ਸਿਆਸਤਖਬਰਾਂ

ਅੱਤਵਾਦ ਪੀੜਤਾਂ ਦੀ ਵੀ ਸਾਰ ਲਓ-ਸ਼ਿਵ ਸੈਨਾ

ਬਠਿੰਡਾ-ਪੰਜਾਬ ਵਿੱਚ ਚੋਣ ਸਰਗਰਮੀਆਂ ਵਿੱਚ ਇਕ ਵਾਰ ਫੇਰ ਅੱਤਵਾਦ ਪੀੜਤਾਂ ਦੀ ਸਾਰ ਲੈਣ ਦਾ ਮੁੱਦਾ ਉਠਣ ਲੱਗਿਆ ਹੈ। ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੇ ਸੂਬਾਈ ਸੰਗਠਨ ਮੰਤਰੀ ਪੰਜਾਬ ਅਤੇ ਮਾਲਵਾ ਜੋਨ ਦੇ ਇੰਚਾਰਜ ਸੁਸ਼ੀਲ ਕੁਮਾਰ ਜਿੰਦਲ ਦੀ ਅਗਵਾਈ ਹੇਠ ਜਨ ਜਾਗਰਣ ਰੈਲੀ ਕੱਢੀ ਗਈ ਜਿਸ ਵਿਚ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ,ਕੌਮੀ ਜਰਨਲ ਸਕੱਤਰ ਕ੍ਰਿਸ਼ਨ ਸ਼ਰਮਾ,  ਕਾਰਜਕਾਰੀ ਸੂਬਾ ਪ੍ਰਧਾਨ ਸੰਜੀਵ ਧਾਮ , ਹੇਮਰਾਜ ਗੋਇਲ ਰਾਸ਼ਟਰੀ ਸਲਾਹਕਾਰ ,ਮੀਤ ਪ੍ਰਧਾਨ ਝਮਕੰਤ ਪਾਂਡੇ ਅਤੇ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਰਜਿੰਦਰ ਰਾਜੂ ਸ਼ਾਮਲ ਹੋਏ।  ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਹਿੰਦੂਆਂ ਨੂੰ ਇਨਸਾਫ ਦਿਵਾਉਣ ਲਈ ਹਰ ਜਿਲ੍ਹੇ ਵਿੱਚ ਹਿੰਦੂ ਜਨ ਜਾਗਰਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੱਖ ਵੱਖ ਵਰਗਾਂ ਨੂੰ ਰਾਹਤ ਅਤੇ ਨਿਆਂ ਦੇਣ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ ਪਰ ਪੰਜਾਬ ’ਚ ਅੱਤਵਾਦ ਦੌਰਾਨ ਬੱਸਾਂ ਤੋਂ ਹੇਠਾਂ ਉਤਾਰ ਕੇ ਮਾਰੇ ਗਏ ਹਿੰਦੂਆਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ 35 ਹਜਾਰ ਹਿੰਦੂ ਪਰਿਵਾਰਾਂ ਨੂੰ ਪੈਕੇਜ ਜਾਰੀ ਕਰਕੇ ਪੰਜਾਬ ਦੇ ਅੱਤਵਾਦ ਪੀੜਤਾਂ ਨੂੰ ਕਦੋਂ ਰਾਹਤ ਮਿਲੇਗੀ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰੋੜਾਂ ਰੁਪਈਏ ਇਕੱਠੇ ਕੀਤੇ ਜਾ ਰਹੇ ਹਨ ਪਰ ਗਊ ਮਾਤਾ ਦੀ ਬੇਅਦਬੀ ਹੋ ਰਹੀ ਹੈ ਜਿਸ ਦਾ  ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ  ਨੂੰ ਹਿੰਦੂਆਂ ਨੂੰ ਇਨਸਾਫ ਦੇਣਾ ਚਾਹੀਦਾ ਹੈ ਨਹੀਂ ਤਾਂ ਹਿੰਦੂ ਸਮਾਜ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਚਲਾ ਰਹੀ ਕਾਂਗਰਸ ਪਾਰਟੀ ਨੂੰ ਵੋਟਾਂ ਰਾਹੀਂ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਸੁਸ਼ੀਲ ਕੁਮਾਰ ਜਿੰਦਲ ਦੀ ਸੁਰੱਖਿਆ ਵਾਪਸ ਲੈ ਲਈ ਹੈ ਇਸ ਲਈ ਜੇਕਰ ਉਸ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਲਈ  ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਜਿੰਦਲ ਲਗਾਤਾਰ ਅੱਤਵਾਦੀਆਂ ਅਤੇ ਸਮਾਜ ਵਿਰੋਧੀ ਤਾਕਤਾਂ ਦੇ ਨਿਸ਼ਾਨੇ ‘ਤੇ ਹਨ ਅਤੇ  ਉਨ੍ਹਾਂ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ ਅਜਿਹੇ ‘ਚ ਸੁਰੱਖਿਆ ਵਾਪਸ ਲੈਣਾ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਆਈ ਜੀ ਬਠਿੰਡਾ ਤੋਂ  ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਡੀ ਜੀ ਪੀ ਪੰਜਾਬ ਦੇ ਧਿਆਨ ’ਚ ਵੀ ਲਿਆਉਣਗੇ। ਕ੍ਰਿਸ਼ਨ ਸ਼ਰਮਾ ਅਤੇ  ਸੰਜੀਵ ਦੇਵ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਹਿੰਦੂਆਂ ਨੂੰ ਨਜਰਅੰਦਾਜ ਕਰ ਰਹੀ ਹੈ ਅਤੇ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ  ਪੰਜਾਬ ਦੇ ਮੁੱਖ ਮੰਤਰੀ ਚੁੱਪ ਹਨ ਅਤੇ ਇੰਨ੍ਹਾਂ ਘਟਨਾਵਾਂ ਦੀ ਵੀ ਨਿਖੇਧੀ ਨਹੀਂ ਕੀਤੀ ਜਾ ਰਹੀ,  ਦੋਸ਼ੀਆਂ ਨੂੰ ਫੜਨਾ ਤਾਂ ਦੂਰ ਦੀ ਗੱਲ ਹੈ।

Comment here