ਖਬਰਾਂਚਲੰਤ ਮਾਮਲੇਦੁਨੀਆ

ਅੰਮ੍ਰਿਤਸਰ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਕੈਨੇਡਾ ‘ਚ ਮੌਤ

ਅੰਮ੍ਰਿਤਸਰ-ਕੈਨੇਡਾ ਤੋਂ ਅੱਜ-ਕੱਲ ਪੰਜਾਬ ਲਈ ਮੰਦਭਾਗੀਆਂ ਖ਼ਬਰਾਂ ਜ਼ਿਆਦਾ ਆ ਰਹੀਆਂ ਹਨ ਅਤੇ ਇੱਕ ਅਜਿਹੀ ਹੀ ਖ਼ਬਰ ਨੇ ਪੰਜਾਬ ਵਿੱਚ ਵਸਦੇ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਜ਼ਿਲ੍ਹੇ ਦੇ ਪਿੰਡ ਬੰਡਾਲਾ ਦਾ ਨੌਜਵਾਨ ਅਰਵਿੰਦਰ ਸਿੰਘ ਪਿਛਲੇ 4 ਸਾਲ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਟਰੱਕ ਚਲਾਉਂਦਾ ਸੀ। ਬੀਤੀ ਰਾਤ ਘਰਦਿਆਂ ਦੇ ਇਕਲੋਤੇ ਪੁੱਤਰ ਦੀ ਸੜਕ ਹਾਦਸੇ ਵਿੱਚ ਜਾਨ ਚਲੀ ਗਈ,ਜਿਸ ਕਾਰਣ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਆਖਰੀ ਵਾਰ ਆਪਣੇ ਪੁੱਤ ਨਾਲ ਗੱਲ ਫੋਨ ਉੱਤੇ ਮੌਤ ਤੋਂ ਕੁੱਝ ਸਮਾਂ ਪਹਿਲਾਂ ਹੋਈ ਸੀ।
ਮ੍ਰਿਤਕ ਪਿਤਾ ਨਾਲ ਗੱਲ ਕਰਕੇ ਬਾਹਰ ਰੋਟੀ ਲਈ ਖਾਣ ਜਾ ਰਿਹਾ ਸੀ,ਜਿਸ ਦੌਰਾਨ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਸ ਹਾਦਸੇ ਵਿੱਚ ਅਰਵਿੰਦਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਰਿਵਾਰ ਮੁਤਾਬਿਕ ਮ੍ਰਿਤਕ ਅਰਵਿੰਦਰ ਸਿੰਘ ਟਰੱਕ ਚਲਾਉਂਦਾ ਸੀ ਪਰ ਜਦੋਂ ਉਸ ਦੀ ਮੌਤ ਹੋਈ ਤਾਂ ਉਹ ਕਾਰ ਵਿੱਚ ਸਵਾਰ ਹੋਕੇ ਜਾ ਰਿਹਾ ਸੀ। ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਕੈਨੇਡਾ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ।
ਦੱਸ ਦਈਏ ਕੈਨੇਡਾ ਅੰਦਰ ਸੜਕ ਹਾਦਸੇ ਦੌਰਾਨ ਕਿਸੇ ਪੰਜਾਬੀ ਦੀ ਇਹ ਪਹਿਲੀ ਮੌਤ ਨਹੀਂ ਹੈ ਪਿਛਲੇ ਸਾਲ ਵੀ ਇੱਕ ਪੰਜਾਬੀ ਕੁੜੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਗਗਨਦੀਪ ਕੌਰ 5 ਦਸੰਬਰ ਦੀ ਸਵੇਰ ਨੂੰ ਕੰਮ ‘ਤੇ ਜਾ ਰਹੀ ਸੀ। ਸੜਕ ਪਾਰ ਕਰਦੇ ਸਮੇਂ ਗਗਨ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗਗਨਦੀਪ ਕੌਰ ਕੈਨੇਡਾ ਦੇ ਮਾਂਟਰੀਅਲ ਵਿੱਚ ਇਕੱਲੀ ਰਹਿੰਦੀ ਸੀ। ਗਗਨ ਆਪਣੇ ਪਿੱਛੇ ਆਪਣੇ ਪਤੀ ਅਤੇ 6 ਸਾਲ ਦੀ ਧੀ ਨੂੰ ਛੱਡ ਗਈ ਸੀ, ਜਿਨ੍ਹਾਂ ਨੂੰ ਪਿਛਲੇ 3 ਸਾਲਾਂ ਤੋਂ ਦੇਖਣ ਦਾ ਮੌਕਾ ਨਹੀਂ ਮਿਲਿਆ ਸੀ।

Comment here