ਅਪਰਾਧਸਿਆਸਤਖਬਰਾਂ

 ਅੱਤਵਾਦੀਆਂ ਦੀ ਪਛਾਣ ਲਈ ਜੰਮੂ-ਕਸ਼ਮੀਰ ’ਚ ਐੱਫਆਰਟੀ ਕੈਮਰੇ ਲੱਗਣਗੇ

ਸ੍ਰੀਨਗਰ- ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਦਾ ਹੁਣ ਲੁਕਣਾ ਸੰਭਵ ਨਹੀਂ ਹੋਵੇਗਾ। ਉਹਨਾਂ ਦਾ ਭੇਸ ਬਦਲ ਕੇ ਰਹਿਣਾ ਵੀ ਆਸਾਨ ਨਹੀਂ ਹੋਵੇਗਾ। ਮਾਮੂਲੀ ਜਿਹੀ ਝਲਕ ਮਿਲਦੇ ਹੀ ਉਹ ਚਿੰਨ੍ਹਤ ਹੋਣਗੇ ਤੇ ਅਗਲੇ ਕੁਝ ਮਿੰਟਾਂ ’ਚ ਸੁਰੱਖਿਆ ਬਲਾਂ ਦੀ ਗ੍ਰਿਫ਼ਤ ’ਚ ਹੋਣਗੇ। ਜੰਮੂ-ਕਸ਼ਮੀਰ ਪੁਲਿਸ ਨੇ ਸੂਬੇ ਦੇ ਸਾਰੇ ਸੰਵੇਦਨਸ਼ੀਲ ਖੇਤਰਾਂ ’ਚ ਚਿਹਰੇ ਪਛਾਣਨ ਵਾਲੀ ਤਕਨੀਕ ਐੱਫਆਰਟੀ (ਫੇਸ਼ੀਅਲ ਰਿਕੋਗਨੀਸ਼ਨ ਟੈਕਨਾਲੋਜੀ) ਨਾਲ ਲੈਸ ਉੱਚ ਸਮਰੱਥਾ ਵਾਲੇ ਅਤਿਆਧੁਨਿਕ ਕੈਮਰੇ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸ਼ੁਰੂਆਤ ’ਚ ਇਹ ਕੈਮਰੇ ਸ੍ਰੀਨਗਰ ’ਚ ਲਗਾਏ ਜਾਣਗੇ। ਉੱਚ ਅਹੁਦੇ ਦੇ ਸੂਤਰਾਂ ਨੇ ਦੱਸਿਆ ਕਿ ਇਹ ਕੈਮਰੇ ਅਗਲੇ ਕੁਝ ਮਹੀਨਿਆਂ ’ਚ ਸਥਾਪਤ ਕਰ ਦਿੱਤੇ ਜਾਣਗੇ। ਹਾਲਾਂਕਿ ਜੰਮੂ-ਕਸ਼ਮੀਰ ’ਚ ਜਨਤਕ ਥਾਵਾਂ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਨਿਗਰਾਨੀ ਲਈ ਪੁਲਿਸ ਪਹਿਲਾਂ ਤੋਂ ਹੀ ਕਰੀਬ 300 ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕਰ ਰਹੀ ਹੈ, ਪਰ ਇਨ੍ਹਾਂ ਕੈਮਰਿਆਂ ’ਚ ਐੱਫਆਰਟੀ ਨਹੀਂ ਹੈ। ਪੁਲਿਸ ਬਦਲਦੇ ਸੁਰੱਖਿਆ ਹਾਲਾਤ ਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ’ਚ ਰੱਖਦੇ ਹੋਏ ਐੱਫਆਰਟੀ ਕੈਮਰਿਆਂ ਦੀ ਵਰਤੋਂ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲੀਆ ’ਚ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ’ਚ ਹੋਈ ਜੰਮੂ-ਕਸ਼ਮੀਰ ਇੰਟੀਗ੍ਰੇਟਿਡ ਹੈੱਡਕੁਆਰਟਰ ਦੀ ਬੈਠਕ ’ਚ ਵੀ ਇਹ ਕੈਮਰੇ ਲਗਾਏ ਜਾਣ ਦੇ ਮੁੱਦੇ ’ਤੇ ਚਰਚਾ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ ਐੱਫਆਰਟੀ ਕੈਮਰੇ ਸਥਾਪਤ ਕਰਨ ਲਈ ਹੋਣ ਵਾਲੇ ਖ਼ਰਚ ਦਾ ਭਾਰ ਘੱਟ ਕਰਨ ਲਈ ਸ੍ਰੀਨਗਰ ਨਗਰ ਨਿਗਮ ਤੇ ਸਮਾਰਟ ਸਿਟੀ ਪ੍ਰਾਜੈਕਟ ਸ੍ਰੀਨਗਰ ਦੀ ਵੀ ਮਦਦ ਲਵੇਗੀ। ਦੇਸ਼ ’ਚ ਦਿੱਲੀ ਤੇ ਤੇਲੰਗਾਨਾ ਪੁਲਿਸ ਨਿਗਰਾਨੀ ਤੇ ਪਛਾਣ ਦੀ ਪੁਸ਼ਟੀ ਲਈ ਐੱਫਆਰਟੀ ਦੀ ਵਰਤੋਂ ਪਹਿਲਾਂ ਤੋਂ ਹੀ ਕਰ ਰਹੀ ਹੈ। ਜੰਮੂ-ਕਸ਼ਮੀਰ ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਐੱਫਆਰਟੀ ਤਕਨੀਕ ਸਾਨੂੰ ਅੱਤਵਾਦੀ ਹਮਲੇ ਰੋਕਣ ਤੇ ਅੱਤਵਾਦੀਆਂ ਨੂੰ ਫੜਨ ’ਚ ਪੂਰੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕਿਸੇ ਖੇਤਰ ਵਿਸ਼ੇਸ਼ ’ਚ ਕਿਸੇ ਅੱਤਵਾਦੀ ਜਾਂ ਉਸ ਦੇ ਓਵਰਗਰਾਊਂਡ ਵਰਕਰ ਦੇ ਸਰਗਰਮ ਹੋਣ ਦੀ ਸੂਚਨਾ ਮਿਲੇਗੀ, ਡਾਟਾ ਬੇਸ ਤੋਂ ਉਸ ਬਾਰੇ ਸਾਰੀ ਜ਼ਰੂਰੀ ਜਾਣਕਾਰੀ ਇਕੱਠੀ ਕਰ ਕੇ ਉਸ ਦੀਆਂ ਸਰਗਰਮੀਆਂ ਦੀ ਟ੍ਰੈਕਿੰਗ ਤੇ ਰਿਕਾਰਡਿੰਗ ਕੀਤੀ ਜਾਵੇਗੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਹਾਲਾਤ ’ਚ ਕਿਸੇ ਘਟਨਾ ਵਿਸ਼ੇਸ਼ ਤੋਂ ਬਾਅਦ ਸਬੰਧਤ ਤਸਵੀਰਾਂ ਤੇ ਫੁਟੇਜ ਨੂੰ ਜਾਂਚ ਲਈ ਫਾਰੈਂਸਿਕ ਸਾਇੰਸ ਲੈਬ ’ਚ ਭੇਜਿਆ ਜਾਂਦਾ ਹੈ, ਪਰ ਐੱਫਆਰਟੀ ਤਕਨੀਕੀ ਤੌਰ ’ਤੇ ਐੱਫਐੱਸਐੱਲ ਤੋਂ ਕਈ ਮਾਮਲਿਆਂ ’ਚ ਜ਼ਿਆਦਾ ਬਿਹਤਰ ਹੈ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸੈਂਟਰਲ ਕਸ਼ਮੀਰ ਰੇਂਜ ਦੇ ਡੀਆਈਜੀ ਸੁਜੀਤ ਕੁਮਾਰ ਨੇ ਕਿਹਾ ਕਿ ਇਸ ਸੰਦਰਭ ’ਚ ਗਠਿਤ ਵਰਕ ਫੋਰਸ ’ਚ ਸਾਰੇ ਰੇਂਜ ਡੀਆਈਜੀ ਸ਼ਾਮਲ ਕੀਤੇ ਗਏ ਹਨ। ਸਾਡੇ ਕੋਲ ਲਗਪਗ ਸਾਰੇ ਅੱਤਵਾਦੀਆਂ, ਅਪਰਾਧੀਆਂ, ਪੱਥਰਬਾਜ਼ਾਂ ਤੇ ਓਵਰਗਰਾਊਂਡ ਵਰਕਰਾਂ ਦੀਆਂ ਤਸਵੀਰਾਂ ਹਨ। ਐੱਫਆਰਟੀ ਇਨ੍ਹਾਂ ਨੂੰ ਲੱਭਣ ’ਚ ਮਦਦਗਾਰ ਸਾਬਿਤ ਹੋਵੇਗਾ। ਇਸ ਦੇ ਸਹਾਰੇ ਅਸੀਂ ਸਾਰੇ ਖ਼ਤਰਨਾਕ ਤੇ ਪ੍ਰਮੁੱਖ ਅੱਤਵਾਦੀਆਂ ਤੇ ਉਨ੍ਹਾਂ ਦੇ ਓਵਰਗਰਾਊਂਡ ਵਰਕਰਾਂ ਨੂੰ ਤਲਾਸ਼ ਕਰ ਕੇ ਨਾਕਾਮ ਬਣਾ ਸਕਦੇ ਹਾਂ।

Comment here