਿਫ਼ਤਾਰ

ਰੋਮ-ਇਟਲੀ ਦੇ ਲੰਬਾਰਦੀਆ ਸੂਬੇ ਦੇ ਜ਼ਿਲ੍ਹਾ ਬੈਰਗਾਮੋ ਵਿੱਚ ਇਟਾਲੀਅਨ ਪੁਲਸ ਵੱਲੋਂ ਅੱਤਵਾਦ ਵਿਰੁੱਧ ਵਿੱਢੀ ਮੁੰਹਿਮ ਤਹਿਤ ਇੱਕ ਵਿਸ਼ੇਸ਼ ਜਾਂਚ ਦੌਰਾਨ 16 ਸਾਲ ਦੇ ਜੇਹਾਦੀ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਦਾ ਖੁਲਾਸਾ ਇਟਲੀ ਪੁਲਸ ਨੇ ਇਟਾਲੀਅਨ ਮੀਡੀਏ ਵਿੱਚ ਕਰਦਿਆਂ ਕਿਹਾ ਕਿ ਇਹ ਨਾਬਾਲਗ ਜੇਹਾਦੀ ਅੱਤਵਾਦੀ ਵਿਦੇਸ਼ੀ ਮੂਲ ਦਾ ਹੈ, ਜਿਸ ਕੋਲ ਕਿ ਇਟਾਲੀਅਨ ਨਾਗਰਿਕਤਾ ਹੈ ਤੇ ਇਸ ਦੇ ਕੋਲੋਂ ਆਈ.ਐਸ.ਆਈ.ਐਸ. ਨਾਲ ਸਬੰਧਤ ਕਈ ਪ੍ਰਕਾਰ ਦੀ ਇਤਰਾਜ਼ਯੋਗ ਸਮੱਗਰੀ ਮਿਲੀ ਹੈ।
16 ਸਾਲਾ ਇਹ ਜਿਹਾਦੀ ਇੰਟਰਨੈੱਟ ਦੇ ਮਾਧਿਅਮ ਰਾਹੀਂ ਜਿੱਥੇ ਨੌਜਵਾਨ ਪੀੜ੍ਹੀ ਨੂੰ ਆਈ.ਐਸ.ਆਈ.ਐਸ. ਨਾਲ ਜੁੜਨ ਨਾਲ ਸੱਦਾ ਦੇ ਰਿਹਾ ਸੀ, ਉੱਥੇ ਹੀ ਆਪਣੇ ਜ਼ਿਲ੍ਹੇ ਵਿੱਚ ਵੀ ਕਿਸੇ ਖਾਸ ਘਟਨਾ ਨੂੰ ਅੰਜਾਮ ਦੇਣ ਵਾਲਾ ਸੀ ਪਰ ਇਟਲੀ ਪੁਲਸ ਦੀ ਵਿਸ਼ੇਸ਼ ਟੀਮ ਜਨਰਲ ਇਨਵੈਸਟੀਗੇਸ਼ਨ ਅਤੇ ਸਪੈਸ਼ਲ ਆਪ੍ਰੇਸ਼ਨ ਡਿਵੀਜ਼ਨ ਬੈਰਗਾਮੋ ਤੇ ਬਰੇਸ਼ੀਆ ਨੇ ਮੁਸਤੈਦੀ ਕਰਕੇ ਇਸ ਅਣਹੋਣੀ ਨੂੰ ਘਟਨ ਤੋਂ ਰੋਕ ਲਿਆ। ਗ੍ਰਿਫ਼ਤਾਰ ਕੀਤੇ 16 ਸਾਲ ਜੇਹਾਦੀ ਅੱਤਵਾਦੀ ਨੂੰ ਪੁਲਸ ਨੇ ਅੱਤਵਾਦ, ਅਪਰਾਧ ਤੇ ਕਈ ਹੋਰ ਧਰਾਵਾਂ ਹੇਠ ਗ੍ਰਿਫ਼ਤਾਰ ਕੀਤਾ ਹੈ।
ਜਾਂਚਕਰਤਾਵਾਂ ਨੇ ਇਹ ਵੀ ਪਤਾ ਲਗਾਇਆ ਕਿ ਇਸ ਨੌਜਵਾਨ ਦਾ ਯੂਰਪ ਅਤੇ ਅਮਰੀਕਾ ਦੇ ਵੱਖ-ਵੱਖ ਇਲਾਕਿਆਂ ਵਿੱਚ ਮੌਜੂਦ ਸਮਰਥਕਾਂ ਦਾ ਇੱਕ ਵਿਸੇ਼ਸ ਨੈੱਟਵਰਕ ਸੀ, ਜਿਹਨਾਂ ਵਿੱਚੋਂ ਬੀਤੇਂ ਦਿਨੀ ਕਈ ਗ੍ਰਿਫ਼ਤਾਰ ਵੀ ਕੀਤੇ ਗਏ ਹਨ। ਇਸ ਦੇ ਕੱਟਰਪੰਥੀ ਹੋਣ ਦੀ ਪੁਸ਼ਟੀ ਇਸ ਕੋਲੋਂ ਮਿਲੀਆਂ ਆਈ.ਐਸ.ਆਈ.ਐਸ. ਨਾਲ ਸਬੰਧਤ ਵੀਡਿਓਜ਼ ਦੁਆਰਾ ਹੋਈ ਹੈ। ਗ੍ਰਿਫ਼ਤਾਰੀ ਦੇ ਸਮੇਂ ਤਲਾਸ਼ੀ ਦੌਰਾਨ ਇਸਲਾਮਿਕ ਦੇਸ਼ਾਂ ਨਾਲ ਸੰਬਧਤ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ, ਜਿਸ ਵਿੱਚ ਫਾਂਸੀ ਦੀਆਂ ਵੀਡਿਓਜ਼, ਹੱਥਿਆਰਾਂ ਅਤੇ ਬੰਬਾਂ ਦੀ ਪੈਕਿੰਗ ਨਾਲ ਸੰਬਧਤ ਦਸਤਾਵੇਜ਼ ਸਾਮਲ ਹਨ।

Comment here