ਕਰਤਾਰਪੁਰ- ਜਲੰਧਰ ਜ਼ਿਲੇ ਦੇ ਕਸਬਾ ਕਰਤਾਰਪੁਰ ਕੋਲ ਪੈਂਦੇ ਪਿੰਡ ਬਿਸਰਾਮਪੁਰ ਵਿਚ ਪਰਵਾਸੀ ਪਰਿਵਾਰ ਦੇ ਨੌਜਵਾਨ ਨੇ ਵਿਆਹੁਤਾ ਭੈਣ ਨੂੰ ਸਵੇਰੇ ਭੇਤਭਰੇ ਹਾਲਾਤ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਤੇ ਖ਼ੁਦ ਫ਼ਰਾਰ ਹੋ ਗਿਆ। ਮ੍ਰਿਤਕਾ ਦੀ ਸ਼ਨਾਖ਼ਤ ਰਿਤੂ ਪਤਨੀ ਮੁਹੰਮਦ ਸੁਭਾਨ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕਾ ਦੇ ਪਤੀ ਮੁਹੰਮਦ ਸੁਭਾਨ ਨੇ ਕਿਹਾ ਕਿ ਉਸ ਨੇ ਰਿਤੂ ਨਾਲ ਛੇ ਸੱਤ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਉਹ ਪਤਨੀ ਦੇ ਨਾਲ ਪਿੰਡ ਬਿਸਰਾਮਪੁਰ ਵਿਖੇ ਰਹਿਣ ਲੱਗ ਪਿਆ ਸੀ। ਉਹ ਖੇਤ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦਾ ਹੈ। ਉਨ੍ਹਾਂ ਦੀ ਪਤਨੀ ਦਾ ਭਰਾ ਸਤੀਸ਼ ਉਨ੍ਹਾਂ ਦੇ ਘਰ ਆਇਆ ਤੇ ਉਹ ਰਾਤੀਂ ਰੋਟੀ ਖਾ ਕੇ ਬਾਹਰ ਸੌਂ ਗਏ ਸਨ। ਇਸ ਦੌਰਾਨ ਰਿਤੂ ਆਪਣੇ ਕਮਰੇ ਵਿਚ ਸੌਂ ਗਈ। ਸਵੇਰੇ ਕਰੀਬ ਪੰਜ ਵਜੇ ਉਹ ਉੱਠ ਕੇ ਖੇਤਾਂ ਨੂੰ ਪਾਣੀ ਲਾਉਣ ਚਲਾ ਗਿਆ, ਜਦੋਂ ਵਾਪਸ ਆਇਆ ਤਾਂ ਵੇਖਿਆ ਕਿ ਸਤੀਸ਼ ਨੇ ਰਿਤੂ ਦਾ ਗਲਾ ਦਬਾ ਕੇ ਪਾਣੀ ਵਾਲੇ ਚਲ੍ਹੇ ਵਿਚ ਸੁੱਟ ਦਿੱਤਾ ਸੀ। ਉਸ ਨੇ ਰੌਲਾ ਪਾਇਆ ਤਾਂ ਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏ ਪਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਉਦੋਂ ਤਕ ਉਨ੍ਹਾਂ ਦੀ ਪਤਨੀ ਰਿਤੂ ਦੀ ਮੌਤ ਹੋ ਚੁੱਕੀ ਹੋਈ ਸੀ। ਇਸ ਸਬੰਧੀ ਡੀਐੱਸਪੀ ਸੁਖਪਾਲ ਸਿੰਘ ਨੇ ਕਿਹਾ ਕਿ ਪੀਡ਼ਤ ਮੁਹੰਮਦ ਸੁਭਾਨ ਦੇ ਬਿਆਨ ਲੈ ਕੇ ਕੇਸ ਦਰਜ ਕਰ ਲਿਆ ਹੈ। ਜਾਂਚ ਜਾਰੀ ਹੈ।
Comment here