ਅਪਰਾਧਸਿਆਸਤਖਬਰਾਂ

ਆਈਐਸਆਈ ਨੂੰ ਖੁਫ਼ੀਆ ਜਾਣਕਾਰੀ ਦੇਣ ਦੇ ਦੋਸ਼ ਚ ਭਾਰਤੀ ਫੌਜੀ ਗ੍ਰਿਫ਼ਤਾਰ

ਅੰਮ੍ਰਿਤਸਰ-ਇਥੇ ਪੁਲਸ ਨੇ ਫੌਜ ਦੇ ਇੱਕ ਜਵਾਨ ਦੀ ਗ੍ਰਿਫ਼ਤਾਰੀ ਨਾਲ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਅੰਮ੍ਰਿਤਸਰ ਨੇ ਗੁਜਰਾਤ ਦੇ ਰਹਿਣ ਵਾਲੇ ਜਵਾਨ ਕੁਨਾਲ ਕੁਮਾਰ ਬਾਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਬਾਰੀਆ ਇਸ ਸਮੇਂ ਫ਼ਿਰੋਜ਼ਪੁਰ ਛਾਉਣੀ ਵਿੱਚ ਤਾਇਨਾਤ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਜਵਾਨ ਵੱਖ-ਵੱਖ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਪਾਕਿਸਤਾਨ ਸਥਿਤ ਆਈਐਸਆਈ ਦੇ ਕਈ ਏਜੰਟਾਂ ਦੇ ਸੰਪਰਕ ਵਿੱਚ ਸੀ। ਉਸ ਨੇ ਕਿਹਾ ਕਿ ਆਈਟੀ ਸੈੱਲ ਵਿੱਚ ਆਪਣੀ ਤਾਇਨਾਤੀ ਦਾ ਫਾਇਦਾ ਉਠਾਉਂਦੇ ਹੋਏ, ਉਹ ਕਥਿਤ ਤੌਰ ‘ਤੇ ਪਾਕਿਸਤਾਨ ਸਥਿਤ ਆਪਣੇ ਹੈਂਡਲਰਾਂ ਨੂੰ ਫੌਜ ਬਾਰੇ ਅਤਿ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਦੇ ਰਿਹਾ ਸੀ। ਉਸ ਨੇ ਕਿਹਾ ਕਿ ਇਸ ਲਈ ਉਸ ਨੂੰ ਪੈਸੇ ਦਿੱਤੇ ਗਏ ਸਨ।
2020 ਵਿੱਚ ਫੇਸਬੁੱਕ ਰਾਹੀਂ ਪੀਆਈਓ ਦੇ ਸੰਪਰਕ ‘ਚ ਆਇਆ ਸੀ
ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਜਵਾਨ ਸਾਲ 2020 ‘ਚ ਫੇਸਬੁੱਕ ਰਾਹੀਂ ਪਾਕਿਸਤਾਨੀ ਖੁਫੀਆ ਅਧਿਕਾਰੀ (ਪੀਆਈਓ) ਸਿਦਰਾ ਖਾਨ ਦੇ ਸੰਪਰਕ ‘ਚ ਆਇਆ ਸੀ। ਬਾਅਦ ਵਿੱਚ ਉਸਨੇ ਵਟਸਐਪ ਅਤੇ ਹੋਰ ਪ੍ਰਾਈਵੇਟ ਮੈਸੇਜਿੰਗ ਅਤੇ ਕਾਲਿੰਗ ਐਪਸ ਰਾਹੀਂ ਸੰਚਾਰ ਕਰਨਾ ਸ਼ੁਰੂ ਕੀਤਾ।ਪੁਲਿਸ ਅਨੁਸਾਰ ਮੁਲਜ਼ਮ ਮੋਬਾਈਲ ਰਾਹੀਂ ਪੀਆਈਓ ਦੇ ਸੰਪਰਕ ਵਿੱਚ ਵੀ ਸੀ।
ਜਵਾਨ ਨੇ ਪੀਆਈਓ ਨਾਲ ਕਈ ਗੁਪਤ ਦਸਤਾਵੇਜ਼ ਸਾਂਝੇ ਕੀਤੇ
ਉਨ੍ਹਾਂ ਕਿਹਾ ਕਿ ਪੀਆਈਓ ਨੇ ਕਥਿਤ ਤੌਰ ’ਤੇ ਮੁਲਜ਼ਮ ਨੂੰ ਪਾਕਿਸਤਾਨ ਦੀ ਜਾਸੂਸੀ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਲਈ ਕੰਮ ਕਰਨ ਦਾ ਲਾਲਚ ਦਿੱਤਾ ਸੀ। ਇਸ ਨਤੀਜੇ ਵਜੋਂ, ਮੁਲਜ਼ਮ ਨੇ ਕਥਿਤ ਤੌਰ ‘ਤੇ ਐਨਕ੍ਰਿਪਟਡ ਐਪਸ ਰਾਹੀਂ ਪੀਆਈਓ ਨਾਲ ਕਈ ਗੁਪਤ ਦਸਤਾਵੇਜ਼ ਸਾਂਝੇ ਕੀਤੇ। ਪੁਲਿਸ ਨੇ ਦੱਸਿਆ ਕਿ ਉਸ ਦੇ ਮੋਬਾਈਲ ਫ਼ੋਨ ਦੀ ਜਾਂਚ ਦੌਰਾਨ ਕਈ ਗੁਪਤ ਦਸਤਾਵੇਜ਼ ਮਿਲੇ ਹਨ। ਉਸ ਦੇ ਖਿਲਾਫ ਆਫੀਸ਼ੀਅਲ ਸੀਕ੍ਰੇਟ ਐਕਟ ਅਤੇ ਇੰਡੀਅਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਫੌਜ ਦੇ ਅਧਿਕਾਰੀਆਂ ਨੂੰ ਜਵਾਨ ਦੀ ਗ੍ਰਿਫ਼ਤਾਰੀ ਦੀ ਸੂਚਨਾ ਦੇ ਦਿੱਤੀ ਗਈ ਹੈ।

Comment here