ਅੰਮ੍ਰਿਤਸਰ- ਲੰਘੇ ਬੁੱਧਵਾਰ ਨੂੰ ਪਠਾਨਕੋਟ ਤੋੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਕਾਬੂ ਕੀਤੇ ਗਏ ਜਾਸੂਸ ਮਨਦੀਪ ਸਿੰਘ ਨੇ ਮੰਗਲਵਾਰ ਨੂੰ ਕਰੀਬ 149 ਕਾਲਾਂ ਕੀਤੀਆਂ ਸਨ। ਐੱਸਐੱਸਓਸੀ ਜਾਂਚ ਕਰ ਰਹੀ ਹੈ ਕਿ ਮਨਦੀਪ ਨੇ ਕਿਹਨੂੰ ਕਿਹਨੂੰ ਫੋਨ ਕਾਲ ਕੀਤੀਆਂ ਸਨ। ਉਹ ਫੇਸਬੁੱਕ, ਵ੍ਹਾਟਸਐਪ ਤੇ ਇੰਸਟ੍ਰਾਗ੍ਰਾਮ ਦੀ ਵਰਤੋਂ ਵੀ ਕਰਦਾ ਸੀ ਤੇ ਇਨ੍ਹਾਂ ਰਾਹੀਂ ਉਹ ਪਾਕਿਸਤਾਨ ਰਹਿੰਦੀ ਏਜੰਟ ਨੇਹਾ ਨਾਲ ਗੱਲਬਾਤ ਕਰਦਾ ਸੀ। ਐੱਸਐੱਸਓਸੀ ਨੂੰ ਹਰਿਆਣਾ ਵਿਚ ਬੈਠੇ ਉਸ ਦੇ ਕਈ ਦੋਸਤਾਂ ’ਤੇ ਸ਼ੱਕ ਹੈ। ਮਨਦੀਪ ਇਸ ਦੌਰਾਨ ਆਪਣੇ ਮਿੱਤਰਾਂ ਦੇ ਸੰਪਰਕ ਵਿਚ ਵੀ ਰਿਹਾ। ਜਲਦੀ ਹੀ ਉਸ ਦੇ ਦੋਸਤਾਂ ਨੂੰ ਐੱਸਐੱਸਓਸੀ ਪੁੱਛਗਿੱਛ ਕਰਨ ਲਈ ਸੱਦ ਸਕਦੀ ਹੈ। ਹਾਲੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕਈ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਐੱਸਐੱਸਓਸੀ ਕੋਲ ਉਸ ਦਾ 4 ਦਿਨਾਂ ਦਾ ਰਿਮਾਂਡ ਹੈ। ਦੱਸਣਯੋਗ ਹੈ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਮਨਦੀਪ ਨੂੰ ਬੁੱਧਵਾਰ ਨੂੰ ਪਠਾਨਕੋਟ ਦੇ ਸਟੋਨ ਕ੍ਰਸ਼ਰ ਪਲਾਂਟ ਤੋਂ ਗ੍ਰਿਫ਼ਤਾਰ ਕੀਤਾ ਸੀ। ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਏਜੰਟ ਨੇਹਾ ਦੇ ਪ੍ਰੇਮ ਜਾਲ ਵਿਚ ਫਸਿਆ ਸੀ। ਨੇਹਾ ਨੂੰ ਗੁਪਤ ਜਾਣਕਾਰੀਆਂ ਭੇਜ ਰਿਹਾ ਸੀ। ਕਰੀਬ ਸਾਲ ਪਹਿਲਾਂ ਉਹ ਪਾਕਿਸਤਾਨ ਦੀ ਇੰਟੈਲੀਜੈਂਸ ਅਫ਼ਸਰ ਨੇਹਾ ਨੂੰ ਫੇਸਬੁੱਕ ’ਤੇ ਮਿਲਿਆ ਸੀ। ਮੁਲਜ਼ਮ ਹੁਣ 30 ਅਕਤੂਬਰ ਤਕ ਐੱਸਐੱਸਓਸੀ ਦੇ ਕੋਲ ਹੈ। ਉਸ ਨੂੰ 31 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਤਰਫੋਂ ਕਾਬੂ ਕੀਤੇ ਗਏ ਕਰੁਨਾਲ ਕੁਮਾਰ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਸ ਮੁਲਜ਼ਮ ਦਾ ਚਾਰ ਦਿਨਾਂ ਰਿਮਾਂਡ ਦਿੱਤਾ ਹੈ। ਉਸ ਨੂੰ ਹੁਣ ਪਹਿਲੀ ਤਰੀਕ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਮੁਲਜ਼ਮ ਜਾਸੂਸ ਕਰੁਨਾਲ ਕੁਮਾਰ ਤੋਂ ਪੁੱਛਗਿੱਛ ਜਾਰੀ ਹੈ ਤੇ ਕਈ ਖ਼ੁਲਾਸੇ ਹੋ ਸਕਦੇ ਹਨ।
Comment here