ਸਿਆਸਤਖਬਰਾਂਦੁਨੀਆ

ਆਈਐਸਆਈ ਮੁਖੀ ਜਨਰਲ ਫੈਜ਼ ਪੇਸ਼ਾਵਰ ਕੋਰ ਦਾ ਕਮਾਂਡਰ ਨਿਯੁਕਤ

ਇਸਲਾਮਾਬਾਦ-ਬੀਤੇ ਦਿਨੀਂ ਪਾਕਿਸਤਾਨੀ ਫ਼ੌਜ ਦੇ ਖੁਫੀਆ ਏਜੰਸੀ ਆਈ.ਐਸ.ਆਈ. ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦਾ ਤਬਾਦਲਾ ਕਰ ਦਿੱਤਾ। ਹਮੀਦ ਨੂੰ ਪੇਸ਼ਾਵਰ ਕੋਰ ਦਾ ਕਮਾਂਡਰ ਬਣਾਇਆ ਗਿਆ ਹੈ। ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਦੇ ਨਵੇਂ ਮੁਖੀ ਦਾ ਐਲਾਨ ਹੋਣਾ ਅਜੇ ਬਾਕੀ ਹੈ।  ਹਮੀਦ ਨੂੰ 16 ਜੂਨ, 2019 ਨੂੰ ਏਜੰਸੀ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਆਈ.ਐਸ.ਆਈ. ਵਿੱਚ ਅੰਦਰੂਨੀ ਸੁਰੱਖਿਆ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਸਨ। ਹਮੀਦ ਨੂੰ ਫ਼ੌਜ ਦੇ ਮੁਖੀ ਜਨਰਲ ਕਮਰ ਬਾਜਵਾ ਦੇ ਨਜ਼ਦੀਕੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਜਿਹੇ ਨਾਜ਼ੁਕ ਸਮੇਂ ਆਈ.ਐਸ.ਆਈ. ਮੁਖੀ ਨਿਯੁਕਤ ਕੀਤਾ ਗਿਆ ਸੀ ਜਦੋਂ ਬਹੁਤ ਸਾਰੀਆਂ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਚੁਣੌਤੀਆਂ ਸਨ। ਉਹਨਾਂ ਨੇ ਸਤੰਬਰ ਵਿੱਚ ਕਾਬੁਲ ਦਾ ਦੌਰਾ ਕੀਤਾ ਸੀ ਅਤੇ ਮੀਡੀਆ ਨਾਲ ਸੰਖੇਪ ਗੱਲਬਾਤ ਵਿੱਚ ਕਿਹਾ ਕਿ ਅਫਗਾਨਿਸਤਾਨ ਵਿੱਚ ‘‘ਸਭ ਕੁਝ ਠੀਕ ਹੋ ਜਾਵੇਗਾ”।
ਫ਼ੌਜ ਨੇ ਇੱਕ ਅਧਿਕਾਰਤ ਬਿਆਨ ਵਿੱਚ ਸੀਨੀਅਰ ਪੱਧਰ ’ਤੇ ਦੋ ਹੋਰ ਨਿਯੁਕਤੀਆਂ ਦਾ ਵੀ ਐਲਾਨ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਲੈਫਟੀਨੈਂਟ ਜਨਰਲ ਮੁਹੰਮਦ ਅਮੀਰ ਨੂੰ ਗੁਜਰਾਂਵਾਲਾ ਕੋਰ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਫ਼ੌਜ ਦਾ ਕੁਆਰਟਰ ਮਾਸਟਰ ਜਨਰਲ ਨਿਯੁਕਤ ਕੀਤਾ ਗਿਆ ਹੈ।

Comment here