ਚੰਡੀਗੜ੍ਹ-ਆਈ. ਜੀ. ਹੈੱਡਕੁਆਰਟਰ ਸੁਖਚੈਨ ਸਿੰਘ ਨੇ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰ ਕੇ ਵੱਡੇ ਖ਼ੁਲਾਸੇ ਕੀਤੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਦੇ ਬਾਰੇ ਜਾਣਕਾਰੀ ਮਿਲੀ ਹੈ।ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਪੰਜਾਬ ਤੋਂ ਬਾਹਰ ਹਰਿਆਣਾ ਤੋਂ ਮਿਲੀ ਹੈ, ਜਿੱਥੇ 19 ਤਾਰੀਖ਼ ਨੂੰ ਅੰਮ੍ਰਿਤਪਾਲ ਹਰਿਆਣਾ ਦੇ ਸ਼ਾਹਬਾਦ ਪਹੁੰਚਿਆ। ਇਥੇ ਉਹ ਆਪਣੇ ਸਾਥੀ ਪਪਲਪ੍ਰੀਤ ਦੇ ਨਾਲ ਇੱਕ ਔਰਤ ਦੇ ਘਰ 19 ਅਤੇ 20 ਤਾਰੀਖ਼ ਨੂੰ ਰੁਕਿਆ ਸੀ। ਪਪਲਪ੍ਰੀਤ ਮਹਿਲਾ ਨੂੰ ਕਰੀਬ ਢਾਈ ਸਾਲ ਤੋਂ ਜਾਣਦਾ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਮੁੱਛਾਂ ਦਾੜੀ ਸੈੱਟ ਕੀਤੀ ਹੋਈ ਹੈ ਅਤੇ ਪੱਗ ਵੀ ਬੰਨ੍ਹੀ ਹੋਈ ਹੈ।
ਇਸ ਦੇ ਨਾਲ ਹੀ ਆਈ. ਜੀ. ਹੈੱਡਕੁਆਰਟਰ ਸੁਖਚੈਨ ਸਿੰਘ ਨੇ ਕਿਹਾ ਕਿ ਆਪਰੇਸ਼ਨ ਅੰਮ੍ਰਿਤਪਾਲ ਵਿੱਚ ਹੁਣ ਤੱਕ 207 ਮੁਲਜ਼ਮ ਡਿਟੇਨ ਕੀਤੇ ਜਾ ਚੁੱਕੇ ਹਨ ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 30 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ, ਜੋ ਕਿ ਕ੍ਰਿਮੀਨਲ ਕੇਸਾਂ ਵਿੱਚ ਸ਼ਾਮਲ ਹਨ, ਜਦਕਿ 177 ਲੋਕਾਂ ਖਿਲਾਫ ਪ੍ਰਿਵੈਂਟਿਵ ਐਕਸ਼ਨ ਲਿਆ ਗਿਆ ਹੈ। ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਟਾਰਚਰ ਨਹੀਂ ਕੀਤਾ ਹੈ, ਕਾਨੂੰਨ ਦੇ ਮੁਤਾਬਕ ਸਭ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਜਿਹੜੇ ਮੋਟਰਸਾਈਕਲ ‘ਤੇ ਅੰਮ੍ਰਿਤਪਾਲ ਪਹਿਲਾਂ ਬੈਠਾ ਸੀ, ਉਸ ਵਿੱਚ ਪਪਲਪ੍ਰੀਤ ਨਾਲ ਸੀ। ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਮਹਿਲਾ ਬਲਜੀਤ ਕੌਰ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਨੇ ਪੁੱਛਗਿੱਛ ਵਿਚੱ ਖ਼ੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਨੇ ਅੱਗੇ ਉਤਰਾਖੰਡ ਜਾਣ ਦੀ ਗੱਲ ਕਹੀ ਸੀ। ਉਤਰਾਖੰਡ ਵਿਚ ਵੀ ਬਾਰਡਰ ਸੀਲ ਕਰ ਦਿੱਤੇ ਗਏ ਹਨ। ਉਤਰਾਖੰਡ ਦੇ ਨਾਲ ਲੱਗਦੇ ਨੇਪਾਲ ਬਾਰਡਰ ‘ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਪੰਜਾਬ ਦੇ ਮਾਹੌਲ ਬਾਰੇ ਬੋਲਦੇ ਹੋਏ ਸੁਖਚੈਨ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਪੂਰੀ ਤਰ੍ਹਾਂ ਬਰਕਰਾਰ ਹੈ ਅਤੇ ਪੰਜਾਬ ਪੁਲਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲਗਾਤਾਰ ਰਾਬਤਾ ਕਾਇਮ ਹੈ। ਜਿਹੜੇ ਮੋਟਰਸਾਈਕਲ ਅੰਮ੍ਰਿਤਪਾਲ ਨੇ ਵਰਤੇ ਹਨ, ਉਹ ਸਾਰੇ ਬਰਾਮਦ ਕਰ ਲਏ ਗਏ ਹਨ ਅਤੇ ਕਾਨੂੰਨ ਮੁਤਾਬਕ ਸਾਰੀ ਕਾਰਵਾਈ ਕੀਤੀ ਜਾਵੇਗੀ।
ਆਈਜੀ ਸੁਖਚੈਨ ਸਿੰਘ ਨੇ ਅੰਮ੍ਰਿਤਪਾਲ ਦੀ ਲੁਕੇਸ਼ਨ ਬਾਰੇ ਦਿੱਤੀ ਜਾਣਕਾਰੀ

Comment here