ਸਿਆਸਤਖਬਰਾਂਦੁਨੀਆ

ਅਸੀਂ ਸੁਰੱਖਿਅਤ ਤੇ ਸਾਫ ਦੁਨੀਆ ’ਚ ਰਹਿਣ ਦੇ ਹੱਕਦਾਰ-ਪ੍ਰਿਅੰਕਾ ਚੋਪੜਾ

ਜਨੇਵਾ-ਸੰਯੁਕਤ ਰਾਸ਼ਟਰ ਮਹਾਸਭਾ ’ਚ 2022 ਦੇ ‘ਐੱਸ. ਡੀ. ਜੀ. ਮੋਮੇਂਟ’ ਦੀ ਇਕ ਬੈਠਕ ’ਚ ਅਦਾਕਾਰਾ ਤੇ ਨਿਰਮਾਤਾ ਪ੍ਰਿਅੰਕਾ ਚੋਪੜਾ ਜੋਨਸ ਨੇ ਦੁਨੀਆ ਦੇ ਸਾਹਮਣੇ ਮੌਜੂਦ ਕੋਵਿਡ-19 ਵਿਸ਼ਵ ਮਹਾਮਾਰੀ, ਜਲਵਾਯੂ ਸੰਕਟ ਤੇ ਗਰੀਬੀ ਵਰਗੀਆਂ ਕੁਝ ਸਭ ਤੋਂ ਵੱਡੀਆਂ ਚੁਣੌਤੀਆਂ ’ਤੇ ਗੱਲਬਾਤ ਕੀਤੀ। ਪ੍ਰਿਅੰਕਾ ਨੇ ਕਿਹਾ ਕਿ ‘ਸੁਰੱਖਿਅਤ ਤੇ ਸਾਫ ਦੁਨੀਆ’ ਹਰ ਇਕ ਵਿਅਕਤੀ ਦਾ ਅਧਿਕਾਰ ਹੈ, ਜਿਸ ਨੂੰ ਵਿਸ਼ਵ ਪੱਧਰ ’ਤੇ ਇਕੱਠਿਆਂ ਕੰਮ ਕਰਕੇ ਹੀ ਹਾਸਲ ਕੀਤਾ ਜਾ ਸਕਦਾ ਹੈ। ਅਦਾਕਾਰਾ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ, ਜਦੋਂ ਟਿਕਾਊ ਵਿਕਾਸ ਟੀਚੇ (ਐੱਸ. ਡੀ. ਜੀ.) ਨੂੰ ਹਾਸਲ ਕਰਨ ਲਈ ਸਿਰਫ 8 ਸਾਲਾਂ ਤੋਂ ਘੱਟ ਦਾ ਸਮਾਂ ਹੀ ਬੱਚਿਆ ਹੈ।
ਪ੍ਰਿਅੰਕਾ ਨੇ ਕਿਹਾ, ‘‘ਅਸੀਂ ਇਕ ਮਹੱਤਵਪੂਰਨ ਸਮੇਂ ’ਚ ਇਹ ਬੈਠਕ ਕਰ ਰਹੇ ਹਾਂ। ਅਜਿਹੇ ਸਮੇਂ ’ਚ ਜਦੋਂ ਵਿਸ਼ਵ ਪੱਧਰ ’ਤੇ ਇਕਜੁਟਤਾ ਪਹਿਲਾਂ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੈ।’’
ਪ੍ਰਿਅੰਕਾ ਦਾ ਇਹ ਬਿਆਨ ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ਯੂਟਿਊਬ ’ਤੇ ਸਾਂਝਾ ਕੀਤਾ। ਅਦਾਕਾਰਾ ਨੇ ਕਿਹਾ, ‘‘ਦੇਸ਼ ਕੋਵਿਡ-19 ਵਿਸ਼ਵ ਮਹਾਮਾਰੀ ਦੇ ਭਿਆਨਕ ਪ੍ਰਭਾਵਾਂ ਨਾਲ ਜੂਝ ਰਹੇ ਹਨ, ਜਲਵਾਯੂ ਸੰਕਟ ਜ਼ਿੰਦਗੀ ਤੇ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰ ਰਿਹਾ ਹੈ, ਸੰਘਰਸ਼ ਵਧ ਰਿਹਾ ਹੈ, ਗਰੀਬੀ, ਵਿਸਥਾਪਨ, ਭੁਖਮਰੀ ਤੇ ਅਸਮਾਨਤਾ ਦੁਨੀਆ ਦੀ ਉਸ ਨੀਂਹ ਨੂੰ ਕਮਜ਼ੋਰ ਕਰ ਰਹੇ ਹਨ, ਜਿਸ ਲਈ ਅਸੀਂ ਕਾਫੀ ਲੰਮੇ ਸਮੇਂ ਤਕ ਸੰਘਰਸ਼ ਕੀਤਾ ਹੈ।’’
ਯੂਨੀਸੇਫ (ਸੰਯੁਕਤ ਰਾਸ਼ਟਰ ਚਿਲਡਰਨ ਫੰਡ) ਦੀ ਸਦਭਾਵਨਾ ਰਾਜਦੂਤ ਪ੍ਰਿਅੰਕਾ ਨੇ ਕਿਹਾ, ‘‘ਸਾਡੀ ਦੁਨੀਆ ’ਚ ਸਭ ਸਹੀ ਨਹੀਂ ਹੈ। ਸੰਕਟ ਅਚਾਨਕ ਨਹੀਂ ਆਉਂਦੇ ਪਰ ਉਨ੍ਹਾਂ ਨੂੰ ਇਕ ਯੋਜਨਾ ਰਾਹੀਂ ਠੀਕ ਜ਼ਰੂਰ ਕੀਤਾ ਜਾ ਸਕਦਾ ਹੈ। ਸਾਡੇ ਕੋਲ ਉਹ ਯੋਜਨਾ ਹੈ, ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਟੀਚੇ, ਜਿਸ ਨੂੰ ਵਿਸ਼ਵ ਨੂੰ ਹਾਸਲ ਕਰਨਾ ਹੈ।’’ ਉਨ੍ਹਾਂ ਕਿਹਾ, ‘‘ਇਨ੍ਹਾਂ ਟੀਚਿਆਂ ਨੂੰ 2015 ’ਚ ਵਿਸ਼ਵ ਭਰ ਦੇ ਲੋਕਾਂ ਨੇ ਮਿਲ ਕੇ ਤੈਅ ਕੀਤਾ ਸੀ, ਅਸੀਂ ਜਿਸ ਦੁਨੀਆ ’ਚ ਰਹਿ ਰਹੇ ਹਾਂ, ਉਸ ਨੂੰ ਬਦਲਣ ਦਾ ਸਾਡੇ ਕੋਲ ਇਕ ਅਸਾਧਾਰਨ ਮੌਕਾ ਹੈ।’’ ਉਸ ਨੇ ਕਿਹਾ, ‘‘ਸਾਨੂੰ ਆਪਣੇ ਲੋਕਾਂ ਲਈ ਇਹ ਕਰਨਾ ਹੋਵੇਗਾ, ਸਾਨੂੰ ਆਪਣੇ ਗ੍ਰਹਿ ਲਈ ਇਹ ਕਰਨਾ ਹੋਵੇਗਾ। ਅਸੀਂ ਸੁਰੱਖਿਅਤ ਤੇ ਸਾਫ ਦੁਨੀਆ ’ਚ ਰਹਿਣ ਦੇ ਹੱਕਦਾਰ ਹਾਂ ਪਰ ਸਮਾਂ ਨਿਕਲਦਾ ਜਾ ਰਿਹਾ ਹੈ। 2030 ਲਈ ਨਿਰਧਾਰਿਤ ਟੀਚਿਆਂ ਨੂੰ ਹਾਸਲ ਕਰਨ ਦਾ ਅੱਧਾ ਸਮਾਂ ਲੰਘ ਗਿਆ ਹੈ।
ਸੰਯੁਕਤ ਰਾਸ਼ਟਰ ਮੁਤਾਬਕ ਐੱਸ. ਡੀ. ਜੀ. ਗਰੀਬੀ ਨੂੰ ਖ਼ਤਮ ਕਰਨ, ਗ੍ਰਹਿ ਦੀ ਰੱਖਿਆ ਤੇ ਹਰ ਜਗ੍ਹਾ ਹਰ ਕਿਸੇ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਦਿਸ਼ਾ ’ਚ ਅੱਗੇ ਵਧਣ ਦੀ ਇਕ ਯੂਨੀਵਰਸਲ ਪਹਿਲ ਹੈ। ਇਸ ਦੇ 17 ਟੀਚਿਆਂ ਨੂੰ 2015 ’ਚ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ਾਂ ਨੇ ਲਗਾਤਾਰ ਵਿਕਾਸ ਲਈ 2030 ਏਜੰਡਾ ਦੇ ਹਿੱਸੇ ਦੇ ਰੂਪ ’ਚ ਅਪਣਾਇਆ ਸੀ। ਇਸ ਦੇ ਤਹਿਤ ਟੀਚਿਆਂ ਨੂੰ ਹਾਸਲ ਕਰਨ ਲਈ 15 ਸਾਲ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਸਮਾਂ ਹੱਦ ਦੇ ਨਜ਼ਦੀਕ ਆਉਣ ਵੱਲ ਧਿਆਨ ਦਿਵਾਉਂਦਿਆਂ ਪ੍ਰਿਅੰਕਾ ਨੇ ਕਿਹਾ ਕਿ ਦੁਨੀਆ ਦਾ ਵਰਤਮਾਨ ਤੇ ਭਵਿੱਖ ‘ਤੁਹਾਡੇ ਹੱਥ ’ਚ ਹੈ’।

Comment here