ਅਪਰਾਧਸਿਆਸਤਖਬਰਾਂ

ਅੰਬਰਸਰੀਆਂ ਨੂੰ ਅਸਲਾ ਜਮ੍ਹਾਂ ਕਰਾਉਣ ਦੇ ਹੁਕਮ

ਅੰਮ੍ਰਿਤਸਰ- ਹਾਲੇ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਨਹੀਂ ਹੋਇਆ, ਨਾ ਹੀ ਕੇਂਦਰੀ ਚੋਣ ਕਮਿਸ਼ਨ ਦੇ ਵੱਲੋਂ ਚੋਣ ਜ਼ਾਬਤਾ ਲਾਗੂ ਕੀਤਾ ਗਿਆ ਹੈ। ਇਸ ਦੇ ਬਾਵਜੂਦ ਅੰਮ੍ਰਿਤਸਰ ਪ੍ਰਸ਼ਾਸਨ ਨੇ ਅਸਲਾ ਜਮ੍ਹਾਂ ਕਰਾਉਣ ਦੇ ਹੁਕਮ ਦੇ ਦਿੱਤੇ ਹਨ। ਜ਼ਿਲ੍ਹਾ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਇਕ ਹੁਕਮ ਜਾਰੀ ਕਰਦੇ ਹੋਏ ਸਾਰੇ ਪੁਲਸ ਥਾਣਿਆਂ ਨਾਲ ਸਬੰਧਤ ਅਸਲਾ ਲਾਇਸੈਂਸ ਧਾਰਕਾਂ ਨੂੰ ਆਪਣਾ ਅਸਲਾ ਜਮ੍ਹਾਂ ਕਰਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਹੁਕਮ ਬਕਾਇਦਾ ਲਿਖ਼ਤੀ ਤੌਰ ’ਤੇ ਜਾਰੀ ਕੀਤੇ ਗਏ ਹਨ ਅਤੇ ਇਸਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ ਹੈ। ਜਿਨ੍ਹਾਂ ਲੋਕਾਂ ਨੇ ਪ੍ਰਸ਼ਾਸਨ ਅਤੇ ਪੁਲਸ ਤੋਂ ਲਾਇਸੈਂਸੀ ਹਥਿਆਰ ਲੈ ਕੇ ਰੱਖੇ ਹਨ, ਉਨ੍ਹਾਂ ਨੂੰ ਆਪਣੇ ਸਬੰਧਤ ਪੁਲਸ ਥਾਣਿਆਂ ਜਾਂ ਫਿਰ ਅਸਲਾ ਡੀਲਰਾਂ ਦੇ ਕੋਲ ਹਥਿਆਰ ਜਮਾਂ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਨਹੀਂ ਤਾਂ ਕਾਨੂੰਨੀ ਕਾਰਵਾਈ ਪੁਲਸ ਵੱਲੋਂ ਕੀਤੀ ਜਾ ਸਕਦੀ ਹੈ। ਇਸ ਜ਼ਿਲ੍ਹੇ ’ਚ ਅਸਲਾ ਲਾਇਸੈਂਸ ਧਾਰਕਾਂ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਬੰਧਤ ਦਿਹਾਤੀ ਇਲਾਕੇ ’ਚ ਆਨ ਰਿਕਾਰਡ ਲਗਭਗ 25 ਹਜ਼ਾਰ ਦੇ ਕਰੀਬ ਹਥਿਆਰ ਹਨ। 15400 ਸ਼ਹਿਰੀ ਪੁਲਸ ਜਿਸ ’ਚ ਡੀ.ਸੀ.ਪੀ. ਦਫ਼ਤਰ ਨਾਲ ਸਬੰਧਤ ਇਲਾਕੇ ’ਚ ਜਿਨ੍ਹੇ ਹਥਿਆਰ ਹਨ, ਉਨ੍ਹਾਂ ਨੂੰ ਜਮਾਂ ਕਰਵਾਉਣਾ ਪੁਲਸ ਲਈ ਚੁਣੌਤੀ ਭਰਿਆ ਕੰਮ ਹੈ। ਜ਼ਿਆਦਾਤਰ ਲੋਕਾਂ ਦੇ ਆਪਣੀ ਆਤਮ ਰੱਖਿਆ ਲਈ ਹਥਿਆਰ ਰੱਖਣ ਦਾ ਲਾਇਸੈਂਸ ਲਿਆ ਹੁੰਦਾ ਹੈ। ਲਾਇਸੈਂਸੀ ਹਥਿਆਰ ਰੱਖਣ ਵਾਲੇ ਲੋਕਾਂ ’ਚ ਸੁਨਿਆਰੇ ਦਾ ਕੰਮ ਕਰਨ ਵਾਲੇ ਵੱਡੇ ਕਾਰੋਬਾਰੀ, ਰੀਅਲ ਅਸਟੇਟ ਸੈਕਟਰ ਨਾਲ ਜੁੜ ਲੋਕ, ਸੰਵੇਦਨਸ਼ੀਲ ਕੈਟੇਗਰੀ ’ਚ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਲ ਰਹਿੰਦੇ ਹਨ, ਕਿਉਂਕਿ ਅਜਿਹੇ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਹਮਲੇ ਜਾਂ ਫਿਰ ਲੁੱਟ-ਖਸੁੱਟ ਹੋਣ ਦਾ ਡਰ ਲੱਗਿਆ ਰਹਿੰਦਾ ਹੈ ।
ਇਹ ਵੀ ਸੱਚ ਹੈ ਕਿ ਚੋਣਾਂ ਦੌਰਾਨ ਪ੍ਰਸ਼ਾਸਨ ਵਲੋਂ ਲਾਇਸੈਂਸੀ ਹਥਿਆਰ ਰੱਖਣ ਵਾਲੇ ਲੋਕਾਂ ਦੇ ਹਥਿਆਰ ਤਾਂ ਜਮ੍ਹਾਂ ਕਰਵਾ ਲਏ ਜਾਂਦੇ ਹਨ ਪਰ ਗੈਂਗਸਟਰਾਂ, ਲੁਟੇਰਿਆਂ ਅਤੇ ਬਦਮਾਸ਼ਾਂ ਦੇ ਦੋ ਨੰਬਰੀ ਹਥਿਆਰ ਜਬਤ ਕਰਨ ਬਾਰੇ ’ਚ ਪੁਲਸ ਸਪੱਸ਼ਟ ਨਹੀਂ ਕਰ ਪਾਉਂਦੀ ਹੈ। ਚੋਣਾਂ ਦੇ ਮਾਹੌਲ ’ਚ ਉਂਵੇਂ ਬਾਹੂਬਲੀ ਨੇਤਾਵਾਂ ਦੇ ਵੱਲੋਂ ਅਜਿਹੇ ਲੋਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਆਮ ਜਨਤਾ ਨੂੰ ਡਰਾਉਣ ਧਮਕਾਉਣ ਅਤੇ ਬੂਥ ਕੈਪਚਰਿੰਗ ਤੋਂ ਲੈ ਕੇ ਲੜਾਈ ਝਗੜੇ ਵਾਲੇ ਸਾਰੇ ਕੰਮ ਬਦਮਾਸ਼ ਲੋਕ ਕਰਦੇ ਹਨ। ਇਨ੍ਹਾਂ ਦੇ ਕੋਲ ਦੋ ਨੰਬਰ ਦੇ ਨਾਜਾਇਜ਼ ਹਥਿਆਰ ਹਰ ਸਮੇਂ ਰਹਿੰਦੇ ਹਨ। ਲਾਇਸੈਂਸੀ ਅਸਲਾ ਰੱਖਣ ਵਾਲੇ ਲੋਕਾਂ ਦਾ ਪੁਲਸ ਤੋਂ ਇਹੀ ਸਵਾਲ ਬਣਿਆ ਰਹਿੰਦਾ ਹੈ ਕਿ ਦੋ ਨੰਬਰੀ ਅਸਲਾ ਕਿਵੇਂ ਫੜਿਆ ਜਾਵੇਗਾ ਅਤੇ ਕੀ ਕਾਰਵਾਈ ਹੋਵੇਗੀ? ਅਸਲਾ ਜਮਾਂ ਕਰਵਾਉਣ ਦੇ ਬਾਅਦ ਕੀ ਲਾਇਸੈਂਸੀ ਅਸਲਾਧਾਰਕ ਦੇ ਜਾਨ ਮਾਲ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਪੁਲਸ ਜਾਂ ਪ੍ਰਸ਼ਾਸਨ ਦੀ ਰਹੇਗੀ ਹਾਲਾਂਕਿ ਪ੍ਰਸ਼ਾਸਨ ਇਸ ਜ਼ਿੰਮੇਵਾਰੀ ਦਾ ਦਾਅਵਾ ਕਰਦਾ ਹੈ ਪਰ ਆਮ ਤੌਰ ’ਤੇ ਵੇਖਿਆ ਜਾਂਦਾ ਹੈ ਕਿ ਆਮ ਆਦਮੀ ਰੱਬ ਆਸਰੇ ਹੀ ਰਹਿੰਦਾ ਹੈ । ਇਸ ਤੋਂ ਇਲਾਵਾ ਚੋਣਾਂ ਦੌਰਾਨ ਹਥਿਆਰ ਜਮਾਂ ਕਰਵਾਉਣ ਦੇ ਮਾਮਲੇ ’ਚ ਵਿਰੋਧੀ ਦਲਾਂ ਦੇ ਨਿਸ਼ਾਨੇ ’ਤੇ ਸੱਤਾਧਾਰੀ ਪਾਰਟੀ ਦੇ ਨੇਤਾ ਰਹਿੰਦੇ ਹਨ। ਹਰ ਵਾਰ ਵਿਰੋਧੀ ਦਲਾਂ ’ਚ ਚੋਣਾਂ ਦੌਰਾਨ ਇਹ ਰਹਿੰਦਾ ਹੈ ਕਿ ਸੱਤਾਧਾਰੀ ਪਾਰਟੀ ਨੇ ਆਪਣੇ ਰਸੂਕ ਨਾਲ ਵਿਰੋਧੀ ਦਲਾਂ ਨਾਲ ਸਬੰਧਤ ਲੋਕਾਂ ਦੇ ਹਥਿਆਰ ਤਾਂ ਜਮਾਂ ਕਰ ਲਏ ਪਰ ਆਪਣੇ ਕਾਰਕੁੰਨਾਂ ਦੇ ਹਥਿਆਰ ਜਮਾਂ ਨਹੀਂ ਹੋਣ ਦਿੱਤੇ ਤਾਂ ਕਿ ਵੋਟਿੰਗ ਜਾਂ ਫਿਰ ਚੋਣ ਪ੍ਰਚਾਰ ਦੌਰਾਨ ਵਿਰੋਧੀ ਦਲਾਂ ਦੇ ਲੋਕਾਂ ਨੂੰ ਦਬਾਇਆ ਜਾ ਸਕੇ ਜਾਂ ਫਿਰ ਡਰਾਇਆ ਧਮਕਾਇਆ ਜਾ ਸਕੇ। ਇਸ ਮਾਮਲੇ ’ਚ ਕਾਫ਼ੀ ਹੱਦ ਤੱਕ ਸੱਚਾਈ ਵੀ ਰਹਿੰਦੀ ਹੈ ਕਿਉਂਕਿ ਕਈ ਵਾਰ ਚੋਣਾਂ ਦੌਰਾਨ ਗੋਲੀ ਚਲਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ।
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਲੋਕਾਂ ਨੂੰ ਅਸਲਾ ਜਮ੍ਹਾ ਕਰਵਾਉਂਦਿਆਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਕਾਨੂੰਨੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਲਦ ਤੋਂ ਜਲਦ ਆਪਣੇ-ਆਪਣੇ ਹਥਿਆਰਾਂ ਨੂੰ ਜਮ੍ਹਾ ਕਰਵਾਉਣ। ਜੇਕਰ ਕਿਸੇ ਨੇ ਅਸਲਾ ਜਮ੍ਹਾ ਨਾ ਕਰਵਾਇਆ ਉਸ ’ਤੇ ਕਾਨੂੰਨੀ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੀਆਂ ਚੋਣਾਂ ਦੌਰਾਨ ਸਭ ਤੋਂ ਵੱਡੀ ਜ਼ਿੰਮੇਵਾਰੀ ਇਹੀ ਰਹਿੰਦੀ ਹੈ ਕਿ ਚੋਣ ਸ਼ਾਂਤੀਪੂਰਵਕ ਢੰਗ ਨਾਲ ਹੋਵੇ ਅਤੇ ਕਿਸੇ ਤਰ੍ਹਾਂ ਦੀ ਹਿੰਸਕ ਘਟਨਾ ਨਾ ਹੋਵੇ। ਨਿਰਪੱਖਤਾ ਦੇ ਨਾਲ ਚੋਣ ਕਰਵਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਰਹਿੰਦੀ ਹੈ ਅਤੇ ਇਸਦੇ ਲਈ ਅਸਲਾ ਜਮਾਂ ਕਰਵਾਉਣਾ ਜ਼ਰੂਰੀ ਰਹਿੰਦਾ ਹੈ ।

Comment here