ਅੰਮ੍ਰਿਤਸਰ-ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਫਿਲਮੀ ਸਟਾਰ ਤੇ ਸਿਆਸਤਦਾਨ ਨਤਮਸਤਕ ਹੁੰਦੇ ਰਹਿੰਦੇ ਹਨ। ਫ਼ਿਲਮ ‘ਪੁਸ਼ਪਾ’ ਲਈ ਜਾਣਿਆ ਜਾਂਦਾ ਪ੍ਰਸਿੱਧ ਅਦਾਕਾਰ ਅੱਲੂ ਅਰਜੁਨ ਨੇ ਆਪਣੀ ਪਤਨੀ ਸਨੇਹਾ ਰੈਡੀ ਦੇ ਜਨਮ ਦਿਨ ਮੌਕੇ ਪਰਿਵਾਰ ਸਮੇਤ ਸ੍ਰੀ ਦਰਬਾਰ ਮੱਥਾ ਟੇਕਿਆ ਅਤੇ ਅੰਮ੍ਰਿਤਸਰ ਵਿੱਚ ਉਸ ਦਾ ਜਨਮ ਦਿਨ ਮਨਾਇਆ।
ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਪਰਿਵਾਰ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਅੱਲੂ, ਉਸ ਦੀ ਪਤਨੀ ਤੇ ਦੋਵੇਂ ਬੱਚਿਆਂ ਨੇ ਰਵਾਇਤੀ ਕੱਪੜੇ ਪਾਏ ਹੋਏ ਸਨ। ਅਦਾਕਾਰ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਉਸ ਨੇ ਆਖਿਆ ਕਿ ‘ਪੁਸ਼ਪਾ’ ਮਗਰੋਂ ਅਜਿਹੇ ਸਮੇਂ ਦੀ ਬਹੁਤ ਲੋੜ ਸੀ ਅਤੇ ਪਰਿਵਾਰ ਇਸ ਦਾ ਪੂਰਾ ਆਨੰਦ ਮਾਣ ਰਿਹਾ ਹੈ। ਜਾਣਕਾਰੀ ਅਨੁਸਾਰ ਅਦਾਕਾਰ ਫ਼ਿਲਮ ‘ਪੁਸ਼ਪਾ 2’ ਦਾ ਕੰਮ ਸ਼ੁਰੂ ਕਰਨ ਜਾ ਰਿਹਾ ਹੈ। ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ: ਦਿ ਰਾਈਜ਼’ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਸੀ ਅਤੇ ਇਹ ਫ਼ਿਲਮ ਬਾਕਸ ਆਫਿਸ ’ਤੇ ਕਾਫੀ ਸਫ਼ਲ ਰਹੀ। ‘ਪੁਸ਼ਪਾ’ ਨੇ ਦੇਸ਼ ਭਰ ਵਿਚ 100 ਕਰੋੜ ਅਤੇ ਵਿਸ਼ਵ ਭਰ ਵਿੱਚ 300 ਕਰੋੜ ਰੁਪਏ ਦੀ ਕਮਾਈ ਕੀਤੀ। ਜਾਣਕਾਰੀ ਅਨੁਸਾਰ ਇਹ ਸਾਲ ਅੱਲੂ ਅਰਜੁਨ ਲਈ ਬਹੁਤ ਸ਼ਾਨਦਾਰ ਰਿਹਾ ਹੈ ਅਤੇ ਹੁਣ ਉਹ ਅਦਾਕਾਰਾ ਰਸ਼ਮਿਕਾ ਮੰਦਾਨਾ ਨਾਲ ‘ਪੁਸ਼ਪਾ 2’ ਵਿੱਚ ਨਜ਼ਰ ਆਵੇਗਾ। ਅੱਲੂ ਅਰਜੁਨ ਗੁਰੂ ਘਰ ਵਿਚ ਨਤਮਸਤਕ ਹੋਣ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਵੀ ਗਏ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੂਚਨਾ ਕੇਂਦਰ ਵਿਖੇ ਫਿਲਮ ਕਲਾਕਾਰ ਨੂੰ ਧਾਰਮਿਕ ਪੁਸਤਕਾਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Comment here