ਸਿਆਸਤਖਬਰਾਂਦੁਨੀਆ

ਅੱਤਵਾਦ ਵਿਰੁੱਧ ਲੜਾਈ ਜਾਰੀ ਰਹੇਗੀ : ਅਨਵਰ ਉਲ ਹੱਕ ਕੱਕੜ

ਕਰਾਚੀ-ਪਾਕਿਸਤਾਨ ਵਿਚ ਵੱਧ ਰਹੇ ਅੱਤਵਾਦ ਨੂੰ ਲੈਕੇ ਖਾਸ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਕੱਕੜ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਹਮਲੇ ਵਿਚ 6 ਫ਼ੌਜੀਆਂ ਦੇ ਮਾਰੇ ਜਾਣ ਦੇ ਇਕ ਦਿਨ ਬਾਅਦ ਬੁੱਧਵਾਰ ਨੂੰ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਜਾਰੀ ਰਹੇਗੀ ਅਤੇ ਦੇਸ਼ ਕੱਟੜਵਾਦ, ਅੱਤਵਾਦ ਅਤੇ ਅਸਹਿਣਸ਼ੀਲਤਾ ਅੱਗੇ ਗੋਡੇ ਨਹੀਂ ਟੇਕੇਗਾ। ਡਾਨ ਅਖ਼ਬਾਰ ਮੁਤਾਬਕ ਕੱਕੜ ਨੇ ਕਰਾਚੀ ‘ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਜਿਨ੍ਹਾਂ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਇਸ ਤਰ੍ਹਾਂ ਦੇ ਹਮਲੇ ਸਾਨੂੰ ਝੁਕਾ ਦੇਣਗੇ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲਾਂਗੇ।’ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ‘ਚ ਸੁਰੱਖਿਆ ਬਲਾਂ ਦੇ ਕਾਫਲੇ ‘ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਅੱਤਵਾਦੀਆਂ ਦੇ ਹਮਲੇ ‘ਚ ਬੀਤੇ ਦਿਨ 6 ਪਾਕਿਸਤਾਨੀ ਫੌਜੀ ਮਾਰੇ ਗਏ ਸਨ। ਕੱਕੜ ਨੇ ਕਿਹਾ, “ਪਾਕਿਸਤਾਨ ਕੱਟੜਵਾਦ, ਅੱਤਵਾਦ ਅਤੇ ਅਸਹਿਣਸ਼ੀਲਤਾ ਅੱਗੇ ਗੋਡੇ ਨਹੀਂ ਟੇਕੇਗਾ… ਇਹ ਸਾਡਾ ਘਰ ਹੈ ਅਤੇ ਅਸੀਂ ਆਪਣੇ ਦੇਸ਼ ਨੂੰ ਆਪਣੀਆਂ ਸ਼ਰਤਾਂ ‘ਤੇ ਚਲਾਵਾਂਗੇ।” ਪਿਛਲੇ ਸਾਲ ਨਵੰਬਰ ‘ਚ ਪਾਕਿਸਤਾਨ ਸਰਕਾਰ ਅਤੇ ਟੀਟੀਪੀ ਵਿਚਾਲੇ ਜੰਗਬੰਦੀ ਖ਼ਤਮ ਹੋਣ ਤੋਂ ਬਾਅਦ ਦੇਸ਼ ‘ਚ ਸੁਰੱਖਿਆ ਬਲਾਂ ‘ਤੇ ਹਮਲਿਆਂ ‘ਚ ਵਾਧਾ ਹੋਇਆ ਹੈ।

Comment here