ਸਿਆਸਤਖਬਰਾਂ

ਅੱਜ ਫੇਰ ਸੰਸਦ ਚ ਭਖਿਆ ਰਿਹਾ ਕਿਸਾਨੀ ਮੁੱਦਾ

ਨਵੀਂ ਦਿੱਲੀ-ਸੰਸਦ ਦੇ ਅੰਦਰ ਤੇ ਬਾਹਰ ਖੇਤੀ ਕਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਕਾਂਗਰਸ ਸਮੇਤ 14 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਅੱਜ ਕਿਸਾਨ ਮੁੱਦਿਆਂ, ਪੈਗਾਸਸ ਜਾਸੂਸੀ ਕਾਂਡ ਅਤੇ ਹੋਰ ਮਸਲਿਆਂ ’ਤੇ ਸਰਕਾਰ ਉਤੇ ਦਬਾਅ ਪਾਉਣ ਦੀ ਰਣਨੀਤੀ ’ਤੇ ਚਰਚਾ ਕੀਤੀ। ਰਾਹੁਲ ਗਾਂਧੀ ਤੇ ਹੋਰ ਕਈ ਨੇਤਾਵਾਂ ਨੇ  ਪੈਗਾਸਸ ਮਾਮਲੇ ’ਤੇ ਲੋਕ ਸਭਾ ਵਿੱਚ ਕੰਮ ਰੋਕੂ ਨੋਟਿਸ ਵੀ ਦਿੱਤਾ। ਵਿਰੋਧੀ ਧਿਰਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਮੁੱਦੇ ‘ਤੇ ਸਮਝੌਤਾ ਨਹੀਂ। ਕਿਸਾਨੀ ਮੁੱਦੇ ਤੇ ਇਕ ਸਵਾਲ ਦਾ ਜੁਆਬ ਦਿੰਦਿਆਂ ਕੇਂਦਰ ਸਰਕਾਰ ਵਲੋਂ ਲੋਕ ਸਭਾ ’ਚ ਵਿੱਤ ਰਾਜ ਮੰਤਰੀ ਭਾਗਵਤ ਕਰਾਡ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ ਕਿਸਾਨਾਂ ’ਤੇ 16.80 ਲੱਖ ਕਰੋੜ ਰੁਪਏ ਦਾ ਖੇਤੀ ਕਰਜਾ ਬਕਾਇਆ ਹੈ, ਜਿਸ ਨੂੰ ਮਾਫ ਕਰਨ ਦੀ ਕੇਂਦਰ ਦੀ ਕੋਈ ਤਜਵੀਜ਼ ਨਹੀਂ ਹੈ। ਇਸ ਦੌਰਾਨ ਕਿਸਾਨਾਂ ਨੇ ਜੰਤਰ-ਮੰਤਰ ’ਤੇ ‘ਕਿਸਾਨ ਸੰਸਦ’ ਜਾਰੀ ਰੱਖੀ। ਇਸ ਮੌਕੇ ਜ਼ਰੂਰੀ ਵਸਤੂ (ਸੋਧ) ਐਕਟ ’ਤੇ ਚਰਚਾ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਐਮਪੀਜ਼ ਵੱਲੋਂ ਲਗਾਤਰ ਸੰਸਦ ਦੇ ਬਾਹਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਅੱਜ ਸੱਤਵੇਂ ਦਿਨ ਵੀ ਪਰਦਰਸ਼ਨ ਕਰਦਿਆਂ ਇਹਨਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਅਕਾਲੀ ਦਲ ਬਾਦਲ, ਬਸਪਾ, ਐੱਨ. ਸੀ. ਪੀ., ਸੀ. ਪੀ. ਆਈ. ਐੱਮ., ਸੀ. ਪੀ. ਆਈ., ਆਰ. ਐੱਲ. ਪੀ. ਅਤੇ ਜੰਮੂ-ਕਸ਼ਮੀਰ ਨੈਸ਼ਨਲ ਕਾਂਗਰਸ ਨੇ ਰਾਸ਼ਟਰਪਤੀ ਨੂੰ ਇਕ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਮਿਲਣ ਲਈ ਸਮਾਂ ਦਿੱਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨਾਂ ’ਤੇ ਚਰਚਾ ’ਤੇ ਜਬਰੀ ਰੋਕ ਲਾਉਣ ਦੇ ਅੜਬ ਰਵੱਈਏ ਬਾਰੇ ਜਾਣਕਾਰੀ ਦੇ ਸਕਣ। ਇਸ ਵਿਚ ਪੈਗਾਸਸ ਜਸੂਸੀ ਮਾਮਲੇ ਦੀ ਜਾਂਚ ਦੀ ਲੋੜ ’ਤੇ ਚਰਚਾ ਕਰਵਾਉਣ ਦੀ ਮੰਗ ਵੀ ਕੀਤੀ ਗਈ।ਅੱਜ ਸੰਸਦ ਚ ਖੂਬ ਹੰਗਾਮੇ ਹੋਏ, ਵਿਰੋਧੀ ਐਮਪੀਜ਼ ਵਿਚੋਂ ਕੁਝ ਨੇ ਕਾਗਜ਼ ਖਿਲਾਰੇ, ਜਿਹਨਾਂ ਚ ਕਾਂਗਰਸ ਦੇ ਰਵਨੀਤ ਬਿੱਟੂ ਤੇ ਗੁਰਜੀਤ ਔਜਲਾ ਦਾ ਨਾਮ ਵੀ ਸ਼ਾਮਲ ਹੈ। ਇਹਨਾਂ ਤੇ ਕਾਰਵਾਈ ਹੋ ਸਕਦੀ ਹੈ।

Comment here