ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਅੱਜ ਹਿਜਾਬ ਜਾਂ ਦਸਤਾਰ ਤੇ ਸਵਾਲ ਕਿਉਂ?

ਚੋਣਾਂ ਦੌਰਾਨ ਤਾਂ ਸਿੱਖਾਂ ਨੂੰ  ਬੇਸ਼ੁਮਾਰ ਪਿਆਰ ਵਿਖਾਇਆ ਜਾ ਰਿਹਾ ਸੀ | ਅਫ਼ਗਾਨੀ ਆਗੂਆਂ ਤੋਂ ਲੈ ਕੇ ਸਾਰੇ ‘ਸਿੱਖ ਸੰਤਾਂ’ ਦਾ ਅਭਿਨੰਦਨ ਹੋ ਰਿਹਾ ਸੀ | ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਦਰਵਾਜ਼ਿਆਂ ਪਿਛੇ ਬੈਠ ਕੇ, ਸਿੱਖਾਂ ਨੂੰ  ਲੱਗੇ ਜ਼ਖ਼ਮਾਂ ‘ਤੇ ਮਲ੍ਹਮ ਲਗਾਉਣ ਦੀ ਗੱਲ ਹੋ ਰਹੀ ਸੀ | ਸਿਰਸਾ ਤਾਂ ਕਥਿਤ ਤੌਰ ਤੇ, ਪਹਿਲਾਂ ਹੀ ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਲਈ ਭਾਜਪਾ ਵਿਚ ਗਏ ਸਨ | ਹੁਣ ਅਕਾਲੀ ਦਲ ਵੀ ‘ਘਰ ਵਾਪਸੀ’ ਦੀ ਤਿਆਰੀ ਕਰ ਰਿਹਾ ਹੈ ਜਾਂ ਕੀਤੀ ਜਾ ਚੁੱਕੀ ਘਰ ਵਾਪਸੀ ਦਾ ਰਸਮੀ ਐਲਾਨ ਹੀ ਬਾਕੀ ਹੈ | ਤਾਂ ਫਿਰ ਸਿੱਖਾਂ ਦੇ ਧਾਰਮਕ ਚਿੰਨ੍ਹਾਂ ਦਾ ਮੁੱਦਾ ਕਿਸ ਤਰ੍ਹਾਂ ਉਠ ਪਿਆ? ਇਸ ਮੁੱਦੇ ਤੇ ਹੁਣ ਕੁੱਝ ਆਵਾਜ਼ ਚੁੱਕੀ ਵੀ ਜਾਵੇ ਤਾਂ ਗ਼ਲਤ ਸੋਚ ਵਾਲਿਆਂ ਤੇ ਕੋਈ ਅਸਰ ਵੀ ਹੋਵੇਗਾ? ਜੋ ਲੋਕ ਇਸ ਸੋਚ ਨੂੰ  ਅੱਜ ਆਵਾਜ਼ ਦੇ ਰਹੇ ਹਨ, ਇਹ ਉਹੀ ਲੋਕ ਹਨ ਜਿਨ੍ਹਾਂ ਨੂੰ  ਹਿੰਦੁਸਤਾਨ ਵਿਚ ਇਕ ਸਿੱਖ ਪ੍ਰਧਾਨ ਮੰਤਰੀ ਵੀ ਚੁਭਦਾ ਸੀ |  ਜਦੋਂ ਵੀ ਸਰਦਾਰ ਬੱਚੇ ਵਿਦੇਸ਼ਾਂ ਵਿਚ ਜਾਂ ਭਾਰਤ ਦੇ ਦਖਣੀ ਸੂਬਿਆਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਦੇ ਜੂੜੇ ‘ਤੇ ਸਵਾਲ ਉਠਣ ਲਗਦੇ ਹਨ | ਮੇਰਾ ਬੇਟਾ ਜਦੋਂ ਮੁੰਬਈ ਵਿਚ ਪੜ੍ਹਨੇ ਪਿਆ ਤਾਂ ਉਸ ਨੂੰ  ਵੀ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ (ਕਿਉਂਕਿ ਉਸ ਵਕਤ ਦੀਆਂ ਹਿੰਦੀ ਫ਼ਿਲਮਾਂ ਵਿਚ ਜੂੜੇ ਪਟਕੇ ਵਾਲੇ ਸਰਦਾਰ ਬੱਚੇ ਜਾਂ ਜਵਾਨ ਨੂੰ  ਇਕ ਜੋਕਰ ਵਾਂਗ ਪੇਸ਼ ਕੀਤਾ ਜਾਂਦਾ ਸੀ) ਤੇ ਕੁੱਝ ਨੇ ਤਾਂ ਉਸ ਦੇ ਸਿਰ ਦੇ ਜੂੜੇ ਨੂੰ  ਟਮਾਟਰ ਜਾਂ ਆਲੂ ਆਖ ਕੇ ਵੀ ਚਿੜਾਇਆ | ਤਕਲੀਫ਼ ਤਾਂ ਬਹੁਤ ਹੋਈ ਪਰ ਸਕੂਲ ਪਿ੍ੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਰੇ ਸਕੂਲ ਵਿਚ ਸਿੱਖ ਰਵਾਇਤਾਂ ਬਾਰੇ ਜਾਣਕਾਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ | ਇਥੋਂ ਤਕ ਕਿ ਇਕ ਮਾਂ, ਜਿਸ ਦਾ ਬੇਟਾ ਛੇੜਦਾ ਸੀ, ਉਸ ਨੇ ਅਪਣੇ ਬੇਟੇ ਨੂੰ  ਸਮਝਾਇਆ ਤੇ ਬੜੀ ਕੋਸ਼ਿਸ਼ ਕਰ ਕੇ ਬੱਚਿਆਂ ਨੂੰ  ਮਿਲਾਇਆ ਤੇ ਅੱਜ 10 ਸਾਲ ਮੁੰਬਈ ਛੱਡੇ ਨੂੰ  ਵੀ ਹੋ ਗਏ ਹਨ ਪਰ ਉਹ ਸਾਰੇ ਲੋਕ ਅੱਜ ਵੀ ਸਾਡੇ ਨਾਲ ਜੁੜੇ ਹੋਏ ਹਨ | ਵਖਰੇਵੇਂ ਮੌਜੂਦ ਸਨ ਪਰ ਵਖਰੇਵਿਆਂ ਤੋਂ ਉੱਤੇ ਉਠਣ ਦੀ ਸੋਚ ਵੀ ਸੀ | ਜਿਹੜੇ ਨਫ਼ਰਤ ਦੇ ਬੀਜ ਸਾਡੇ ਸਿਆਸੀ ਆਗੂ ਬੀਜਦੇ ਆ ਰਹੇ ਹਨ, ਉਨ੍ਹਾਂ ਦੀ ਫ਼ਸਲ ਵੱਡੀ ਹੋ ਕੇ ਫੱਲ ਫੁੱਲ ਰਹੀ ਹੈ | ਬੰਗਲੌਰ ਵਿਚ ਇਕ ਪਹਿਲੀ ਕਲਾਸ ਦੇ ਬੱਚੇ ਨੂੰ  ਸਿਰ ‘ਤੇ ਜੂੜਾ ਸਜਾਉਣ ਕਾਰਨ ਸਕੂਲ ਵਲੋਂ ਦਾਖ਼ਲਾ ਦੇਣ ਤੋਂ ਨਾਂਹ ਕਰ ਦੇਣਾ ਇਕ ਸ਼ਰਮਨਾਕ ਤੇ ਡਰਾਵਣਾ ਕਦਮ ਹੈ | ਹੁਣ ਵਖਰੇਵਿਆਂ ਨੂੰ  ਮਿਟਾ ਕੇ ਹਰ ਇਕ ਨੂੰ  ਇਕੋ ਹੀ ਰੂਪ ਵਿਚ ਢਾਲਣ ਦਾ ਯਤਨ ਕਰਨ ਦੀ ਸੋਚ ਸਾਡੇ ਸਮਾਜ ਦੀਆਂ ਸਿਖਿਆ ਸੰਸਥਾਵਾਂ ਵਿਚ ਪਨਪਣ ਲੱਗ ਗਈ ਹੈ | ਬੰਗਲੌਰ ਵਿਚ ਇਕ ਹੋਰ ਥਾਂ ਇਕ ਲੜਕੀ ਨੂੰ  ਅਪਣੀ ਦਸਤਾਰ ਉਤਾਰਨ ਦਾ ਹੁਕਮ ਦਿਤਾ ਗਿਆ ਹੈ | ਹਿਜਾਬ ਉਤਾਰਨ ਦੀ ਮੰਗ ਤੋਂ ਇਹ ਸ਼ੁਰੂਆਤ ਹੋਈ ਹੈ ਤੇ ਉਸ ਵਕਤ ਵੀ ਇਹੀ ਸਵਾਲ ਪੁਛਿਆ ਜਾ ਰਿਹਾ ਸੀ ਕਿ ਜੇ ਅੱਜ ਹਿਜਾਬ ਤਾਂ ਕਲ ਕੀ ਦਸਤਾਰ ਉਤੇ ਹਮਲਾ ਹੋਵੇਗਾ?  ਫ਼ਿਲਮਾਂ ਹੋਣ ਜਾਂ ਅਸਲ ਜ਼ਿੰਦਗੀ, ਦਸਤਾਰ ਸਜਾਈ ਆਗੂ ਹਰ ਥਾਂ ਨਜ਼ਰ ਆਉਂਦੇ ਹਨ | ਵਿਦੇਸ਼ਾਂ ਵਿਚ ਸਿੱਖਾਂ ਦੀ ਦਸਤਾਰ ਨੂੰ  ਥਾਂ ਮਿਲ ਰਹੀ ਹੈ | ਅਮਰੀਕੀ ਫ਼ੌਜ ਵਿਚ ਪਹਿਲਾ ਦਸਤਾਰਧਾਰੀ ਸਿੱਖ ਭਰਤੀ ਹੋਇਆ ਜਿਸ ਉਤੇ ਭਾਰਤੀ ਫ਼ੌਜ ਵਾਂਗ ਅਪਣੀ ਦਾੜ੍ਹੀ ਕੱਟਣ ਦਾ ਦਬਾਅ ਨਹੀਂ ਹੈ | ਇਸ ਮਾਹੌਲ ਵਿਚ ਅਮਰੀਕੀ ਘਟਨਾ ਜਿਥੇ ਇਕ ਵਧੀਆ ਉਦਾਹਰਣ ਹੈ, ਉਥੇ ਜਿਸ ਦੇਸ਼ ਨੂੰ  ਅਸੀ ਅਪਣਾ ਮੰਨਦੇ ਹਾਂ, ਉਸ ਵਿਚ ਹੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ |  ਸੁਪਰੀਮ ਕੋਰਟ ਨੇ ਜਦ ਵੇਖਿਆ ਕਿ ਪ੍ਰਧਾਨ ਮੰਤਰੀ ਦਾ ਕਾਫ਼ਲਾ 15 ਮਿੰਟ ਵਾਸਤੇ ਰਸਤਾ ਖ਼ਾਲੀ ਹੋਣ ਦੀ ਉਡੀਕ ਕਰ ਰਿਹਾ ਸੀ ਤਾਂ ਉਨ੍ਹਾਂ ਅਪਣੇ ਆਪ ਮਾਮਲੇ ਨੂੰ  ਅਪਣੇ ਹੱਥਾਂ ਵਿਚ ਲੈ ਲਿਆ | ਪਰ ਨਾ ਉਨ੍ਹਾਂ ਨੂੰ  ਹਿਜਾਬ ਤੇ ਅਤੇ ਨਾ ਹੁਣ ਦਸਤਾਰ ਤੇ ਸਵਾਲ ਚੁੱਕਣ ਦਾ ਦੁੱਖ ਹੋ ਰਿਹਾ ਹੈ |  ਸਾਡਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ  ਬਰਾਬਰ ਮੰਨਦਾ ਹੈ ਪਰ ਜੇ ਇਕ ਛੇ ਸਾਲ ਦੇ ਬੱਚੇ ਨੂੰ  ਸਕੂਲ ਵਿਚ ਉਸ ਦੇ ਧਾਰਮਕ ਵਿਸ਼ਵਾਸ ਕਾਰਨ ਦਾਖ਼ਲਾ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ  ਦੁੱਖ ਕਿਉਂ ਨਹੀਂ ਹੁੰਦਾ? ਕੀ ਹੁਣ ਸੰਵਿਧਾਨ ਵੀ ਵੱਖ-ਵੱਖ ਧਰਮਾਂ ਲਈ ਵਖਰੇ ਮਾਪਦੰਡ ਨਿਸ਼ਚਿਤ ਕਰਨ ਦੀ ਤਿਆਰੀ ਵਿਚ ਹੈ? ਬਹੁਤ ਕੁੱਝ ਵੇਖਿਆ ਹੈ ਇਸ ਦੇਸ਼ ਵਿਚ ਪਰ ਜਾਪਦਾ ਹੈ ਕਿ ਆਉਣ ਵਾਲੇ ਸਮੇਂ ‘ਚ ਧਾਰਮਕ ਅਸਹਿਣਸ਼ੀਲਤਾ ਕਾਰਨ ਕੁੱਝ ਹੋਰ ਵੀ ਮਾੜੇ ਦਿਨ ਵੇਖਣੇ ਪੈਣਗੇ | ਸਿਆਸੀ ਪਾਰਟੀਆਂ ਨੇ ਵਿਦੇਸ਼ ਜਾਣ ਵਾਲੇ ਨੌਜੁਆਨਾਂ ਦੀ ਮਦਦ ਕਰਨ ਦਾ ਜਿਹੜਾ ਫ਼ੈਸਲਾ ਕੀਤਾ ਸੀ, ਸ਼ਾਇਦ ਉਹੀ ਦੂਰ-ਅੰਦੇਸ਼ੀ ਵਾਲੀ ਗੱਲ ਹੈ | ਸਿੱਖਾਂ ਨੂੰ  ਵਖਰਾ ਸੋਚਣ, ਕਰਨ ਤੇ ਦਿਸਣ ਦੀ ਜ਼ਿੰਮੇਵਾਰੀ ਦਿਤੀ ਗਈ ਹੈ ਪਰ ਜਿਥੇ ਤੁਹਾਡੇ ਵਖਰੇਪਨ ਨੂੰ  ਹੀ ਖ਼ਤਰਾ ਬਣ ਆਵੇ, ਉਥੇ ਦਿਲ ਕਿਵੇਂ ਜੁੜਨਗੇ?

 –  ਨਿਮਰਤ ਕੌਰ

Comment here