ਸਿਆਸਤਦੁਨੀਆਵਿਸ਼ੇਸ਼ ਲੇਖ

ਅਫ਼ਗਾਨਿਸਤਾਨ ਦੇ ਮੰਦੇ ਹਾਲ

ਅਫ਼ਗਾਨਿਸਤਾਨ ਦੇ ਲੋਕ ਆਪਣੇ ਦੇਸ਼ ‘ਤੇ ਸੱਤਾਧਾਰੀ ਤਾਲਿਬਾਨੀ ਸ਼ਾਸਕਾਂ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦੇ ਕਾਰਨ ਇਕ ਵਾਰ ਫਿਰ ਗੰਭੀਰ ਸੰਕਟ ਦੇ ਦੌਰ ‘ਚੋਂ ਲੰਘ ਰਹੇ ਹਨ। ਇੱਥੋਂ ਤੱਕ ਕਿ ਅਫ਼ਗਾਨਿਸਤਾਨ ਦੇ ਲੋਕ ਇਕ ਪਾਸੇ ਜਿੱਥੇ ਭੁੱਖਮਰੀ ਦੀ ਕਗਾਰ ‘ਤੇ ਪਹੁੰਚ ਚੁੱਕੇ ਹਨ, ਉੱਥੇ ਹੀ ਤਾਲਿਬਾਨੀ ਸ਼ਾਸਕਾਂ ਦੇ ਜ਼ੁਲਮਾਂ ਦੀ ਵੀ ਸਿਖ਼ਰ ਹੁੰਦੀ ਜਾ ਰਹੀ ਹੈ। ਦੇਸ਼ ਦੀ ਸੱਤਾ ਦੇ ਵੱਖ-ਵੱਖ ਕੇਂਦਰਾਂ ‘ਤੇ ਕਾਬਜ਼ ਹੋ ਚੁੱਕੇ ਤਾਲਿਬਾਨੀ ਲੜਾਕਿਆਂ ਨੇ ਆਪਣੇ-ਆਪਣੇ ਇਲਾਕੇ ਵੰਡ ਲਏ ਹਨ ਅਤੇ ਉਹ ਇਨ੍ਹਾਂ ਖੇਤਰਾਂ ‘ਚ ਆਪਣੀ ਮਰਜ਼ੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਲਾਗੂ ਕਰਦੇ ਹਨ। ਇਸੇ ਕਰਕੇ ਆਪਣੇ-ਆਪਣੇ ਅਧਿਕਾਰ ਹੇਠ ਆਉਂਦੇ ਖੇਤਰਾਂ ‘ਚ ਉਨ੍ਹਾਂ ਨੇ ਆਪਣੀਆਂ ਨਿਗਰਾਨ ਚੌਕੀਆਂ ਵੀ ਸਥਾਪਿਤ ਕੀਤੀਆਂ ਹੋਈਆਂ ਹਨ, ਜਿੱਥੇ ਉਹ ਲੋਕਾਂ ਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਦੀ ਜਾਂਚ-ਪੜਤਾਲ ਕਰਦੇ ਹਨ ਅਤੇ ਆਪਣੇ ਹਿਸਾਬ ਨਾਲ ਪੂਰੀ ਪੁੱਛਗਿੱਛ ਕਰਨ ਤੋਂ ਬਾਅਦ ਹੀ ਅੱਗੇ ਜਾਣ ਦਿੰਦੇ ਹਨ। ਇਸੇ ਤਰ੍ਹਾਂ ਵੱਖ-ਵੱਖ ਨਾਕਿਆਂ ‘ਤੇ ਉਨ੍ਹਾਂ ਦੀਆਂ ਆਪਣੀਆਂ-ਆਪਣੀਆਂ ਚੁੰਗੀਆਂ ਹਨ, ਜਿਨ੍ਹਾਂ ਦੇ ਜ਼ਰੀਏ ਉਹ ਲੋਕਾਂ ਤੋਂ ਕਰ ਉਗਰਾਉਂਦੇ ਹਨ। ਤਾਲਿਬਾਨੀ ਨੀਤੀਆਂ ਤੇ ਪ੍ਰੋਗਰਾਮਾਂ ਦੇ ਜਾਣਕਾਰਾਂ ਅਨੁਸਾਰ ਕਾਬੁਲ ‘ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਲੜਾਕਿਆਂ ਵਲੋਂ ਆਮ ਲੋਕਾਂ ‘ਤੇ ਜ਼ੁਲਮ ਅਤੇ ਉਨ੍ਹਾਂ ਦੀ ਲੁੱਟ-ਖਸੁੱਟ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਇਨ੍ਹਾਂ ਜਾਣਕਾਰਾਂ ਅਨੁਸਾਰ ਇਹ ਸੰਕਟ ਹੁਣ ਕਿਸੇ ਇਕ ਖੇਤਰ ਵਿਸ਼ੇਸ਼ ਦੀਆਂ ਹੱਦਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਖੇਤਰੀ ਤੇ ਪ੍ਰਾਂਤਕ ਨਾ ਰਹਿ ਕੇ ਪੂਰੇ ਰਾਸ਼ਟਰ ‘ਚ ਫੈਲ ਗਿਆ ਹੈ। ਇਸ ਨਾਲ ਇਕ ਪਾਸੇ ਜਿੱਥੇ ਭਾਰਤ, ਬਰਤਾਨੀਆ ਤੇ ਅਮਰੀਕਾ ਵਰਗੇ ਦੇਸ਼ਾਂ ਦਾ ਚਿੰਤਤ ਹੋਣਾ ਲਾਜ਼ਮੀ ਹੋ ਜਾਂਦਾ ਹੈ, ਉੱਥੇ ਹੀ ਅੰਤਰਰਾਸ਼ਟਰੀ ਭਾਈਚਾਰਿਆਂ ਦੇ ਕਈ ਮੰਚਾਂ ਨੇ ਵੀ ਇਸ ਮੁੱਦੇ ਨੂੰ ਲੈ ਕੇ ਧਿਆਨ ਦਿਵਾਇਆ ਹੈ। ਭਾਰਤ ਨੇ ਵੀ ਇਸ ਮੁੱਦੇ ਨੂੰ ਲੈ ਕੇ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਵਿਸ਼ਵ ਪੱਧਰ ‘ਤੇ ਸਹਿਯੋਗ ਤੇ ਸਮਰਥਨ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ।
ਅਫ਼ਗਾਨਿਸਤਾਨ ‘ਚ ਦੂਜੀ ਵੱਡੀ ਸਮੱਸਿਆ ਗ਼ਰੀਬੀ ਅਤੇ ਭੁੱਖਮਰੀ ਦੀ ਹੈ। ਇਹ ਦੋਵੇਂ ਮੁੱਦੇ ਸ਼ੁਰੂ ਤੋਂ ਹੀ ਅਫ਼ਗਾਨਿਸਤਾਨ ‘ਚ ਵੱਡੀ ਸਮੱਸਿਆ ਬਣ ਕੇ ਉੱਭਰਦੇ ਰਹੇ ਹਨ। ਅਫ਼ਗਾਨਿਸਤਾਨ ਦੀਆਂ ਪਿਛਲੀਆਂ ਸਰਕਾਰਾਂ ਖਾਸ ਕਰਕੇ ਤਾਲਿਬਾਨ ਦੀ ਪਹਿਲੀ ਸਰਕਾਰ ਸਮੇਂ ਵੀ ਇਸ ਦੇਸ਼ ‘ਚ ਗ਼ਰੀਬੀ ਸਿਖ਼ਰਾਂ ‘ਤੇ ਸੀ, ਜਿਸ ਦੇ ਕਾਰਨ ਭੁੱਖਮਰੀ ਵਰਗੇ ਹਾਲਾਤ ਲਗਾਤਾਰ ਪੈਦਾ ਹੁੰਦੇ ਰਹੇ ਹਨ। ਅਫ਼ਗਾਨਿਸਤਾਨ ਦੀ ਵਿੱਤੀ ਤੇ ਖਾਧ ਭੰਡਾਰ ਦੀ ਸਥਿਤੀ ਸ਼ੁਰੂ ਤੋਂ ਹੀ ਵਿਦੇਸ਼ੀ ਸਹਾਇਤਾ ‘ਤੇ ਨਿਰਭਰ ਕਰਦੀ ਰਹੀ ਹੈ। ਅਮਰੀਕੀ ਸੈਨਾਵਾਂ ਦੇ ਦੋ ਦਹਾਕਿਆਂ ਦੇ ਲੰਬੇ ਕਬਜ਼ੇ ਤੋਂ ਪਹਿਲਾਂ ਵੀ ਇਸ ਦੇਸ਼ ‘ਚ ਲੁੱਟ-ਖਸੁੱਟ ਨਾਲ ਵਿੱਤੀ ਨੀਤੀਆਂ ਦਾ ਪੋਸ਼ਣ ਕੀਤਾ ਜਾਂਦਾ ਰਿਹਾ ਹੈ। ਉਸ ਤੋਂ ਬਾਅਦ ਵੀ ਅਕਸਰ ਪੂਰੇ ਵਿਸ਼ਵ ਨੂੰ ਇਹ ਉਮੀਦ ਸੀ ਕਿ ਅਮਰੀਕਾ ਅਤੇ ਖ਼ਾਸ ਤੌਰ ‘ਤੇ ਉਸ ਦੇ ਕੁਝ ਮਿੱਤਰ ਦੇਸ਼ਾਂ ਦੀਆਂ ਸਰਕਾਰਾਂ ਦੀ ਸਹਾਇਤਾ ਤੇ ਸਹਿਯੋਗ ਨਾਲ ਦੇਸ਼ ਵਿਚ ਇਕ ਚੰਗਾ ਪ੍ਰਸ਼ਾਸਨ ਬਣਾਇਆ ਜਾ ਸਕੇਗਾ। ਪਰ ਤਾਲਿਬਾਨ ਵਲੋਂ ਸੱਤਾ ‘ਤੇ ਪੂਰਨ ਤੌਰ ‘ਤੇ ਕਬਜ਼ਾ ਕਰ ਲੈਣ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਅਪਣਾਇਆ ਗਿਆ, ਉਸ ਨਾਲ ਸਥਾਨਕ ਲੋਕਾਂ ਦੀਆਂ ਉਮੀਦਾਂ ਤੇ ਇੱਛਾਵਾਂ ‘ਤੇ ਨਾ ਸਿਰਫ਼ ਪਾਣੀ ਫਿਰਿਆ, ਸਗੋਂ ਇਸ ਤੋਂ ਅੰਤਰਰਾਸ਼ਟਰੀ ਭਾਈਚਾਰਾ ਵੀ ਹੈਰਾਨ ਹੋ ਕੇ ਰਹਿ ਗਿਆ। ਇਕ ਪਾਸੇ ਜਿੱਥੇ ਗ਼ਰੀਬੀ ਨੇ ਭੁੱਖਮਰੀ ਨੂੰ ਵਧਾਇਆ ਹੈ। ਉੱਥੇ ਹੀ ਆਮ ਲੋਕਾਂ ‘ਤੇ ਬੰਦੂਕਧਾਰੀਆਂ ਦੇ ਜ਼ੁਲਮ ਵੀ ਲਗਾਤਾਰ ਵਧਦੇ ਹੀ ਜਾ ਰਹੇ ਹਨ। ਆਮ ਲੋਕਾਂ ਨੂੰ ਇਹ ਵੀ ਸਮਝ ਨਹੀਂ ਆ ਰਹੀ ਕਿ ਆਖ਼ਰ ਉਹ ਕਿਹੜੇ ਪੱਖ ਤੇ ਗਰੁੱਪ ਦਾ ਨਿਰਦੇਸ਼ ਮੰਨਣ ਅਤੇ ਆਪਣੀ ਰੋਜ਼ੀ-ਰੋਟੀ ਲਈ ਕਿਸ ਉੱਤੇ ਨਿਰਭਰ ਕਰਨ। ਇਸੇ ਤਰ੍ਹਾਂ ਇਸ ਦੇਸ਼ ਦਾ ਇਹ ਸੰਕਟ ਨਿਰੰਤਰ ਵਧਦਾ ਹੀ ਜਾ ਰਿਹਾ ਹੈ। ਸੰਕਟ ਇਸ ਲਈ ਵੀ ਗੰਭੀਰ ਹੋਇਆ ਹੈ ਕਿ ਦੇਸ਼ ‘ਤੇ ਕਾਬਜ਼ ਤਾਲਿਬਾਨ ਦੇ ਵੱਖ-ਵੱਖ ਸਮੂਹਾਂ ‘ਚ ਸਰਕਾਰ ਚਲਾਉਣ ਦੇ ਮੁੱਦਿਆਂ ‘ਤੇ ਆਪਸੀ ਸਹਿਮਤੀ ਬਣ ਗਈ ਹੈ ਅਤੇ ਉਨ੍ਹਾਂ ਨੇ ਮਿਲ ਬੈਠ ਕੇ ਆਪਣੇ-ਆਪਣੇ ਹਲਕੇ ਵੰਡ ਲਏ ਹਨ। ਇਸ ਕਰਕੇ ਇਕ ਪਾਸੇ ਜਿੱਥੇ ਦੇਸ਼ ‘ਚ ਇਕ ਵਾਰ ਫਿਰ ਹਿਜਰਤ ਦਾ ਰੁਝਾਨ ਵਧਣ ਦਾ ਖ਼ਤਰਾ ਹੈ, ਉੱਥੇ ਹੀ ਹਿਜਰਤ ਕਰਨ ਵਾਲਿਆਂ ‘ਤੇ ਸ਼ੱਕ ਦੇ ਆਧਾਰ ‘ਤੇ ਜ਼ੁਲਮਾਂ ਦਾ ਸਿਲਸਿਲਾ ਸ਼ੁਰੂ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਅਸੀਂ ਸਮਝਦੇ ਹਾਂ ਕਿ ਤਾਲਿਬਾਨ ਨੇ ਕਾਬੁਲ ‘ਤੇ ਕਬਜ਼ੇ ਤੋਂ ਬਾਅਦ ਸੱਤਾ ਸੰਭਾਲਣ ਦੇ ਨਜ਼ਰੀਏ ਨਾਲ ਔਰਤਾਂ ਦੀ ਆਜ਼ਾਦੀ, ਲੜਕੀਆਂ ਦੀ ਸਿੱਖਿਆ ਅਤੇ ਪੁਰਸ਼ਾਂ ਨੂੰ ਕਾਰੋਬਾਰ ਆਦਿ ਦੀ ਸੁਤੰਤਰਤਾ ਦਿੱਤੇ ਜਾਣ ਦੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ‘ਚੋਂ ਇਕ ਵੀ ਵਾਅਦਾ ਵਫ਼ਾ ਨਹੀਂ ਹੋਇਆ। ਤਾਲਿਬਾਨੀ ਸ਼ਾਸਕ ਅਕਸਰ ਕਿਸੇ ਨਾ ਕਿਸੇ ਮੰਚ ਤੋਂ ਔਰਤਾਂ ਦੀ ਆਜ਼ਾਦੀ ਅਤੇ ਲੜਕੀਆਂ ਦੀ ਸਿੱਖਿਆ ਨੂੰ ਲੈ ਕੇ ਬਿਆਨਬਾਜ਼ੀ ਤਾਂ ਕਰਦੇ ਰਹਿੰਦੇ ਹਨ ਪਰ ਇਸ ਦਾ ਸਿੱਟਾ ਉਹੀ ‘ਪਰਨਾਲਾ ਉੱਥੇ ਦਾ ਉੱਥੇ’ ਵਰਗਾ ਰਹਿੰਦਾ ਹੈ। ਨਾ ਤਾਂ ਤਾਲਿਬਾਨੀ ਸ਼ਾਸਕ ਆਪਣੇ ਕਿਸੇ ਫ਼ੈਸਲੇ ਨੂੰ ਲਾਗੂ ਕਰਦੇ ਹਨ, ਨਾ ਅੰਤਰਰਾਸ਼ਟਰੀ ਭਾਈਚਾਰੇ ਨੇ ਹੀ ਉਨ੍ਹਾਂ ‘ਤੇ ਦਬਾਅ ਵਧਾਇਆ ਹੈ। ਲਿਹਾਜ਼ਾ ਇਸ ਦੇਸ਼ ‘ਚ ਹਾਲਾਤ ਮੁੜ ਖ਼ਤਰਨਾਕ ਅਤੇ ਗੰਭੀਰ ਹੁੰਦੇ ਜਾ ਰਹੇ ਹਨ। ਇਸ ਦੇਸ਼ ਦੇ ਆਮ ਲੋਕਾਂ ਅਤੇ ਖ਼ਾਸਕਰ ਔਰਤਾਂ ਅਤੇ ਲੜਕੀਆਂ ‘ਤੇ ਜ਼ੁਲਮਾਂ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਇਸ ਨੂੰ ਰੋਕਣ ਲਈ ਅੰਤਰਰਾਸ਼ਟਰੀ ਭਾਈਚਾਰੇ ਵਲੋਂ ਲਗਾਤਾਰ ਤਾਲਿਬਾਨ ਸਰਕਾਰ ‘ਤੇ ਦਬਾਅ ਵਧਾਉਣ ਦੀ ਜ਼ਰੂਰਤ ਹੈ, ਤਾਂ ਜੋ ਉੱਥੋਂ ਦੇ ਵਸਨੀਕ ਆਪਣੀ ਜ਼ਿੰਦਗੀ ਬਿਨਾਂ ਕਿਸੇ ਡਰ ਦੇ ਬਤੀਤ ਕਰ ਸਕਣ।

 

Comment here