ਸਿਆਸਤਖਬਰਾਂਚਲੰਤ ਮਾਮਲੇ

ਅੱਜ ਤੋਂ ਨਾਮਜ਼ਦਗੀਆਂ ਸ਼ੁਰੂ, ਚੋਣ ਕਮਿਸ਼ਨ ਸਖਤ

ਚੰਡੀਗੜ-ਵੀਹ ਫਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣਗੀਆਂ, ਅੱਜ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਰਹੀਆਂ ਹਨ। ਹਾਲੇ ਵੀ ਸਤਾਧਾਰੀ ਕਾਂਗਰਸ ਆਪਣੇ ਸਾਰੇ ਉਮੀਦਵਾਰ ਨਹੀ ਐਲਾਨ ਸਕੀ, ਹੋਰ ਵੀ ਕਈ ਧਿਰਾਂ ਨੂੰ ਉਮੀਦਵਾਰ ਲੱਭਣ ਚ ਮੁਸ਼ਕਤ ਕਰਨ ਪੈ ਰਹੀ ਹੈ। ਇਸ ਵਾਰ ਚੋਣ ਮੈਦਾਨ ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ-ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ,  ਸੰਯੁਕਤ ਕਿਸਾਨ ਮੋਰਚਾ ਅਤੇ ਕਈ ਖੱਬੀਆਂ ਪਾਰਟੀਆਂ ਨਿਤਰੀਆਂ ਹੋਈਆਂ ਹਨ। ਚੋਣ ਕਮਿਸ਼ਨ ਇਸ ਵਾਰ ਨਿਯਮਾਂ ਚ ਕਈ ਫੇਰਬਦਲ ਕਰ ਚੁਕਿਆ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਹੈ 25 ਜਨਵਰੀ ਨੂੰ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਨਾਮਜ਼ਦਗੀ ਭਰਨ ਦੀ ਆਖ਼ਰੀ ਤਰੀਕ 1 ਫਰਵਰੀ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫਰਵਰੀ ਨੂੰ ਹੋਵੇਗੀ ਜਦਕਿ 4 ਫਰਵਰੀ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ। ਨਾਮਜ਼ਦਗੀ ਜਮਾ ਕਰਾਉਣ ਦਾ ਸਮਾਂ  ਸਵੇਰੇ 11 ਵਜੇ ਤੋਂ 3 ਵਜੇ ਤੱਕ ਦਾ ਹੈ।  26 ਅਤੇ 30 ਜਨਵਰੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ।  ਨਾਮਜ਼ਦਗੀ ਦਾਖਲ ਕਰਨ ਵੇਲੇ ਰਿਟਰਨਿੰਗ ਫਸਰ ਦੇ ਦਫਤਰ ਚ ਆਮ ਕਰੇਕ ਮੇਲਾ ਲਗ ਜਾਂਦਾ ਹੈ, ਪਰ ਇਸ ਵਾਰ ਚੋਣ ਕਮਿਸ਼ਨ ਨੇ ਹਦਾਇਤਾਂ ਦਿਤੀਆਂ ਨੇ ਕਿ ਦਫਤਰ ਦੇ ਅੰਦਰ ਉਮੀਦਵਾਰ ਨਾਲ ਸਿਰਫ ਦੋ ਬੰਦੇ ਹੀ ਜਾ ਸਕਣਗੇ।

ਪੰਜਾਬ ਵਿੱਚ 2, 12, 75, 066 ਵੋਟਰਾਂ ਵੱਲੋਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਜਾਵੇਗੀ। ਇਹਨਾਂ  ਵਿੱਚ 1,11, 87,857 ਮਰਦ,  ਤੇ 1, 00, 86, 514 ਮਹਿਲਾ, ਅਤੇ 695 ਵੋਟਰ ਥਰਡ ਜੈਂਡਰ ਹਨ। 5,13, 229 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ। 14751 ਪੋਲਿੰਗ ਥਾਵਾਂ ਉੱਤੇ 24740 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ।

ਅਪਰਾਧੀ ਪਿਛੋਕੜ ਵਾਲਿਆਂ ਲਈ ਸਖਤੀ

ਭਾਰਤੀ ਚੋਣ ਕਮਿਸਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 ਵਿੱਚ ਸੋਧ ਕਰ ਦਿੱਤੀ ਗਈ ਹੈ ਅਤੇ ਵਿਧਾਨ ਸਭਾ ਜਾਂ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਵਿਰੁਧ ਚਲ ਰਹੇ ਅਪਰਾਧਿਕ ਮਾਮਲਿਆਂ ਬਾਰੇ ਜਾਂ ਜਿਹਨਾਂ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਸ ਬਾਰੇ ਪੂਰੀ ਜਾਣਕਾਰੀ ਆਪਣੀ ਪਾਰਟੀ ਅਤੇ ਆਮ ਲੋਕਾਂ ਨੂੰ ਅਖਬਾਰ ਅਤੇ ਬਿਜਲਈ ਮੀਡੀਆ ਰਾਹੀਂ ਦੇਣ। ਇਸ ਸਬੰਧੀ ਪੰਜਾਬ ਦੇ ਚੋਣ ਅਫ਼ਸਰ, ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸਬੰਧਤ ਰਾਜਨੀਤਿਕ ਪਾਰਟੀ ਲਈ ਇਹ ਜ਼ਰੂਰੀ ਹੈ ਕਿ ਉਹ ਜੇਕਰ ਉਸ ਵੱਲੋਂ ਐਲਾਨੇ ਗਏ ਕਿਸੇ ਉਮੀਦਵਾਰ ਖਿਲਾਫ ਅਪਰਾਧਿਕ ਮਾਮਲੇ ਸੁਣਵਾਈ ਅਧੀਨ ਜਾਂ ਉਸ ਨੂੰ ਅਪਰਾਧਿਕ ਮਾਮਲੇ ਵਿੱਚ ਸਜਾ ਸੁਣਾਈ ਜਾ ਚੁੱਕੀ ਹੈ ਤਾਂ ਇਸ ਸਬੰਧੀ ਜਾਣਕਾਰੀ ਆਪਣੀ ਵੈਬਸਾਈਟ ਰਾਹੀਂ ਲੋਕਾਂ ਨੂੰ ਦੇਣ। ਇਹ ਕੌਮੀ ਅਤੇ ਰਾਜ ਪੱਧਰੀ ਦੋਨਾਂ ਤਰ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਲਈ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਪਾਰਟੀ ਵੱਲੋਂ ਚੋਣ ਲੜਨ ਲਈ ਚੁਣੇ ਗਏ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਵਿਰੁੱਧ ਕਿੰਨੇ ਅਪਰਾਧਿਕ ਕੇਸ ਲੰਬਿਤ ਹਨ। (ਅਪਰਾਧ ਦੀ ਕਿਸਮ, ਅਤੇ ਸਬੰਧਤ ਜਾਣਕਾਰੀ ਜਿਵੇਂ ਕਿ ਆਇਦ ਕੀਤੇ ਗਏ ਦੋਸ਼, ਸਬੰਧਤ ਅਦਾਲਤ ਦਾ ਨਾਮ ਅਤੇ ਕੇਸ ਦਾ ਨੰਬਰ) ਦਸਣਾ ਪਵੇਗਾ। ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀ ਨੂੰ ਇਹ ਵੀ ਸਪੱਸ਼ਟ ਕਰਨ ਪਵੇਗਾ ਕਿ ਸਾਫ ਸੁਥਰੀ ਦਿੱਖ ਵਾਲਾ ਉਮੀਦਵਾਰ ਚੁਣਨ ਦੀ ਥਾਂ ਅਪਰਾਧਿਕ ਪਿਛੋਕੜ ਵਾਲਾ ਉਮੀਦਵਾਰ ਕਿਉਂ ਚੁਣਿਆ ਗਿਆ ਅਤੇ ਚੁਣੇ ਗਏ ਉਮੀਦਵਾਰ ਦੀ ਵਿਦਿਅਕ ਯੋਗਤਾ ਅਤੇ ਮੈਰਿਟ ਕੀ ਸੀ , ਜਿਸ ਕਾਰਨ ਉਸ ਨੂੰ ਚੋਣਾਂ ਵਿੱਚ ਉਤਾਰਿਆ ਗਿਆ ਹੈ ਨਾ ਕਿ ਸਿਰਫ ਇਹੀ ਦਰਸਾਇਆ ਜਾਵੇ ਕਿ ਇਹ ਜਿੱਤਣਯੋਗ ਸੀ। ਇਹ ਸਾਰੀ ਕਾਰਵਾਈ ਨਾਮਜਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 4 ਫਰਵਰੀ, 2022 ਤੋਂ ਲੈ ਕੇ ਵੋਟਾਂ ਪਾਉਣ ਲਈ ਤੈਅ ਸਮੇਂ ਤੋਂ 48 ਘੰਟੇ ਪਹਿਲਾਂ ਮੁਕੰਮਲ ਕੀਤੀ ਜਾਣੀ ਹੈ। ਚੋਣ ਕਮਿਸ਼ਨ ਭਾਰਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜਨੀਤਿਕ ਪਾਰਟੀ ਅਤੇ ਉਮੀਦਵਾਰ ਨੂੰ ਤਿੰਨ-ਤਿੰਨ ਵਾਰ ਅਪਰਾਧਿਕ ਪਿਛੋਕੜ ਬਾਰੇ ਇਸ਼ਤਿਹਾਰ ਦੇਣਾ ਹੋਵੇਗਾ ਅਤੇ ਪਹਿਲੀ ਵਾਰੀ ਇਸ਼ਤਿਹਾਰ ਨਾਮਜਦਗੀ ਪੱਤਰ ਵਾਪਸ ਲੈਣ ਦੇ ਪਹਿਲੇ ਚਾਰ ਦਿਨਾਂ ਵਿੱਚ, ਦੂਸਰੀ ਵਾਰ ਇਸ ਤੋਂ ਅਗਲੇ 5-8 ਦਿਨਾਂ ਵਿਚਕਾਰ ਅਤੇ ਤੀਸਰੀ ਵਾਰ 9ਵੇਂ ਦਿਨ ਤੋਂ ਲੈ ਕੇ ਚੋਣ ਪ੍ਰਚਾਰ ਦੇ ਆਖਰੀ ਦਿਨ ਤੱਕ ਦੇਣਾ ਹੋਵੇਗਾ। ਟੈਲੀਵੀਜਨ ਚੈਨਲਾਂ ਉਤੇ ਅਪਰਾਧਕ ਪਿਛੋਕੜ ਬਾਰੇ ਪ੍ਰਚਾਰ ਕਰਨ ਲਈ ਸਮਾਂ ਸਵੇਰੇ 8 ਵਜੇਂ ਤੋਂ ਰਾਤ 10 ਵਜੇ ਤੱਕ ਤੈਅ ਕੀਤਾ ਗਿਆ ਹੈ ਅਤੇ ਇਸ ਦੀ ਭਾਸ਼ਾ ਸਥਾਨਕ ਜਾਂ ਅੰਗਰੇਜੀ ਹੋਵੇਗੀ । ਸਬੰਧਤ ਰਾਜਨੀਤਕ ਪਾਰਟੀ ਅਤੇ ਉਮੀਦਵਾਰ ਵੱਲੋਂ ਵੱਖ ਵੱਖ ਤੌਰ ਤੇ ਉਸ ਖੇਤਰ ਦੇ ਵੱਡੇ ਅਖਬਾਰਾਂ ਵਿੱਚ ਤਿੰਨ-ਤਿੰਨ ਵਾਰ 12 ਫੌਟ ਸਾਈਜ਼ ਵਿੱਚ ਅਤੇ ਸਹੀ ਸਥਾਨ ਉਤੇ ਜਾਣਕਾਰੀ ਛਪਾਈ ਜਾਵੇ। ਇਹ ਇਸ਼ਤਿਹਾਰ ਕਿਸੇ ਇਕ ਕੌਮੀ ਅਖਬਾਰ ਜਿਸ ਦੀ ਰੋਜ਼ਾਨਾ ਛਪਣ ਗਿਣਤੀ ਡੀਏਵੀਪੀ/ਆਡਿਟ ਬਿਊਰੋ ਆਫ ਸਰਕੂਲੇਸ਼ਨ ਵੱਲੋਂ 75 ਹਜ਼ਾਰ ਹੋਣ ਬਾਰੇ ਦਸਤਾਵੇਜ ਮੌਜੂਦ ਹੋਣ। ਇਸ ਤੋਂ ਇਲਾਵਾ ਭਾਸ਼ਾਈ ਅਖਬਾਰਾਂ ਜਿਸ ਦੀ ਰੋਜ਼ਾਨਾ ਛਪਣ ਗਿਣਤੀ 25 ਹਜ਼ਾਰ ਹੋਣ ਬਾਰੇ ਦਸਤਾਵੇਜ ਮੌਜੂਦ ਹੋਣ, ਉਹਨਾਂ ਵਿੱਚ ਛਪਾਈ ਜਾਣੀ ਹੈ। ਟੈਲੀਵੀਜਨ ਵਿੱਚ ਵੀ ਤਿੰਨ-ਤਿੰਨ ਵਾਰ ਘੱਟੋ ਘੱਟੋ 7 ਸੈਕਿੰਡ ਲਈ ਚਲਾਈ ਜਾਵੇ ਅਤੇ ਅੱਖਰ ਦਾ ਸਾਈਜ ਉਹ ਹੀ ਰੱਖਿਆ ਜਾਵੇ ਜੋ ਕਿ ਟੀ. ਵੀ ਲਈ ਤੈਅ ਮਾਪਦੰਡ ਹੈ, ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਉਮੀਦਵਾਰ ਅਪਰਾਧਕ ਪਿਛੋਕੜ ਬਾਰੇ ਗਲਤ ਜਾਣਕਾਰੀ ਦਿੰਦਾਂ ਹੈ ਤਾਂ ਉਸ ਖ਼ਿਲਾਫ਼ ਲੋਕ ਪ੍ਰਤੀਨਿੱਧ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਖਬਾਰਾਂ ਅਤੇ ਟੀ.ਵੀ.ਚੈਨਲਾਂ ਉਤੇ ਅਪਰਾਧਕ ਪਿਛੋਕੜ ਬਾਰੇ ਜਾਣਕਾਰੀ ਦਾ ਪ੍ਰਚਾਰ ਕਰਨ ਉਤੇ ਆਏ ਖਰਚ ਉਮੀਦਵਾਰ ਅਤੇ ਸਬੰਧਤ ਪਾਰਟੀ ਵੱਲੋਂ ਕੀਤਾ ਜਾਵੇਗਾ ਅਤੇ ਇਸ ਖਰਚ ਨੂੰ ਵੀ ਚੋਣ ਖਰਚ ਵਿਚ ਵੀ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਪ੍ਰਚਾਰ ਲਈ ਵੀਡੀਓ ਵੈਨ ਦੀ ਵਰਤੋਂ ਦੀ ਇਜਾਜ਼ਤ ਦਿਤੀ ਹੈ ਪਰ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਕਿ ਚੋਣ ਪਰਚਾਰ ਵਾਲੀ ਵੀਡੀਓ ਵੈਨ ਦੇ ਕਿਸੇ ਵੀ ਸਥਾਨ ’ਤੇ 30 ਮਿੰਟ ਤੋਂ ਜ਼ਿਆਦਾ ਸਮੇਂ ਤਕ ਨਹੀ ਰੁਕੇਗੀ। ਖੁੱਲ੍ਹੀਆਂ ਥਾਵਾਂ ’ਤੇ ਕੋਰੋਨਾ ਪ੍ਰੋਟੋਕਾਲ ਦੇ ਪਾਲਣ ਦੇ ਨਾਲ ਵੱਧ ਤੋਂ ਵੱਧ 500 ਦਰਸ਼ਕਾਂ ਦੀ ਹਾਜ਼ਰੀ ’ਚ ਵੀਡੀਓ ਵੈਨ ਜ਼ਰੀਏ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਹੈ ਤੇ ਕਿਹਾ ਹੈ ਕਿ ਵੀਡੀਓ ਵੈਨ ਤੋਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਅਤੇ ਆਮ ਆਵਾਜਾਈ ’ਚ ਇਸ ਨਾਲ ਕੋਈ ਰੁਕਾਵਟ ਨਹੀਂ ਪੈਦਾ ਹੋਣੀ ਚਾਹੀਦੀ ਸਿਆਸੀ ਪਾਰਟੀਆਂ ਵੱਲੋਂ ਵੀਡੀਓ ਵੈਨ ਦਾ ਇਸਤੇਮਾਲ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਐਲਾਨਾਂ ਦੇ ਪ੍ਰਚਾਰ ਲਈ ਕੀਤਾ ਜਾ ਸਕਦਾ ਹੈ। ਇਨ੍ਹਾਂ ਜ਼ਰੀਏ ਕਿਸੇ ਉਮੀਦਵਾਰ ਵਿਸ਼ੇਸ਼ ਲਈ ਵੋਟ ਜਾਂ ਸਮਰਥਨ ਨਹੀਂ ਮੰਗਿਆ ਜਾ ਸਕੇਗਾ। ਜੇਕਰ ਵੀਡੀਓ ਵੈਨ ਦਾ ਇਸਤੇਮਾਲ ਕਿਸੇ ਉਮੀਦਵਾਰ ਦੇ ਪ੍ਰਚਾਰ ਲਈ ਕੀਤਾ ਜਾਂਦਾ ਹੈ ਤਾਂ ਉਸ ਦਾ ਖ਼ਰਚ ਸਬੰਧਤ ਉਮੀਦਵਾਰ ਦੇ ਖਾਤੇ ਵਿਚ ਦਰਜ ਕੀਤਾ ਜਾਵੇਗਾ।

 

Comment here