ਸਿਆਸਤਖਬਰਾਂਦੁਨੀਆ

ਅੱਤਵਾਦ ਨਾਲ ਮੁਕਾਬਲਾ ਕਰਨਾ ਸਾਡੀ ‘ਮੌਲਿਕ ਤਰਜੀਹ’ ਹੋਵੇ : ਗੁਟਾਰੇਸ

ਨਵੀਂ ਦਿੱਲੀ-ਸਰਹੱਦ ਪਾਰ ਅੱਤਵਾਦ ’ਤੇ ਭਾਰਤ ਦੀਆਂ ਚਿੰਤਾਵਾਂ ਅਤੇ ਅੱਤਵਾਦ ਦੇ ਖ਼ਿਲਾਫ਼ ਲੜਾਈ ਨੂੰ ਲੈਕੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਕਿਹਾ ਕਿ ਅੱਤਵਾਦ ਨੂੰ ਕਦੇ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਹੁਣ ਸਮਾਂ ਆ ਗਿਆ ਹੈ ਕਿ ਕੌਮਾਂਤਰੀ ਸਿਸਟਮ ਇਸ ਦਾ ਗੰਭੀਰਤਾ ਨਾਲ ਮੁਕਾਬਲਾ ਕਰੇ। ਗੁਟਾਰੇਸ ਨੇ ਕਿਹਾ ਕਿ ਅੱਤਵਾਦ ਦੇ ਖ਼ਤਰੇ ਨੂੰ ਲੈ ਕੇ ਭਾਰਤ ਦੀਆਂ ਸੁਭਾਵਿਕ ਰੂਪ ’ਚ ਆਪਣੀਆਂ ਚਿੰਤਾਵਾਂ ਹਨ। ਉਨ੍ਹਾਂ ਇਕ ਵਿਸ਼ੇਸ਼ ਇੰਟਰਵਿਊ ’ਚ ਕਿਹਾ ਕਿ ਅੱਤਵਾਦ ਨਾਲ ਮੁਕਾਬਲਾ ਕਰਨਾ ‘ਸਾਡੇ ਸਾਰਿਆਂ’ ਲਈ ‘ਮੌਲਿਕ ਤਰਜੀਹ’ ਹੋਣੀ ਚਾਹੀਦੀ ਹੈ ਅਤੇ ਇਹ ਕੁਝ ਅਜਿਹਾ ਹੈ ਜੋ ਉਨ੍ਹਾਂ ਦੀਆਂ ਤਰਜੀਹਾਂ ’ਚ ਬਹੁਤ ਉੱਪਰ ਹੈ।
ਉਨ੍ਹਾਂ ਕਿਹਾ ਕਿ ਜਦੋਂ ਮੈਂ ਸੰਯੁਕਤ ਰਾਸ਼ਟਰ ’ਚ ਆਇਆ ਤਾਂ ਮੈਂ ਜੋ ਪਹਿਲਾ ਸੁਧਾਰ ਕੀਤਾ ਉਹ ਅਸਲ ’ਚ ਅੱਤਵਾਦ ਵਿਰੋਧੀ ਦਫ਼ਤਰ ਸਥਾਪਤ ਕਰਨਾ ਸੀ। ਸਰਹੱਦ ਪਾਰ ਅੱਤਵਾਦ ’ਤੇ ਭਾਰਤ ਦੀਆਂ ਚਿੰਤਾਵਾਂ ਅਤੇ ਅੱਤਵਾਦ ਦੇ ਖ਼ਿਲਾਫ਼ ਲੜਾਈ ’ਚ ਮੈਂਬਰ ਦੇਸ਼ਾਂ ਨਾਲ ਸਹਿਯੋਗ ਦੇ ਸੰਦਰਭ ’ਚ ਸੰਯੁਕਤ ਰਾਸ਼ਟਰ ਕੀ ਕਰ ਸਕਦਾ ਹੈ, ਇਹ ਪੁੱਛੇ ਜਾਣ ’ਤੇ ਉਨ੍ਹਾਂ ਇਹ ਟਿੱਪਣੀ ਕੀਤੀ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਕਿਹਾ ਕਿ ਅੱਤਵਾਦ ਕੌਮਾਂਤਰੀ ਮੁੱਦਾ ਬਣ ਗਿਆ ਹੈ। ਚੀਨ ਵੱਲੋਂ ਕੁੱਝ ਅੱਤਵਾਦੀਆਂ ਨੂੰ ਕਾਲੀ ਸੂਚੀ ’ਚ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਬਾਰੇ ਪੁੱਛੇ ਜਾਣ ’ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਕਿਹਾ ਕਿ ਇਹ ਪ੍ਰਕਿਰਿਆ ਰਾਜਨੀਤਕ ਵਿਚਾਰਾਂ ’ਤੇ ਆਧਾਰਿਤ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਅਸਲ ’ਚ ਅਜਿਹੀ ਚੀਜ਼ ਹੈ, ਜਿਸ ’ਤੇ ਸਾਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਹ ਕੌਮਾਂਤਰੀ ਸਿਸਟਮ ਦੀ ਮੌਲਿਕ ਤਰਜੀਹ ਹੋਣੀ ਚਾਹੀਦੀ ਹੈ।

Comment here