ਸਿਆਸਤਖਬਰਾਂਚਲੰਤ ਮਾਮਲੇ

ਅੱਜ ਕਾਂਗਰਸ ਨੂੰ ਕੌਣ ਸਲਾਹ ਦੇ ਰਿਹੈ-ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੀ ਸਿਆਸਤ ਚ ਵਡਾ ਫੇਰ ਬਦਲ ਹੋਣ ਦਾ ਸਬੱਬ ਬਣੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਹਾਈਕਮਾਂਡ ਨਾਲ ਨਰਾਜ਼ਗੀ ਕਿੰਨੀ ਹੈ, ਉਹਨਾਂ ਦੇ ਬੇਬਾਕ ਬੋਲਾਂ ਤੋਂ ਸਾਫ ਹੈ। ਪੰਜਾਬ ਦੇ ਮਸਲਿਆਂ ’ਤੇ ,ਅਤੇ ਕਾਂਗਰਸ ਨਾਲ ਨਰਾਜ਼ਗੀ ਬਾਰੇ ਪੱਤਰਕਾਰ ਹਰੀਸ਼ਚੰਦਰ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਸਵਾਲ ਜੁਆਬ ਕੀਤੇ-

ਸਵਾਲ: ਤੁਸੀਂ ਆਪਣੇ ਕਾਰਜਕਾਲ ਵਿਚ ਪੰਜਾਬ ਦਾ ਕਾਫ਼ੀ ਵਿਕਾਸ ਕਰਨ ਦੀ ਗੱਲ ਕਹੀ ਹੈ। ਤਾਂ ਕੀ ਵਜ੍ਹਾ ਰਹੀ, ਕੀ ਕਾਂਗਰਸ ਹਾਈਕਮਾਨ ਨੂੰ ਇਹ ਵਿਕਾਸ ਨਹੀਂ ਦਿਸਿਆ ਜਾਂ ਤੁਹਾਡੇ ਹੀ ਲੋਕਾਂ ਨੇ ਤੁਹਾਡੀ ਪਿੱਠ ਵਿਚ ਛੁਰਾ ਮਾਰਿਆ?
ਜਵਾਬ: ਮੈਂ ਅਜੇ ਇਸ ਗੱਲ ਵਿਚ ਨਹੀਂ ਪੈਣਾ ਚਾਹੁੰਦਾ। ਅਜੇ ਅਸੀਂ ਲੜਾਈ ਵਿਚ ਉਤਰੇ ਹਾਂ ਅਤੇ ਇਹ ਲੜਾਈ ਜਿੱਤ ਕੇ ਹੀ ਇਸ ਬਾਰੇ ਗੱਲ ਕਰਾਂਗਾਂ ਅਤੇ ਹਾਂ ਇਹ ਬਿਲਕੁਲ ਠੀਕ ਹੈ, ਜਦੋਂ ਵੀ ਅਜਿਹੀ ਕੋਈ ਗੱਲ ਹੁੰਦੀ ਹੈ ਤਾਂ ਇਹ ਲੋਕਾਂ ਦੀਆਂ ਵਧੀਆਂ ਹੋਈਆਂ ਉਮੀਦਾਂ ਹੀ ਕਰਵਾਉਂਦੀਆਂ ਹਨ। ਇਸ ਵਿਚ ਵੀ 4 ਲੋਕ ਸਨ, ਜੋ ਸੀ. ਐੱਮ. ਬਨਣਾ ਚਾਹੁੰਦੇ ਸਨ, ਜਿਨ੍ਹਾਂ ਵਿਚੋਂ ਇਕ ਚੰਨੀ ਸੀ, ਇਕ ਸਿੱਧੂ ਸੀ ਅਤੇ ਇਕ ਸੁਖਜਿੰਦਰ ਰੰਧਾਵਾ। ਕੋਈ ਸੀ. ਐੱਮ. ਉਦੋਂ ਬਣਦਾ ਜੇਕਰ ਮੈਂ ਉਤਰਦਾ।

ਸਵਾਲ: ਤੁਸੀਂ ਉਮੀਦਾਂ ਦਾ ਜ਼ਿਕਰ ਕੀਤਾ ਤਾਂ ਕੁਝ ਲੋਕਾਂ ਦੀਆਂ ਉਮੀਦਾਂ ਸੁਨੀਲ ਜਾਖੜ ਜਿਹੇ ਨੇਤਾ ਨੂੰ ਪਿੱਛੇ ਛੱਡ ਗਈਆਂ। ਕੀ ਕਹੋਗੇ?
ਜਵਾਬ: ਜਿੱਥੇ ਤੱਕ ਸੁਨੀਲ ਜਾਖੜ ਦੀ ਗੱਲ ਹੈ, ਉਹ ਬਹੁਤ ਨੇਕ ਇਨਸਾਨ ਹਨ। ਮੈਂ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਮੇਰੇ ਪਾਰਟੀ ਪ੍ਰਧਾਨ ਸਨ ਅਤੇ ਮੈਂ ਉਨ੍ਹਾਂ ਦਾ ਮੁੱਖ ਮੰਤਰੀ। ਸਾਡੇ ਚੰਗੇ ਤਾਲੁਕਾਤ ਰਹੇ ਹਨ। ਹੁਣ ਮੈਂ ਉਨ੍ਹਾਂ ਨੂੰ ਮਿਲਿਆ ਨਹੀਂ ਹਾਂ ਜਦੋਂ ਤੋਂ ਕਾਂਗਰਸ ਛੱਡੀ ਹੈ, ਉਮੀਦ ਹੈ ਕਿ ਕਦੇ ਤਾਂ ਅਸੀ ਮਿਲਾਂਗੇ ਹੀ। ਉਨ੍ਹਾਂ ਕਿਹਾ ਹੈ ਕਿ ਉਹ ਸਿਆਸੀ ਅਖਾੜੇ ਵਿਚ ਨਹੀਂ ਪੈਣਗੇ ਮਤਲਬ ਚੋਣ ਅਖਾੜੇ ਵਿਚ। ਮੇਰਾ ਖਿਆਲ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ। ਜੇਕਰ ਉਹ ਕਦੇ ਮੁੱਖ ਮੰਤਰੀ ਬਣੇ ਤਾਂ ਵਧੀਆ ਸੀ. ਐੱਮ. ਸਾਬਿਤ ਹੋਣਗੇ ਪੰਜਾਬ ਲਈ।

ਸਵਾਲ: ਚਰਨਜੀਤ ਚੰਨੀ ਕਹਿੰਦੇ ਹਨ ਕਿ ਉਨ੍ਹਾਂ ਨੇ ਹੀ 111 ਦਿਨਾਂ ਵਿਚ ਸਾਰੇ ਕੰਮ ਕੀਤੇ ਹਨ, ਪਹਿਲਾਂ ਨਹੀਂ ਹੋਏ?
ਜਵਾਬ: ਜੋ ਲੋਕ ਪ੍ਰਸ਼ਾਸਨ ਵਿੱਚ ਹਨ, ਉਹ ਬਿਹਤਰ ਜਾਣਦੇ ਹਨ ਕਿ 111 ਦਿਨਾਂ ਵਿਚ ਕੀ ਹੋ ਸਕਦਾ, ਜੇਕਰ ਮੈਂ ਕੋਈ ਫਲਾਈਓਵਰ ਬਣਾਉਣਾ ਹੈ ਤਾਂ ਪਹਿਲਾਂ ਇਸ ਦੀ ਸਕੀਮ ਬਣੇਗੀ, ਫਿਰ ਕਾਸਟਿੰਗ ਹੋਵੇਗੀ, ਫਿਰ ਜ਼ਮੀਨ ਐਕਵਾਇਰ ਹੋਵੇਗੀ, ਤਾਂ ਜਾ ਕੇ ਕੰਮ ਸ਼ੁਰੂ ਹੋਵੇਗਾ। 6-7 ਮਹੀਨੇ ਬਾਅਦ ਜਾ ਕੇ ਕੰਮ ਸ਼ੁਰੂ ਹੋਵੇਗਾ। 111 ਦਿਨਾਂ ਵਿਚ ਕੀ ਕਰ ਲਵੋਗੇ? ਇਹ ਸਭ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਹਨ। ਪੰਜਾਬ ਦੇ ਹਿਤ ਵੇਖਣ ਵਾਲਾ ਕੋਈ ਵੀ ਮੈਚਿਓਰ ਨੇਤਾ ਕਦੇ ਅਜਿਹਾ ਝੂਠ ਨਹੀਂ ਬੋਲੇਗਾ।

ਸਵਾਲ: ਚੰਨੀ ਨੂੰ ਸੀ. ਐੱਮ. ਚਿਹਰਾ ਬਣਾਉਣ ਨਾਲ ਕਾਂਗਰਸ ਨੂੰ ਕੋਈ ਫਾਇਦਾ ਹੋਵੇਗਾ?
ਜਵਾਬ: ਮੈਨੂੰ ਨਹੀਂ ਲੱਗਦਾ। ਇਹ ਤਾਂ ਉਨ੍ਹਾਂ ਨੇ ਵੇਖਣਾ ਹੈ ਕਿ ਕਿਵੇਂ ਖ਼ੁਦ ਦੀ ਮਾਰਕੀਟਿੰਗ ਕਰਨੀ ਹੈ। ਚੰਨੀ ਦੀ ਸਮਰੱਥਾ ਮੰਤਰੀ ਤੋਂ ਜ਼ਿਆਦਾ ਨਹੀਂ ਹੈ। ਉਹ ਝੂਠ ਬੋਲਦਾ ਹੈ- ਦਾਅਵੇ ਕਰਦਾ ਹੈ ਕਿ ਮੈਂ ਇਹ ਕੰਮ ਕਰ ਦਿੱਤੇ। ਕਿਹੜੇ ਕੰਮ ਕੀਤੇ ਹਨ? ਉਹੀ ਕੰਮ ਪੂਰੇ ਕਰ ਰਿਹਾ ਹੈ, ਜਿਸ ਨੂੰ ਅਸੀਂ ਸ਼ੁਰੂ ਕੀਤਾ ਸੀ। ਚੰਨੀ ਵਧੀਆ ਮੰਤਰੀ ਸੀ, 2-3 ਵਿਭਾਗ ਸਨ ਉਸ ਕੋਲ, ਪਰ ਪੂਰੇ ਪੰਜਾਬ ਨੂੰ ਉਹ ਚਲਾ ਲਵੇਗਾ, ਤਾਂ ਇਹ ਉਸ ਦੇ ਵਸ ਦੀ ਗੱਲ ਨਹੀਂ।

ਸਵਾਲ: ਤੁਸੀਂ ਕਿਹਾ ਸੀ ਮਾਈਨਿੰਗ ਵਿਚ ਕਈ ਲੋਕ ਸ਼ਾਮਲ ਸਨ ਤਾਂ ਉਨ੍ਹਾਂ ਦੀ ਸੂਚੀ ਕਿਉਂ ਨਹੀਂ ਜਾਰੀ ਕਰਦੇ?
ਜਵਾਬ: ਮੈਂ ਉਹ ਜਾਂਚ ਰਿਪੋਰਟ ਨਹੀਂ ਵੇਖੀ, ਸ਼ਾਇਦ ਹੋਵੇ ਉਸ ਵਿਚ ਚੰਨੀ ਦਾ ਨਾਮ ਵੀ। ਹਾਂ, ਰੋਪੜ ਦੇ ਆਸਪਾਸ ਜੋ ਮਾਈਨਿੰਗ ਹੋ ਰਹੀ ਹੈ, ਉਸ ਵਿਚ ਜ਼ਰੂਰ ਉਸ ਦਾ ਨਾਮ ਆਇਆ ਹੈ। ਇਕ ਵਾਰ ਕਾਂਗਰਸ ਪ੍ਰਧਾਨ ਨੇ ਮੇਰੇ ਤੋਂ ਪੁੱਛਿਆ ਸੀ, ਉਦੋਂ ਵੀ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮਾਈਨਿੰਗ ਵਿਚ ਉਤੋਂ ਤੋਂ ਲੈ ਕੇ ਹੇਠਾਂ ਤੱਕ ਸਾਰੇ ਸ਼ਾਮਲ ਹਨ। ਉਨ੍ਹਾਂ ਪੁੱਛਿਆ ਕਿ ਕੀ ਐਕਸ਼ਨ ਲੈ ਰਹੇ ਹੋ ਤਾਂ ਮੈਂ ਕਿਹਾ ਸੀ ਕਿ ਇਹ ਲਿਸਟ ਲਵੋ, ਸਾਰਿਆਂ ਨੂੰ ਗ੍ਰਿਫ਼ਤਾਰ ਕਰਨਾ ਪਵੇਗਾ ਪਰ ਸੋਨੀਆ ਗਾਂਧੀ ਨੇ ਇਸ ’ਤੇ ਕੋਈ ਜਵਾਬ ਹੀ ਨਹੀਂ ਦਿੱਤਾ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸੋਨੀਆ ਗਾਂਧੀ ਨੇ ਇਹ ਜਾਣਦੇ ਹੋਏ ਵੀ ਕਿ ਇਹ ਲੋਕ ਰੇਤ ਮਾਫ਼ੀਆ ਵਿਚ ਸ਼ਾਮਲ ਹਨ, ਫਿਰ ਤੋਂ ਉਨ੍ਹਾਂ ਨੂੰ ਟਿਕਟ ਦੇ ਦਿੱਤੀ। ਰੇਤ ਮਾਫ਼ੀਆ ਦੀ ਪੂਰੀ ਟੋਲੀ ਨੂੰ ਉਨ੍ਹਾਂ ਨੇ ਟਿਕਟਾਂ ਦੇ ਦਿੱਤੀਆਂ।

ਸਵਾਲ: ਰਾਹੁਲ ਗਾਂਧੀ ਤਾਂ ਕਹਿੰਦੇ ਹਨ ਕਿ ਗ਼ਰੀਬ ਘਰ ਦੇ ਨੇਤਾ ਨੂੰ ਸੀ. ਐੱਮ. ਬਣਾਇਆ ਹੈ।
ਜਵਾਬ: ਗ਼ਰੀਬ ਘਰ ਦੇ ਬੰਦੇ ਦਾ ਇਨਕਮ ਟੈਕਸ ਤਾਂ ਕੱਢ ਕੇ ਵੇਖੋ, ਕੀ ਹੈ ਉਸ ਵਿਚ। ਮੈਂ ਜਾਤੀ ਦੀ ਗੱਲ ਨਹੀਂ ਕਰਦਾ, ਨਾ ਮੈਂ ਚਾਹੁੰਦਾ ਹਾਂ ਕਿ ਹਿੰਦੁਸਤਾਨ ਵਿਚ ਜਾਤ-ਪਾਤ ਹੋਵੇ ਪਰ ਜੇਕਰ ਕੋਈ ਗ਼ਰੀਬ ਹੈ ਤਾਂ ਉਹ ਆਰਥਿਕ ਤੌਰ ’ਤੇ ਗ਼ਰੀਬ ਹੁੰਦਾ ਹੈ। ਖਰੜ, ਚਮਕੌਰ ਸਾਹਿਬ ਤੋਂ ਲੈ ਕੇ ਮੋਹਾਲੀ ਤੱਕ ਤਾਂ ਇਸ ਦੀ ਸਾਰੀ ਡਿਵੈਲਪਮੈਂਟ ਚੱਲ ਰਹੀ ਹੈ। ਇਹ ਤਾਂ ਲੈਂਡ ਡਿਵੈਲਪਰ ਹੈ, ਇਸ ਕੋਲ ਤਾਂ ਸੈਂਕੜੇ ਕਰੋੜ ਰੁਪਿਆ ਹੈ। ਇਹ ਕਿਵੇਂ ਗ਼ਰੀਬ ਹੋਇਆ?

ਸਵਾਲ: ਤੁਸੀਂ ਕਿਹਾ ਸੀ ਕਿ ਅੰਮ੍ਰਿਤਸਰ ਪੂਰਬੀ ਸੀਟ ਤੇ ਨਵਜੋਤ ਸਿੱਧੂ ਖ਼ਿਲਾਫ਼ ਵੱਡਾ ਚਿਹਰਾ ਉਤਾਰਾਂਗੇ?
ਜਵਾਬ: ਮੈਂ ਇਹ ਨਹੀਂ ਕਿਹਾ, ਮੈਂ ਕਿਹਾ ਸੀ ਕਿ ਉਸ ਨੂੰ ਹਰਾਵਾਂਗੇ, ਉਸ ਨੂੰ ਜਿੱਤਣ ਨਹੀਂ ਦੇਵਾਂਗੇ। ਪੰਜਾਬ ਲਈ ਠੀਕ ਨਹੀਂ ਕਿ ਸਿੱਧੂ ਜਿੱਤੇ। ਉਹ ਨੈਗੇਟਿਵ ਸੋਚ ਵਾਲਾ ਆਦਮੀ ਹੈ। ਪੰਜਾਬ ਨੂੰ ਉਸ ਦੀ ਲੀਡਰਸ਼ਿਪ ਦੀ ਜ਼ਰੂਰਤ ਨਹੀਂ।

 ਸਵਾਲ: ਨਵਜੋਤ ਸਿੱਧੂ ਤੁਹਾਡੇ ਤੇ ਨਿੱਜੀ ਹਮਲੇ ਕਰਦੇ ਹਨ। ਕੀ ਉਸ ਤੋਂ ਤੁਸੀਂ ਡਿਸਟਰਬ ਨਹੀਂ ਹੁੰਦੇ?
ਜਵਾਬ: ਬਿਲਕੁਲ ਨਹੀਂ, ਮੈਂ ਕਿਉਂ ਡਿਸਟਰਬ ਹੋਣਾ। ਸਗੋਂ ਮੈਂ ਉਸ ਨੂੰ ਡਿਸਟਰਬ ਕਰਦਾ ਹਾਂ ਮੇਰੇ ਮੁੱਖ ਮੰਤਰੀ ਅਹੁਦੇ ’ਤੇ ਰਹਿੰਦੇ ਹੋਏ ਸਾਡੇ ਪੰਜਾਬ ਦੇ 83 ਜਵਾਨ ਸਰਹੱਦ ’ਤੇ ਸ਼ਹੀਦ ਹੋਏ ਹਨ, ਅਤੇ ਜੋ ਗੋਲ਼ੀ ਚਲਾਉਣ ਦਾ ਹੁਕਮ ਦਿੰਦੇ ਹਨ, ਇਮਰਾਨ ਖ਼ਾਨ ਅਤੇ ਜਨਰਲ ਬਾਜਵਾ, ਉਨ੍ਹਾਂ ਨੂੰ ਇਹ ਜੱਫ਼ੀਆਂ ਪਾਉਂਦਾ ਹੈ। ਇਸ ਨੂੰ ਇਹ ਸ਼ਰਮ ਨਹੀਂ ਕਿ ਸਾਡੇ ਜਵਾਨ ਉਥੇ ਸ਼ਹੀਦ ਹੋ ਰਹੇ ਹਨ। ਇਕ ਕਿੱਸਾ ਦੱਸਦਾ ਹਾਂ, ਮੈਂ ਉਸ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਸੀ। ਇਕ ਪ੍ਰੋਟੋਕਾਲ ਹੈ, ਜੇਕਰ ਮੰਤਰੀ ਨੇ ਵਿਦੇਸ਼ ਜਾਣਾ ਹੈ ਤਾਂ ਸੀ. ਐੱਮ. ਦੀ ਆਗਿਆ ਲੈਣੀ ਹੁੰਦੀ ਹੈ ਅਤੇ ਜੇਕਰ ਸੀ. ਐੱਮ. ਨੇ ਬਾਹਰ ਜਾਣਾ ਹੈ ਤਾਂ ਪੀ. ਐੱਮ. ਤੋਂ ਆਗਿਆ ਲੈਣੀ ਜ਼ਰੂਰੀ ਹੈ। ਜਦੋਂ ਇਸ ਨੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਰੋਹ ਵਿਚ ਜਾਣਾ ਸੀ, ਉਦੋਂ ਇਹ ਬੰਗਲੌਰ ਵਿਚ ਪ੍ਰਚਾਰ ਕਰ ਰਿਹਾ ਸੀ। ਮੈਨੂੰ ਪਤਾ ਲੱਗਿਆ ਤਾਂ ਮੈਂ ਇਸ ਨੂੰ ਉੱਥੇ ਫੜ੍ਹਿਆ ਅਤੇ ਪੁੱਛਿਆ ਕਿ ਕਿਸ ਲਈ ਜਾ ਰਹੇ ਹੋ ਪਾਕਿਸਤਾਨ। ਇਸ ਨੇ ਦੱਸਿਆ ਕਿ ਇਮਰਾਨ ਦੇ ਸਹੁੰ ਚੁੱਕ ਸਮਾਰੋਹ ਲਈ। ਮੈਂ ਕਿਹਾ ਕਿ ਕੀ ਜਾਣਾ ਇੰਨਾ ਜ਼ਰੂਰੀ ਹੈ, ਜਦੋਂ ਸਾਡੇ ਜਵਾਨ ਉਨ੍ਹਾਂ ਦੀਆਂ ਗੋਲ਼ੀਆਂ ਨਾਲ ਸ਼ਹੀਦ ਹੋ ਰਹੇ ਹਨ। ਇਸ ਦਾ ਪੰਜਾਬ ਵਿਚ ਅਸਰ ਚੰਗਾ ਨਹੀਂ ਹੋਵੇਗਾ। ਉਦੋਂ ਸਿੱਧੂ ਨੇ ਕਿਹਾ ਕਿ ਉਹ ਹਾਮੀ ਭਰ ਚੁੱਕੇ ਹਨ ਤਾਂ ਮੈਂ ਕਿਹਾ ਕਿ ਹੁਣ ਵੀ ਨਾਹ ਕਹਿ ਸਕਦੇ ਹੋ ਕਿ ਕਰਨਾਟਕ ਦੇ ਚੋਣ ਪ੍ਰਚਾਰ ਵਿਚ ਰੁੱਝਿਆ ਹਾਂ ਪਰ ਇਹ ਚਲਾ ਗਿਆ, ਇਹ ਪਰਵਾਹ ਨਹੀਂ ਕਰਦਾ, ਇਹਦਾ ਸੋਚਣ ਦਾ ਢੰਗ ਵੱਖ ਹੀ ਹੈ।

ਸਵਾਲ: ਵਿਰੋਧੀ ਕਹਿੰਦੇ ਹਨ ਕਿ ਬਿਕਰਮ ਮਜੀਠੀਆ ਨੂੰ ਤੁਸੀਂ ਉਤਾਰਿਆ ਹੈ?
ਜਵਾਬ: ਮਜੀਠੀਆ ਨੂੰ ਤਾਂ ਅੰਮ੍ਰਿਤਸਰ ਤੋਂ ਚੋਣ ਲੜਨੀ ਹੀ ਨਹੀਂ ਚਾਹੀਦੀ ਸੀ। ਸਾਡਾ ਰਾਜੂ ਉਥੇ ਸਭ ਤੋਂ ਵਧੀਆ ਉਮੀਦਵਾਰ ਹੈ ਕਿਉਂਕਿ ਪੂਰਬੀ ਹਲਕੇ ਵਿਚ 38 ਫ਼ੀਸਦੀ ਹਿੰਦੂ ਹਨ ਅਤੇ 32 ਫ਼ੀਸਦੀ ਐੱਸ. ਸੀ. ਆਬਾਦੀ। ਰਾਜੂ ਮਜ੍ਹਬੀ ਸਿੱਖ ਹੈ ਤਾਂ ਉੱਥੇ ਰਾਜੂ ਦਾ ਫਾਇਦਾ ਹੈ ਜਾਂ ਮਜੀਠਿਆ ਦਾ। ਮਜੀਠੀਆ ਨੂੰ ਆਪਣੀ ਲੜਾਈ ਲੜਨੀ ਚਾਹੀਦੀ ਸੀ ਪਰ ਉਹ ਸਿੱਧੂ ਦੇ ਨਾਲ ਆਪਣੀ ਖੁੰਦਕ ਕੱਢ ਰਿਹਾ ਹੈ। ਹੁਣ ਸਿੱਧੂ ਖ਼ਿਲਾਫ਼ ਦੋ ਆਪੋਜ਼ੀਸ਼ਨ ਹੋ ਗਈਆਂ, ਇਕ ਮਜੀਠੀਆ ਅਤੇ ਇਕ ਸਾਡਾ ਰਾਜੂ।

ਸਵਾਲ: ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਸੀ. ਐੱਮ. ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਇਸ ਦਾ ਕਿੰਨਾ ਫਾਇਦਾ ਤੁਹਾਨੂੰ ਹੋਵੇਗਾ?
ਜਵਾਬ: ਪਿਛਲੀ ਵਾਰ ਵੀ ਕੁਝ ਲੋਕ ‘ਆਪ’ ਦੀ ਹਵਾ ਬਣੀ ਦੱਸਦੇ ਸਨ ਪਰ ਸੀਟਾਂ ਕਿੰਨੀਆਂ ਆਈਆਂ। ਕੁਝ ਇਲਾਕਿਆਂ ਵਿਚ ਉਹ ਹਨ ਪਰ ਕੁਝ ਖ਼ਾਸ ਨਹੀਂ। ਜਿੰਨੀ ਹਵਾ ਲੋਕ ਜ਼ਾਹਿਰ ਕਰਦੇ ਹਨ ‘ਆਪ’ ਦੀ, ਓਨੀ ਹੈ ਨਹੀਂ। 2 ਹਫ਼ਤੇ ਰਹਿ ਗਏ ਹਨ, ਨਤੀਜੇ ਸਾਹਮਣੇ ਆ ਜਾਣਗੇ।

ਸਵਾਲ: ਤੁਸੀਂ ਕਾਂਗਰਸ ਛੱਡਦੇ ਸਮੇਂ ਕਿਹਾ ਸੀ ਕਿ ਤੁਹਾਨੂੰ ਕਾਂਗਰਸ ਵਿਚ ਹਿਊਮੀਲੀਏਟ ਕੀਤਾ ਗਿਆ। ਹੁਣ ਵੀ ਕਾਂਗਰਸ ਵਿਚ ਅੰਦਰੂਨੀ ਖਿੱਚੋਤਾਣ ਜਾਰੀ ਹੈ, ਕੀ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਤੱਕ ਇਹ ਇਕਜੁੱਟ ਰਹਿ ਸਕੇਗੀ?
ਜਵਾਬ: ਕੀ ਲੱਗਦਾ ਹੈ ਕਿ ਇਹ ਚੁਪ ਰਹਿਣਗੇ।? ਪਹਿਲਾਂ ਤਾਂ ਇਹ ਜਿੱਤ ਕੇ ਵਿਖਾਉਣ, ਚਾਹੇ ਸਿੱਧੂ ਹੋਵੇ ਜਾਂ ਚੰਨੀ। ਮੇਰੀ ਜਾਣਕਾਰੀ ਮੁਤਾਬਕ ਇਨ੍ਹਾਂ ਦੋਹਾਂ ਦੇ ਅਤੇ ਉਹ ਡੇਰਾ ਬਾਬਾ ਨਾਨਕ ਵਾਲੇ ਮੰਤਰੀ ਦੇ ਹਾਲਾਤ ਚੰਗੇ ਨਹੀਂ ਹਨ।

ਸਵਾਲ: ਕੀ ਟਕਸਾਲੀ ਕਾਂਗਰਸੀਆਂ ਦੀ ਕਦਰ ਨਹੀਂ ਹੋ ਰਹੀ ਕਾਂਗਰਸ ਵਿਚ?
ਜਵਾਬ: ਬਿਲਕੁਲ, ਇਹ ਜੀ-23 ਕਿਉਂ ਬੈਠਾ ਹੈ। ਸਾਰੇ ਪੁਰਾਣੇ ਕਾਂਗਰਸੀ, ਸੁਲਝੇ ਹੋਏ ਲੋਕ ਹਨ, ਉਨ੍ਹਾਂ ਤੋਂ ਤੁਸੀਂ ਕੰਮ ਨਹੀਂ ਲੈ ਰਹੇ। ਪਤਾ ਨਹੀਂਂ ਕਿਸ ਤੋਂ ਲੈ ਰਹੇ ਹੋ, ਕੌਣ ਉਨ੍ਹਾਂ ਦੇ ਸਲਾਹਕਾਰ ਹਨ।

ਸਵਾਲ: ਤੁਹਾਡਾ ਪਟਿਆਲਾ ਵਿਚ ਪ੍ਰਚਾਰ ਕੱਲ ਪਰਨੀਤ ਕੌਰ ਨੇ ਵੀ ਕੀਤਾ ਹੈ, ਜੋ ਕਾਂਗਰਸ ਤੋਂ ਸੰਸਦ ਹਨ?
ਜਵਾਬ: ਉਨ੍ਹਾਂ ਦੀ ਆਪਣੀ ਮਰਜ਼ੀ ਹੈ। ਜੇਕਰ ਉਹ ਸਮਝਦੇ ਹਨ ਕਿ ਮੈਨੂੰ ਜਿੱਤਣਾ ਚਾਹੀਦਾ ਹੈ ਤਾਂ ਮੇਰਾ ਪ੍ਰਚਾਰ ਕਰਨਗੇ ਅਤੇ ਜੇਕਰ ਲੱਗਦਾ ਹੈ ਕਿ ਕਿਸੇ ਦੂਜੇ ਨੂੰ ਜਿੱਤਣਾ ਚਾਹੀਦਾ ਹੈ ਤਾਂ ਉਸ ਦਾ ਪ੍ਰਚਾਰ ਕਰਨਗੇ। ਮੇਰੇ ਖ਼ਿਲਾਫ਼ ਕਾਂਗਰਸ ਦਾ ਉਮੀਦਵਾਰ ਵਿਸ਼ਨੂੰ 10-12 ਸਾਲ ਅਕਾਲੀ ਦਲ ਵਿਚ ਰਿਹਾ, ਲੋਕ ਅਜਿਹੇ ਆਦਮੀ ਨੂੰ ਪਸੰਦ ਨਹੀਂ ਕਰਦੇ ਜੋ ਛਾਲ ਮਾਰ ਕੇ ਇੱਧਰ ਤੋਂ ਉਧਰ ਜਾਵੇ।

ਤੇ ਕੈਪਟਨ ਨੇ ਇਹ ਕਹਿੰਦਿਆਂ ਆਪਣੀ ਇੰਟਰਵਿਊ ਮੁਕਾਈ ਕਿ ਮੈਂ  ਕਾਂਗਰਸ ਨੂੰ ਨਹੀਂ ਛੱਡਿਆ ਸੀ, ਮੈਨੂੰ ਅਸਤੀਫ਼ੇ ਲਈ ਕਿਹਾ ਗਿਆ ਸੀ, ਉਸ ਤੋਂ ਬਾਅਦ ਮੇਰੀ ਮਰਜ਼ੀ ਸੀ ਕਿ ਮੈਂ ਕੀ ਕਰਨਾ ਹੈ।

(ਜੱਗਬਾਣੀ ਤੋਂ ਧੰਨਵਾਦ ਸਹਿਤ)

 

Comment here