ਸਿਆਸਤਖਬਰਾਂਦੁਨੀਆ

ਆਇਸ਼ਾ ਮਲਿਕ ਪਾਕਿ ਸੁਪਰੀਮ ਕੋਰਟ ਦੀ ਬਣੇਗੀ ਪਹਿਲੀ ਮਹਿਲਾ ਜੱਜ

ਇਸਲਾਮਾਬਾਦ- ਰੂੜੀਵਾਦੀ ਮੁਸਲਿਮ ਬਹੁਗਿਣਤੀ ਦੇਸ਼ ਪਾਕਿਸਤਾਨ ਮਹਿਲਾ ਨੂੰ ਸੁਪਰੀਮ ਕੋਰਟ ਵਿਚ ਪਹਿਲੀ ਮਹਿਲਾ ਜੱਜ ਵਜੋਂ ਨਿਯੁਕਤ ਕਰਕੇ ਸ਼ਾਬਾਸ਼ ਖੱਟ ਰਿਹਾ ਹੈ। ਪਾਕਿਸਤਾਨ ਦੀ ਇਕ ਸੰਸਦੀ ਕਮੇਟੀ ਨੇ ਹਾਈ ਕੋਰਟ ਦੀ ਜਸਟਿਸ ਆਇਸ਼ਾ ਮਲਿਕ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ’ਤੇ ਤਰੱਕੀ ਦੇਣ ਦੀ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਵਰਤਮਾਨ ਵਿਚ ਲਾਹੌਰ ਹਾਈ ਕੋਰਟ ਦੀ ਜੱਜ ਵਜੋਂ ਕੰਮ ਕਰ ਰਹੀ ਜਸਟਿਸ ਮਲਿਕ ਦਾ ਨਾਮ ਇਸ ਮਹੀਨੇ ਦੇ ਸ਼ੁਰੂ ਵਿਚ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੇ ਪਾਕਿਸਤਾਨ ਜੁਡੀਸ਼ੀਅਲ ਕਮਿਸ਼ਨ (ਜੇ.ਸੀ.ਪੀ.) ਨੇ ਜੱਜਾਂ ਦੀ ਨਿਯੁਕਤੀ ਨਾਲ ਸਬੰਧਤ ਸੰਸਦੀ ਕਮੇਟੀ ਨੂੰ ਭੇਜਿਆ ਸੀ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੈਨੇਟਰ ਫਾਰੂਕ ਐਚ ਨਾਇਕ ਦੀ ਅਗਵਾਈ ਵਾਲੀ ਦੋ-ਪੱਖੀ ਸੰਸਦੀ ਕਮੇਟੀ ਨੇ ਇਸਲਾਮਾਬਾਦ ਵਿਚ ਆਪਣੀ ਮੀਟਿੰਗ ਵਿਚ ਜਸਟਿਸ ਮਲਿਕ ਦੇ ਨਾਮ ਦਾ ਸਮਰਥਨ ਕੀਤਾ, ਜਿਸ ਨਾਲ ਉਨ੍ਹਾਂ ਦੀ ਸੁਪਰੀਮ ਕੋਰਟ ਵਿਚ ਤਰੱਕੀ ਵਿਚ ਆਖ਼ਰੀ ਵੱਡੀ ਰੁਕਾਵਟ ਦੂਰ ਹੋ ਗਈ। ਕਮੇਟੀ ਨੇ ਜਸਟਿਸ ਮਲਿਕ ਦੇ ਨਾਂ ਨੂੰ ਮਨਜ਼ੂਰੀ ਦਿੰਦੇ ਹੋਏ ਸੀਨੀਆਰਤਾ ਦੇ ਸਿਧਾਂਤ ਨੂੰ ਪਾਸੇ ਕਰ ਦਿੱਤਾ। ਇਸ ਤਰ੍ਹਾਂ ਲਾਹੌਰ ਹਾਈ ਕੋਰਟ ਦੇ ਜੱਜਾਂ ਦੀ ਸੀਨੀਆਰਤਾ ਸੂਚੀ ਵਿਚ ਚੌਥੇ ਸਥਾਨ ’ਤੇ ਰਹਿਣ ਵਾਲੀ ਜਸਟਿਸ ਮਲਿਕ ਸੁਪਰੀਮ ਕੋਰਟ ਵਿਚ ਪਹਿਲੀ ਮਹਿਲਾ ਜੱਜ ਹੋਵੇਗੀ। ਨਾਇਕ ਨੇ ਕਿਹਾ, ‘ਅਸੀਂ ਰਾਸ਼ਟਰੀ ਹਿੱਤ ਵਿਚ ਜਸਟਿਸ ਆਇਸ਼ਾ ਮਲਿਕ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਹੈ।’ ਪਾਕਿਸਤਾਨ ਦੇ ਇਕ ਫੈਸਲੇ ਦੀ ਹਰ ਪਾਸੇ ਸਰਾਹਨਾ ਹੋ ਰਹੀ ਹੈ।

Comment here