ਕਾਬੁਲ-ਤਾਲਿਬਾਨ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਇਸਲਾਮਿਕ ਰੀਪਬਲਿਕ ਆਫ ਈਰਾਨ ਬ੍ਰਾਡਕਾਸਟਿੰਗ ਦੇ ਟੀਵੀ ਪੱਤਰਕਾਰ ਅਲੀ ਰੇਜ਼ਾ ਸ਼ਰੀਫੀ ਦੇਰ ਰਾਤ ਮੋਟਰਸਾਈਕਲ ਸਵਾਰ ਬੰਦੂਕਧਾਰੀਆਂ ਦੇ ਹੋਏ ਹਮਲੇ ’ਚ ਬਚ ਗਏ ਹਨ। ਉਨ੍ਹਾਂ ਕਿਹਾ, ‘‘ਅਸੀਂ ਦੋਸ਼ੀਆਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਾਂ।’’ ਅਜੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਹਮਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਅਫ਼ਗਾਨਿਸਤਾਨ ਦੀ ਮੀਡੀਆ ਨਿਗਰਾਨੀ ਸੰਸਥਾ ਨੇ ਪਿਛਲੇ 2 ਮਹੀਨਿਆਂ ਵਿਚ ਅਫ਼ਗਾਨ ਪੱਤਰਕਾਰਾਂ ਵਿਰੁੱਧ ਹਿੰਸਾ ਅਤੇ ਧਮਕੀਆਂ ਦੀਆਂ 30 ਤੋਂ ਵੱਧ ਘਟਨਾਵਾਂ ਦੀ ਜਾਣਕਾਰੀ ਦਿੱਤੀ। ਇਨ੍ਹਾਂ ਵਿਚੋਂ 90 ਫ਼ੀਸਦੀ ਘਟਨਾਵਾਂ ਨੂੰ ਤਾਲਿਬਾਨ ਨੇ ਅੰਜਾਮ ਦਿੱਤਾ ਹੈ। ਸ਼ਰੀਫੀ ਨੇ ਦੱਸਿਆ ਕਿ ਉਹ ਕਾਰ ਵਿਚ ਘਰ ਜਾ ਰਹੇ ਸੀ ਕਿ ਮੋਟਰਸਾਈਕਲ ’ਤੇ ਸਵਾਰ 2 ਵਿਅਕਤੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ, ‘ਇੱਕ ਗੋਲੀ ਮੇਰੇ ਬੁੱਲ੍ਹਾਂ ਨੂੰ ਛੂਹ ਕੇ ਨਿਕਲ ਗਈ। ਕੱਚ ਦੇ ਟੁੱਟੇ ਟੁਕੜੇ ਮੇਰੀ ਖੱਬੀ ਅੱਖ ’ਤੇ ਵੱਜੇ।’ ਅਗਸਤ ’ਚ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ 3 ਪੱਤਰਕਾਰ ਮਾਰੇ ਜਾ ਚੁੱਕੇ ਹਨ।
ਸ਼ਰੀਫੀ ਦੀ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਗਈਆਂ ਹਨ, ਜਿਸ ਵਿਚ ਕਾਰ ਦੀ ਇਕ ਖਿੜਕੀ ਗੋਲੀਆਂ ਨਾਲ ਹੋਏ ਘੱਟੋ-ਘੱਟ 2 ਛੇਕ ਦੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ, ’ਉਨ੍ਹਾਂ ਨੇ ਸਾਹਮਣਿਓਂ ਗੋਲੀਬਾਰੀ ਕੀਤੀ ਅਤੇ ਮੈਂ ਬਚ ਕੇ ਪਿਛਲੀ ਸੀਟ ’ਤੇ ਚਲਾ ਗਿਆ।’
Comment here