ਅਪਰਾਧਸਿਆਸਤਖਬਰਾਂਦੁਨੀਆ

ਅੱਤਵਾਦੀ ਫੰਡਿੰਗ ਮਾਮਲੇ ’ਚ ਪਾਕਿ ਹੋ ਸਕਦੈ ਬਲੈਕਲਿਸਟ

ਨਵੀਂ ਦਿੱਲੀ-ਪਾਕਿਸਤਾਨ ਦੇ ਹਾਲੇ ਤਕ ਦੇ ਰਵੱਈਏ ਨੂੰ ਦੇਖਦੇ ਹੋਏ ਇਹ ਉਮੀਦ ਕਰਨਾ ਫਿਲਹਾਲ ਬੇਮਾਨੀ ਹੋਵੇਗੀ ਪਰ ਏਨਾ ਤੈਅ ਹੈ ਕਿ ਜੇ ਪਾਕਿਸਤਾਨ ਨੇ ਅੱਤਵਾਦੀ ਹਾਫਿਜ਼ ਸਈਦ, ਮਸੂਦ ਅਜ਼ਹਰ, ਦਾਊਦ ਇਬਰਾਹੀਮ ’ਤੇ ਕਾਰਵਾਈ ਲਈ ਵਿਸ਼ਵ ਭਾਈਚਾਰੇ ਨੂੰ ਸੰਤੁਸ਼ਟ ਨਹੀਂ ਕੀਤਾ ਤਾਂ ਉਸ ਦੇ ਲਈ ਐੱਫਏਟੀਐੱਫ ਵੱਲੋਂ ਬਲੈਕਲਿਸਟਿਡ (ਪਾਬੰਦੀਸ਼ੁਦਾ ਸੂਚੀ ’ਚ ਸ਼ਾਮਲ ਹੋਣ) ਦਾ ਖ਼ਤਰਾ ਹਮੇਸ਼ਾ ਬਰਕਰਾਰ ਰਹੇਗਾ। ਵਿੱਤੀ ਕਾਰਵਾਈ ਵਰਕਿੰਗ ਫੋਰਸ (ਐੱਫਏਟੀਐੱਫ) ਵੱਲੋਂ ਜਿਸ ਤਰ੍ਹਾਂ ਨਾਲ ਅੱਗੇ ਦਾ ਰੋਡਮੈਪ ਦਿਖਾਇਆ ਹੈ, ਉਸ ਤੋਂ ਸਾਫ਼ ਹੈ ਕਿ ਇਨ੍ਹਾਂ ਅੱਤਵਾਦੀਆਂ ਖਿਲਾਫ਼ ਕਾਰਵਾਈ ਨਾ ਕਰਨ ਦੀ ਸਥਿਤੀ ’ਚ ਪਾਕਿਸਤਾਨ ਨੇ ਅੱਤਵਾਦੀ ਫੰਡਿੰਗ ਰੋਕਣ ਲਈ ਦੂਜੇ ਜਿਹੜੇ ਕਦਮ ਚੁੱਕੇ ਹਨ, ਉਨ੍ਹਾਂ ਦੇ ਵੀ ਕੋਈ ਮਾਇਨੇ ਨਹੀਂ ਹਨ। ਕੀ ਪਾਕਿਸਤਾਨ ਦੇ ਹੁਕਮਰਾਨ ਆਪਣੇ ਦੇਸ਼ ਨੂੰ ਐੱਫਏਟੀਐੱਫ ਦੀ ਨਿਗਰਾਨੀ ਸੂਚੀ ਤੋਂ ਬਾਹਰ ਕੱਢਣ ਲਈ ਹੁਣ ਹਾਫਿਜ਼ ਸਈਦ, ਮਸੂਦ ਅਜ਼ਹਰ, ਦਾਊਦ ਇਬਰਾਹੀਮ ਵਰਗੇ ਅੱਤਵਾਦੀਆਂ ਤੇ ਉਨ੍ਹਾਂ ਦੀਆਂ ਜਥੇਬੰਦੀਆਂ ਖਿਲਾਫ਼ ਠੋਸ ਕਾਰਵਾਈ ਕਰਨਗੇ?
ਐੱਫਏਟੀਐੱਫ ਗੈਰ-ਕਾਨੂੰਨੀ ਤਰੀਕੇ ਨਾਲ ਪੈਸਾ ਇਕ ਥਾਂ ਤੋਂ ਦੂਜੀ ਥਾਂ ਭੇਜਣ ਜਾਂ ਅੱਤਵਾਦੀ ਫੰਡਿੰਗ ਨੂੰ ਮਦਦ ਕਰਨ ਵਾਲੇ ਸੰਗਠਨਾਂ ਤੇ ਦੇਸ਼ਾਂ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਹੈ। ਪੂਰੀ ਦੁਨੀਆ ’ਚ ਕਿਸੇ ਵੀ ਨਾਜਾਇਜ਼ ਕੰਮ ਨੂੰ ਵਿੱਤੀ ਮਦਦ ਪਹੁੰਚਾਉਣ ’ਤੇ ਲਗਾਮ ਲਗਾਉਣ ਲਈ ਕੀ ਕਦਮ ਚੁੱਕਿਆ ਜਾਵੇ ਤੇ ਕਿਸ ਤਰ੍ਹਾਂ ਨਾਲ ਕਾਨੂੰਨ ਬਣਾਇਆ ਜਾਵੇ, ਇਸ ਬਾਰੇ ਇਹ ਅਦਾਰਿਆਂ ਤੇ ਦੇਸ਼ਾਂ ਨੂੰ ਸਲਾਹ ਦਿੰਦਾ ਹੈ। ਸਾਲ 2018 ’ਚ ਇਸ ਨੇ ਪਾਕਿਸਤਾਨ ਨੂੰ ਗ੍ਰੇ ਸੂਚੀ ’ਚ ਰੱਖਦੇ ਹੋਏ ਉਸ ਨੂੰ 34 ਨਿਯਮ ਤੇ ਕਾਨੂੰਨ ਬਣਾਉਣ ਲਈ ਕਿਹਾ ਸੀ। ਹਾਲੇ ਤਕ ਪਾਕਿਸਤਾਨ ਨੇ ਇਸ ਵਿਚੋਂ 30 ਨਿਯਮਾਂ ਤੇ ਕਾਨੂੰਨਾਂ ਨੂੰ ਲਾਗੂ ਕੀਤਾ। ਇਸ ਦੀ ਐੱਫਏਟੀਐੱਫ ਨੇ ਤਾਰੀਫ਼ ਵੀ ਕੀਤੀ ਹੈ ਪਰ ਜਿਨ੍ਹਾਂ ਚਾਰ ਨਿਯਮਾਂ ਨੂੰ ਪਾਕਿਸਤਾਨ ਨੇ ਲਾਗੂ ਨਹੀਂ ਕੀਤਾ, ਉਸ ਨੂੰ ਅੱਤਵਾਦ ਖਿਲਾਫ਼ ਲੜਾਈ ’ਚ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਵਿਚ ਇਕ ਨਿਯਮ ਇਹ ਹੈ ਕਿ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਅੱਤਵਾਦੀਆਂ ਦੀਆਂ ਜਾਇਦਾਦਾਂ ਦਾ ਪਤਾ ਲਗਾਉਣ ਤੇ ਉਸ ਨੂੰ ਜ਼ਬਤ ਕਰਨ ਲਈ ਕਦਮ ਚੁੱਕਣੇ ਪੈਣਗੇ ਤੇ ਇਸ ਬਾਰੇ ਐੱਫਏਟੀਐੱਫ ਨੂੰ ਸੰਤੁਸ਼ਟ ਕਰਨਾ ਪਵੇਗਾ। ਐੱਫਏਟੀਐੱਫ ਨੇ ਕਿਹਾ ਹੈ ਕਿ ਇਹ ਇਕ ਵੱਡਾ ਪੈਂਡਿੰਗ ਮੁੱਦਾ ਹੈ, ਜਿਸ ਨੂੰ ਪਾਕਿਸਤਾਨ ਨੂੰ ਕਰਨਾ ਪਵੇਗਾ।
ਸਾਲ 2016 ’ਚ ਪਠਾਨਕੋਟ ਹਮਲੇ ਤੋਂ ਬਾਅਦ ਮਸੂਦ ਅਜ਼ਹਰ ਨੂੰ ਬੰਦ ਕੀਤਾ ਗਿਆ ਸੀ ਪਰ ਬਾਅਦ ’ਚ ਉਸ ਬਾਰੇ ਕੁਝ ਨਹੀਂ ਦੱਸਿਆ ਗਿਆ। ਹਾਫ਼ਿਜ਼ ਸਈਦ ਨੂੰ ਉੱਥੋਂ ਦੀ ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ’ਤੇ ਸਾਲ 2019 ’ਚ 10 ਸਾਲਾਂ ਦੀ ਸਜ਼ਾ ਸੁਣਾਈ ਸੀ ਪਰ ਮੰਨਿਆ ਜਾਂਦਾ ਹੈ ਕਿ ਉਹ ਜ਼ਿਆਦਾਤਰ ਸਮੇਂ ਆਪਣੇ ਘਰ ’ਚ ਰਹਿੰਦਾ ਹੈ। ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਸਈਦ ਨੂੰ ਕਈ ਵਾਰੀ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹਰ ਵਾਰੀ ਛੱਡ ਦਿੱਤਾ ਜਾਂਦਾ ਹੈ।
ਅੱਤਵਾਦੀਆਂ ਤੇ ਉਨ੍ਹਾਂ ਦੇ ਸੰਗਠਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਖ਼ਿਲਾਫ਼ ਪਾਕਿਸਤਾਨ ਨੇ ਸਿਰਫ਼ ਵਿਸ਼ਵ ਭਾਈਚਾਰੇ ਦੀਆਂ ਅੱਖਾਂ ’ਚ ਧੂੜ ਪਾਉਣ ਲਈ ਕਾਰਵਾਈ ਕੀਤੀ ਹੈ। ਪਾਕਿਸਤਾਨ ਦੀ ਅੱਤਵਾਦੀ ਭੂਮਿਕਾ ਨੂੰ ਲੈ ਕੇ ਵਿਸ਼ਵ ਪੱਧਰ ’ਤੇ ਚਰਚਾ ਹੁੰਦੀ ਹੈ ਤੇ ਉੱਥੋਂ ਦੀ ਸਰਕਾਰ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਸੰਗਠਨਾਂ ਦੇ ਸਰਗਨਾ ਹਾਫਿਜ਼ ਸਈਦ ਤੇ ਮਸੂਦ ਅਜ਼ਹਰ ਖਿਲਾਫ਼ ਦਿਖਾਵੇ ਲਈ ਕਾਰਵਾਈ ਕਰਦੀ ਹੈ। ਵਿਸ਼ਵ ਚਰਚਾ ਠੰਢੀ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ।

Comment here