ਸਿਆਸਤਖਬਰਾਂ

ਅੰਦੋਲਨ ਦੀ ਭੇਟ ਚੜਿਆਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਮਾਮਲੇ ਤੇ ਕੈਪਟਨ ਸਰਕਾਰ ਤੇ ਭੇਦਭਾਵ ਦੇ ਦੋਸ਼

ਆਮ ਆਦਮੀ ਪਾਰਟੀ ਨੇ ਚੁੱਕੇ ਸਵਾਲ

ਚੰਡੀਗੜ-ਪੰਜਾਬ ਸਰਕਾਰ  ਨੇ ਐਲਾਨ ਕੀਤਾ ਹੋਇਆ ਹੈ ਕਿ ਕਿਸਾਨ ਅੰਦੋਲਨ ਚ ਜਾਨਾਂ ਗਵਾਉਣ ਵਾਲਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਇਸ ਚ ਵਿਤਕਰੇਬਾਜੀ ਦਾ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ 600 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੈਪਟਨ ਸਰਕਾਰ ਕੇਵਲ 127 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਨੌਕਰੀ ਦੇਣ ਦਾ ਐਲਾਨ ਕਰ ਰਹੀ ਹੈ। ਸੰਧਵਾਂ ਨੇ ਕੈਪਟਨ ਸਰਕਾਰ ‘ਤੇ ਕੁੱਝ ਚੋਣਵੇਂ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਨੌਕਰੀਆਂ ਦੇ ਕੇ ਖਾਨਾਪੂਰਤੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭੇਦਭਾਵ ਕਰਨ ਦਾ ਘਟੀਆ ਖੇਲ ਹੈ, ਜਿਹੜਾ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਅਪਮਾਨ ਤੋਂ ਘੱਟ ਨਹੀਂ ਹੈ। ਸੰਧਵਾਂ ਨੇ ਕੈਪਟਨ ਨੂੰ ਇਹ ਵੀ ਸਵਾਲ ਕੀਤਾ ਕਿ ਕਿਸ ਆਧਾਰ ‘ਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੇਵਾਦਾਰ ਜਾਂ ਕਲਰਕ ਦੀ ਨੌਕਰੀ ਦਿੱਤੀ ਜਾ ਰਹੀ, ਜਦੋਂ ਕਿ ਕੈਪਟਨ ਸਰਕਾਰ ਸ਼ਹੀਦ ਮੰਨੇ ਗਏ ਕਾਂਗਰਸੀ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਡੀ.ਐਸ.ਪੀ ਅਤੇ ਨਾਇਬ ਤਹਿਸੀਲਦਾਰ ਵਰਗੇ ਵੱਡੇ ਅਹੁਦਿਆਂ ‘ਤੇ ਬਿਠਾ ਰਹੀ ਹੈ। ਸ਼ਹੀਦ ਕਿਸਾਨਾਂ ਦੇ ਪਰਿਵਾਰ ਮੈਂਬਰਾਂ ਨਾਲ ਇਹ ਨਾਇਨਸਾਫ਼ੀ ਕਿਉਂ?

Comment here