ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਅੱਤਵਾਦੀ ਘਟਨਾਵਾਂ ਕਾਰਨ ਕਸ਼ਮੀਰੀ ਪੰਡਿਤ ਮੋਦੀ ਸਰਕਾਰ ਨਾਲ ਨਰਾਜ਼

ਸ੍ਰੀਨਗਰ-ਬੀਤੇ ਦਿਨ ਜੰਮੂ-ਕਸ਼ਮੀਰ ਪੁਲਸ ਨੇ ਬਡਗਾਮ ‘ਚ ਦਹਿਸ਼ਤਗਰਦਾਂ ਵੱਲੋਂ ਰਾਹੁਲ ਭੱਟ ਦੀ ਸਰਕਾਰੀ ਦਫਤਰ ਵਿਚ ਹੱਤਿਆ ਦੇ ਵਿਰੋਧ ‘ਚ ਸ੍ਰੀਨਗਰ ਹਵਾਈ ਅੱਡੇ ਵੱਲ ਮਾਰਚ ਕਰ ਰਹੇ ਕਸ਼ਮੀਰੀ ਪੰਡਤ ਭਾਈਚਾਰੇ ਦੇ ਮੈਂਬਰਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ | ਪ੍ਰਦਰਸ਼ਨਕਾਰੀ ਪਹਿਲਾਂ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਸ਼ੇਖਪੋਰਾ ਖੇਤਰ ‘ਚ ਇਕੱਠੇ ਹੋਏ ਅਤੇ ਫਿਰ ਹਵਾਈ ਅੱਡੇ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ | ਪੰਡਤ ਭਾਈਚਾਰਾ ਆਪਣੀ ਜਾਨ ਦੀ ਰਾਖੀ ਕਰਨ ਵਿਚ ਸਰਕਾਰ ਦੀ ਨਾਕਾਮੀ ਖਿਲਾਫ ਵੀਰਵਾਰ ਤੋਂ ਪ੍ਰਦਰਸ਼ਨ ਕਰ ਰਿਹਾ ਹੈ | ਕਸ਼ਮੀਰੀ ਪੰਡਤਾਂ ਨੇ ਵਾਦੀ ਵਿਚ ਟਰਾਂਜ਼ਿਟ ਕੈਂਪਾਂ ਵਿੱਚੋਂ ਬਾਹਰ ਆ ਕੇ ਸੜਕਾਂ ‘ਤੇ ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਖਿਲਾਫ ਨਾਅਰੇਬਾਜ਼ੀ ਕੀਤੀ | ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਚਾਰ ਹਜ਼ਾਰ ਕਸ਼ਮੀਰੀ ਪੰਡਤ ਟਰਾਂਜ਼ਿਟ ਕੈਂਪਾਂ ਵਿਚ ਰਹਿ ਰਹੇ ਹਨ | ਵੀਰਵਾਰ ਰਾਤ ਕਈ ਥਾਂਵਾਂ ‘ਤੇ ਕੈਂਡਲ ਮਾਰਚ ਵੀ ਕੀਤੇ ਗਏ | ਇਕ ਪ੍ਰੋਟੈੱਸਟਰ ਰੰਜਨ ਜੁਤਸ਼ੀ ਨੇ ਕਿਹਾ-ਇਹ ਹੀ ਸਾਡਾ ਮੁੜਵਸੇਬਾ | ਸਾਨੂੰ ਇਥੇ ਮਰਨ ਲਈ ਲਿਆਂਦਾ ਗਿਆ | ਇਕ ਹੋਰ ਪ੍ਰੋਟੈੱਸਟਰ ਨੇ ਕਿਹਾ-ਅਸੀਂ ਇਥੇ ਸਿਰਫ ਕੰਮ ਕਰਦੇ ਹਾਂ | ਸਾਡਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ | ਸਾਨੂੰ ਸਾਡਾ ਕਸੂਰ ਤਾਂ ਦੱਸੋ | ਪ੍ਰਸ਼ਾਸਨ ਫੇਲ੍ਹ ਰਿਹਾ ਹੈ | ਸੰਜੇ ਨਾਂਅ ਦੇ ਪ੍ਰੋਟੈੱਸਟਰ ਨੇ ਕਿਹਾ-ਅਧਿਕਾਰੀਆਂ ਦੇ ਭਰੋਸਿਆਂ ਦੇ ਬਾਵਜੂਦ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਤਹਿਸੀਲਦਾਰ ਦੇ ਸੁਰੱਖਿਅਤ ਦਫਤਰ ਵਿਚ ਰਾਹੁਲ ਭੱਟ ਨੂੰ ਗੋਲੀ ਮਾਰ ਦਿੱਤੀ ਗਈ | ਸਿਸਟਮ ਢਹਿਢੇਰੀ ਹੋ ਗਿਆ ਹੈ, ਸੁਰੱਖਿਆ ਰਹੀ ਨਹੀਂ | ਸ਼ੇਖਪੋਰਾ ਵਿਚ ਸਥਾਨਕ ਮੁਸਲਮਾਨ ਵੀ ਕਸ਼ਮੀਰੀ ਪੰਡਤਾਂ ਦੀ ਹਮਾਇਤ ਵਿਚ ਉੱਤਰੇ | ਉਨ੍ਹਾਂ ਪਾਣੀ ਦੀ ਸੇਵਾ ਕੀਤੀ ਅਤੇ ਪੰਡਤਾਂ ਦੀ ਸੁਰੱਖਿਆ ਦੀ ਮੰਗ ਕੀਤੀ | ਸੰਜੇ ਨੇ ਕਿਹਾ-ਸਾਡੇ ਮੁਸਲਮਾਨ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ | ਅਸੀਂ ਉਨ੍ਹਾਂ ਦੇ ਦਿਲੋਂ ਸ਼ੁਕਰਗੁਜ਼ਾਰ ਹਾਂ | ਜਾਵੇਦ ਇਕਬਾਲ ਨੇ ਮੁਸਲਮਾਨਾਂ ਨੂੰ ਸੱਦਾ ਦਿੱਤਾ ਕਿ ਉਹ ਕਸ਼ਮੀਰੀ ਪੰਡਤਾਂ ਦਾ ਸਾਥ ਦੇਣ | ਜੇ ਤਹਿਸੀਲਦਾਰ ਦੇ ਦਫਤਰ ਵਿਚ ਬੰਦਾ ਮਾਰ ਦਿੱਤਾ ਜਾਂਦਾ ਹੈ ਤਾਂ ਕਸ਼ਮੀਰੀ ਪੰਡਤ ਕਿਥੇ ਜਾਣ? ਉਨ੍ਹਾ ਕਿਹਾ ਕਿ ਕੇੇਂਦਰ ਸਰਕਾਰ ਨੇ ਕਸ਼ਮੀਰੀ ਹਿੰਦੂਆਂ ਨੂੰ ਮੁੜਵਸੇਬੇ ਦੇ ਨਾਂਅ ‘ਤੇ ਤੋਪ ਦਾ ਝੁਲਕਾ ਬਣਾ ਦਿੱਤਾ ਹੈ | ਦਹਿਸ਼ਤਗਰਦ ਉਨ੍ਹਾਂ ਨੂੰ ਬੈਠਾ ਕਬੂਤਰ ਸਮਝ ਕੇ ਚਾਂਦਮਾਰੀ ਕਰ ਰਹੇ ਹਨ |
ਇਸੇ ਦੌਰਾਨ ਪੀ ਡੀ ਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨ ਕਰ ਰਹੇ ਕਸ਼ਮੀਰੀ ਪੰਡਤਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਉਨ੍ਹਾ ਨੂੰ ਬਡਗਾਮ ਜਾਣ ਤੋਂ ਰੋਕਣ ਲਈ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ | ਰਾਹੁਲ ਭੱਟ ਦਾ ਜੰਮੂ ਵਿਚ ਕਸ਼ਮੀਰੀ ਪੰਡਤ ਭਾਈਚਾਰੇ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਵਿਰੁੱਧ ਰੋਹ ਦਾ ਮੁਜ਼ਾਹਰਾ ਕਰਦਿਆਂ ਅੰਤਿਮ ਸੰਸਕਾਰ ਕੀਤਾ | ਰਾਹੁਲ ਭੱਟ ਨੂੰ ਸਾਲ 2010-11 ਵਿਚ ਪਰਵਾਸੀਆਂ ਲਈ ਵਿਸ਼ੇਸ਼ ਰੁਜ਼ਗਾਰ ਪੈਕੇਜ ਤਹਿਤ ਕਲਰਕ ਦੀ ਨੌਕਰੀ ਮਿਲੀ ਸੀ | ਸਵੇਰੇ ਜਦੋਂ ਰਾਹੁਲ ਦੀ ਮਿ੍ਤਕ ਦੇਹ ਜੰਮੂ ਦੇ ਦੁਰਗਾ ਨਗਰ ਇਲਾਕੇ ‘ਚ ਸਥਿਤ ਉਸ ਦੇ ਘਰ ਪਹੁੰਚੀ ਤਾਂ ਉਸ ਦੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ | ਰਾਹੁਲ ਭੱਟ ਦੀ ਪਤਨੀ ਅਤੇ ਧੀ ਵੀ ਇਸ ਵੇਲੇ ਹਾਜ਼ਰ ਸਨ | ਭੱਟ ਦੇ ਘਰ ਅੰਤਿਮ ਸੰਸਕਾਰ ਲਈ ਸੈਂਕੜੇ ਕਸ਼ਮੀਰੀ ਪੰਡਤ ਇਕੱਠੇ ਹੋਏ |
ਰਾਹੁਲ ਭੱਟ ਦੇ ਪਰਵਾਰ ਸਮੇਤ ਭਾਈਚਾਰੇ ਦੇ ਮੈਂਬਰਾਂ ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਤੇ ਭਾਈਚਾਰੇ ਦੇ ਮੁੜ ਵਸੇਬੇ ਦੇ ਨਾਂਅ ‘ਤੇ ਨੌਜਵਾਨ ਕਸ਼ਮੀਰੀ ਹਿੰਦੂਆਂ ਨੂੰ ਮੌਤ ਦੇ ਮੂੰਹ ‘ਚ ਸੁੱਟਣ ਦਾ ਦੋਸ਼ ਲਗਾਇਆ | ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਨੇ ਘਾਟੀ ਵਿਚ ਪੱਕੇ ਤੌਰ ‘ਤੇ ਮੁੜ ਵਸਣ ਦਾ ਉਨ੍ਹਾਂ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਹੈ | ਰਾਹੁਲ ਭੱਟ ਦੇ ਰਿਸ਼ਤੇਦਾਰ ਸੋਨ ਨਾਥ ਭੱਟ ਨੇ ਕਿਹਾ-ਤੁਸੀਂ (ਭਾਜਪਾ) ਨੌਜਵਾਨ ਕਸ਼ਮੀਰੀ ਪੰਡਤਾਂ ਨੂੰ ਨੌਕਰੀਆਂ ਦੇਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੇ ਨਾਂਅ ‘ਤੇ ਕਤਲ ਕਰਾਉਣ ਦੀ ਸਾਜ਼ਿਸ਼ ਰਚੀ ਹੈ | ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ ਅਤੇ ਹੋਰ ਪਾਰਟੀ ਨੇਤਾ, ਜੋ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ, ਨੂੰ ਭਾਈਚਾਰੇ ਦੇ ਮੈਂਬਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ |
ਕਸ਼ਮੀਰੀ ਪੰਡਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੰਮੂ, ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਤੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀਆਂ ਨੇ ਸੜਕ ਵੀ ਜਾਮ ਕਰ ਦਿੱਤੀ।

Comment here