ਸਿਆਸਤਖਬਰਾਂਚਲੰਤ ਮਾਮਲੇ

ਅਸੀਂ ਸੱਤਾ-ਸੁੱਖ ਭੋਗਣ ਨਹੀਂ, ਸਿਸਟਮ ਸੁਧਾਰਨ ਲਈ ਆਏ ਹਾਂ- ਰਾਜੇਵਾਲ

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸਾਨੀ ਧਿਰ ਦੀ ਅਗਵਾਈ ਕਰ ਰਹੇ ਸੰਯੁਕਤ ਸਮਾਜ ਮੋਰਚੇ ਵੱਲੋਂ ਪੰਜਾਬ ਵਿਚ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੀ ਜਾ ਰਹੀ ਹੈ ਅਤੇ  57 ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਬੁਲਾਰਿਆਂ ਵਿਚ ਪ੍ਰੋਫੈਸਰ ਸੰਤੋਖ ਸਿੰਘ, ਤਰਲੋਚਨ ਸਿੰਘ ਲਾਲੀ, ਪ੍ਰੋਫੈਸਰ ਜਗਰੂਪ ਸਿੰਘ, ਜੰਗਵੀਰ ਸਿੰਘ ਚੌਹਾਨ, ਮੁਕੇਸ਼ ਚੰਦਰ ਸ਼ਰਮਾ, ਮਨਜੀਤ ਸਿੰਘ ਰਾਏ ਅਤੇ ਪ੍ਰੋਫੈਸਰ ਮਨਜੀਤ ਸਿੰਘ ਦਾ ਨਾਂਅ ਸ਼ਾਮਲ ਹੈ| ਰਾਜੇਵਾਲ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਪੰਜਾਬ ਵਿਚ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗਾ।  ਉਨ੍ਹਾਂ ਕਿਹਾ ਕਿ ਅਸੀਂ ਸਿਆਸਤ ਵਿਚ ਸੱਤਾ ਦਾ ਸੁੱਖ ਭੋਗਣ ਲਈ ਨਹੀਂ ਆਏ, ਸਗੋਂ ਪੰਜਾਬ ਨੂੰ ਬਚਾਉਣ ਅਤੇ ਸਿਸਟਮ ਵਿਚ ਸੁਧਾਰ ਕਰਨ ਲਈ ਆਏ ਹਾਂ | ਉਨ੍ਹਾਂ ਇਹ ਵੀ ਦੱਸਿਆ ਕਿ ਸੰਯੁਕਤ ਸਮਾਜ ਮੋਰਚੇ ਦਾ ਗੁਰਨਾਮ ਸਿੰਘ ਚਡੂਨੀ ਦੀ ਪਾਰਟੀ ਨਾਲ ਸਮਝੌਤਾ ਹੈ ਅਤੇ ਚਡੂਨੀ ਦੀ ਪਾਰਟੀ ਨੂੰ 10 ਸੀਟਾਂ ਦਿੱਤੀਆਂ ਗਈਆਂ ਹਨ |

ਇਸ ਦੌਰਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਪੰਜਾਬ ਦੀਆਂ ਰਵਾਇਤੀ ਧਿਰਾਂ ਨੂੰ ਮਾਤ ਪਾਉਣ ਲਈ ਪੰਜਾਬ ਦੇ ਲੋਕ ਸੰਯੁਕਤ ਸਮਾਜ ਮੋਰਚਾ ਦੇ ਹੱਕ ਵਿੱਚ ਫਤਵਾ ਦੇਣਗੇ ਕਿਉਂਕਿ ਦਿੱਲੀ ਦੀਆਂ ਬਰੂਹਾਂ ‘ਤੇ ਚੱਲੇ ਸੰਘਰਸ਼ ਨੇ ਮੋਦੀ ਸਰਕਾਰ ਖਿਲਾਫ ਕੀਤੀ ਵੱਡੀ ਜਿੱਤ ਪ੍ਰਾਪਤ ਅਤੇ ਸਮੁੱਚੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅੰਬਾਨੀ-ਅਡਾਨੀਆਂ ਦੇ ਹੱਥਾਂ ਵਿੱਚ ਜਾਣ ਤੋਂ ਰੋੋਕਿਆ ਹੈ ਜਿਸ ਕਾਰਨ ਲੋਕਾਂ ਵਿੱਚ ਇੱਕ ਸਤਿਕਾਰ ਅਤੇ ਵਿਸ਼ਵਾਸ ਬਣ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਹਲਕਾ ਮਾਨਸਾ ਤੋਂ ਗੁਰਨਾਮ ਭੀਖੀ, ਕਿ੍ਸ਼ਨ ਚੌਹਾਨ ਬੁਢਲਾਡਾ ਅਤੇ ਛੋਟਾ ਸਿੰਘ ਮੀਆਂ ਹਲਕਾ ਸਰਦੂਲਗੜ੍ਹ ਦੀ ਚੋਣ ਮੁਹਿੰਮ ਨੂੰ ਆਪਣੀ ਚੋਣ ਮੰਨ ਕੇ ਜਥੇਬੰਦੀ ਦਾ ਆਗੂ ਅਤੇ ਵਰਕਰ ਤਨਦੇਹੀ ਨਾਲ ਜਿੱਤ ਤੱਕ ਕੰਮ ਕਰੇਗਾ, ਕਿਉਂਕਿ ਅੰਦੋਲਨ ਦੌਰਾਨ 800 ਤੋਂ ਜ਼ਿਆਦਾ ਸ਼ਹੀਦਾਂ ਨੂੰ ਅਣਗੌਲੇ ਕਰਕੇ ਰਵਾਇਤੀ ਧਿਰਾਂ ਕਾਂਗਰਸ, ਅਕਾਲੀ, ਆਪ ਅਤੇ ਬੀ ਜੇ ਪੀ ਗੱਠਜੋੜ ਲੋਕਾਂ ਦੀਆਂ ਵੋਟਾਂ ਨੂੰ ਹਥਿਆਉਣ ਲਈ ਤਰਲੋਮੱਛੀ ਹੋ ਰਹੀਆਂ ਹਨ, ਜਦੋਂ ਕਿ ਇਹਨਾਂ ਧਿਰਾਂ ਦੇ ਕਿਰਦਾਰ ਤੇ ਮਾੜੀਆਂ ਨੀਤੀਆਂ ਕਾਰਨ ਪੰਜਾਬ ਅੰਦਰ ਨਸ਼ਾਖੋਰੀ ਅਤੇ ਭਿ੍ਸ਼ਟਾਚਾਰ ਅਮਰਵੇਲ ਵਾਂਗ ਵਧ ਰਹੇ ਹਨ | ਉਨ੍ਹਾਂ ਇਨ੍ਹਾਂ ਪਾਰਟੀਆਂ ਵਿੱਚ ਟਿਕਟਾਂ ਦੀ ਖਰੀਦੋ-ਫਰੋਖਤ ‘ਤੇ ਵਰ੍ਹਦਿਆਂ ਕਿਹਾ ਕਿ ਭਿ੍ਸ਼ਟਾਚਾਰ ਰਾਹੀਂ ਟਿਕਟਾਂ ਪ੍ਰਾਪਤ ਕਰਨ ਵਾਲੇ ਰਵਾਇਤੀ ਧਿਰਾਂ ਦੇ ਉਮੀਦਵਾਰ ਪੰਜਾਬ ਦੇ ਭਲੇ ਲਈ ਕੋਈ ਕੰਮ ਨਹੀਂ ਕਰਨਗੇ | ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਮੋਰਚੇ ਨੂੰ ਸੱਤਾ ਦੀ ਤਾਕਤ ਦੇ ਕੇ ਪੰਜਾਬ ਦੇ ਬੁਨਿਆਦੀ ਮਸਲਿਆਂ ਅਤੇ ਆਮ ਲੋਕਾਂ ਲਈ ਆਸ ਦੀ ਕਿਰਨ ਜਗਾਈ ਜਾਵੇ, ਕਿਉਂਕਿ ਲੜਾਈ ਸਮਾਜਵਾਦ ਦੀ ਪੂੰਜੀਵਾਦ ਦੇ ਖਿਲਾਫ ਹੈ |

Comment here