ਖਬਰਾਂਚਲੰਤ ਮਾਮਲੇਦੁਨੀਆ

ਅਸੀਂ ਤੇਲ ਉੱਥੋਂ ਖਰੀਦਦੇ ਹਾਂ ਜਿੱਥੇ ਇਹ ਉਪਲਬਧ ਹੋਵੇ-ਹਰਦੀਪ ਪੁਰੀ

ਨਵੀਂ ਦਿੱਲੀ-ਪੱਛਮੀ ਮੀਡੀਆ ਨੇ ਭਾਰਤ ਦੀ ਵਪਾਰ ਨੀਤੀ ‘ਤੇ ਇਕ ਵਾਰ ਫਿਰ ਸਵਾਲ ਚੁੱਕੇ ਹਨ। ਹਾਲਾਂਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਆਪਣੀ ਨੀਤੀ ਸਪੱਸ਼ਟ ਕਰਦਿਆਂ ਕਰਾਰ ਜਵਾਬ ਦਿੱਤਾ ਹੈ। ਦਰਅਸਲ, ਸੀ. ਐੱਨ. ਐੱਨ. ਦੀ ਐਂਕਰ ਬੇਕੀ ਐਂਡਰਸਨ ਨੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਰੂਸ ਤੋਂ ਤੇਲ ਦੀ ਖਰੀਦ ਨੂੰ ਲੈ ਕੇ ਸਵਾਲ ਕੀਤਾ ਕਿ ਜੇਕਰ ਪੱਛਮੀ ਦੇਸ਼ ਰੂਸ ਤੋਂ ਤੇਲ ਦੀ ਖਰੀਦ ‘ਤੇ ਪਾਬੰਦੀਆਂ ਦੇ ਆਪਣੇ ਐਲਾਨ ਨੂੰ ਲਾਗੂ ਕਰਨ ਲਈ ਹੋਰ ਦਬਾਅ ਬਣਾਉਣਗੇ ਤਾਂ ਭਾਰਤ ਕੋਲ ਕਿਹੜੇ ਬਦਲ ਹਨ? ਇਸ ‘ਤੇ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਸਾਡੀ ਸਰਕਾਰ ਕੋਲ ਹੋਰ ਬਦਲ ਹਨ। ਜਿਸ ਤਰ੍ਹਾਂ ਤੁਸੀਂ ਲੋਕ ਇਸ ਨੂੰ ਦੇਖ ਰਹੇ ਹੋ, ਭਾਰਤ ਦੀ ਸੋਚ ਉਹੀ ਨਹੀਂ ਹੈ। ਭਾਰਤ ਕੋਈ ਦਬਾਅ ਮਹਿਸੂਸ ਨਹੀਂ ਕਰੇਗਾ। ਮੋਦੀ ਸਰਕਾਰ ਕਿਸੇ ਦਬਾਅ ਵਿਚ ਨਹੀਂ ਆਉਂਦੀ।
ਸੀ. ਐੱਨ. ਐੱਨ. ਨੇ ਸਵਾਲ ਕੀਤਾ ਕਿ ਕੀ ਭਾਰਤ ਨੂੰ ਰੂਸ ਤੋਂ ਐਨੀ ਵੱਡੀ ਮਾਤਰਾ ਵਿਚ ਤੇਲ ਖਰੀਦਣ ਤੋਂ ਬਾਅਦ ਕੋਈ ਪਛਤਾਵਾ ਹੈ? ਇਸ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਬਿਲਕੁਲ ਨਹੀਂ, ਕੋਈ ਨੈਤਿਕ ਟਕਰਾਅ ਨਹੀਂ ਹੈ। ਐਕਸ ਅਤੇ ਵਾਈ ਤੋਂ ਤੇਲ ਖਰੀਦਣ ਬਾਰੇ ਕੋਈ ਆਪਣਾ ਵਿਚਾਰਧਾਰਕ ਨਜ਼ਰੀਆ ਬਣਾ ਸਕਦਾ ਹੈ, ਪਰ ਅਸੀਂ ਤੇਲ ਉੱਥੋਂ ਖਰੀਦਦੇ ਹਾਂ ਜਿੱਥੇ ਇਹ ਉਪਲਬਧ ਹੁੰਦਾ ਹੈ। ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਤੇਲ ਨਹੀਂ ਖਰੀਦਦਾ, ਤੇਲ ਕੰਪਨੀਆਂ ਇਹ ਕੰਮ ਕਰਦੀਆਂ ਹਨ।
ਹਰਦੀਪ ਪੁਰੀ ਨੇ ਕਿਹਾ ਕਿ ਭਾਰਤ ਰੂਸ ਤੋਂ ਸਿਰਫ 0.2 ਫੀਸਦੀ ਤੇਲ ਖਰੀਦਦਾ ਹੈ, ਜੋ ਕਿ ਯੂਰਪ ਅਤੇ ਅਮਰੀਕਾ ਦੀ ਖਪਤ ਦੇ ਮੁਕਾਬਲੇ ਬਹੁਤ ਖਾਸ ਨਹੀਂ ਹੈ। ਉਨ੍ਹਾਂ ਨੇ ਭਾਰਤ ਦੀ ਸਥਿਤੀ ਸਪੱਸ਼ਟ ਕਰਦਿਆਂ ਐਂਕਰ ਨੂੰ ਕਿਹਾ ਕਿ ਮੈਂ ਤੁਹਾਡੀ ਗੱਲ ਨੂੰ ਠੀਕ ਕਰਨਾ ਚਾਹਾਂਗਾ। ਅਸੀਂ 31 ਮਾਰਚ 2022 ਨੂੰ ਖਤਮ ਹੋਏ ਵਿੱਤੀ ਸਾਲ ‘ਚ ਰੂਸ ਤੋਂ 0.2 ਫੀਸਦੀ ਤੇਲ ਖਰੀਦਿਆ ਹੈ, ਜੋ ਕਿ ਦੋ ਫੀਸਦੀ ਵੀ ਨਹੀਂ ਹੈ। ਅਸੀਂ ਰੂਸ ਤੋਂ ਸਿਰਫ ਇਕ ਤਿਹਾਈ ਤੇਲ ਖਰੀਦਿਆ ਹੈ ਜੋ ਯੂਰਪ ਇਕ ਦੁਪਹਿਰ ਵਿਚ ਰੂਸ ਤੋਂ ਖਰੀਦਦਾ ਹੈ।
ਭਾਰਤੀ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਪਿਛਲੇ ਮਹੀਨੇ ਇਰਾਕ ਤੋਂ ਸਭ ਤੋਂ ਵੱਧ ਤੇਲ ਖਰੀਦਿਆ ਹੈ। ਹਰਦੀਪ ਪੁਰੀ ਨੇ ਸਪੱਸ਼ਟ ਕੀਤਾ ਕਿ ਭਾਰਤ ਰੂਸ ਤੋਂ ਸਸਤਾ ਤੇਲ ਖਰੀਦਣਾ ਜਾਰੀ ਰੱਖੇਗਾ। ਭਾਰਤ ਨੇ ਇਕ ਵਾਰ ਫਿਰ ਆਪਣੀ ਸਥਿਤੀ ਸਾਫ਼ ਕਰਕੇ ਪੁਰਾਣੀ ਗਲਤੀ ਨੂੰ ਦੁਹਰਾਉਣ ਤੋਂ ਬਚਾਇਆ ਹੈ। ਹਰਦੀਪ ਪੁਰੀ ਨੇ ਯੂਰਪ ਦੇ ਅੰਕੜਿਆਂ ਦੀ ਉਦਾਹਰਣ ਦੇ ਕੇ ਅਮਰੀਕੀ ਟੀਵੀ ਐਂਕਰ ਨੂੰ ਅਜਿਹਾ ਕਰਾਰਾ ਜਵਾਬ ਦਿੱਤਾ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਤਾਰੀਫ ਹੋ ਰਹੀ ਹੈ। ਇਸ ਦੇ ਨਾਲ ਹੀ ਕਈ ਮਾਹਰ ਭਾਰਤ ਨੂੰ ਈਰਾਨ ਦੀ ਗਲਤੀ ਨਾ ਦੁਹਰਾਉਣ ਦੀ ਸਲਾਹ ਦੇ ਰਹੇ ਹਨ। ਰੂਸ ਤੋਂ ਤੇਲ ਖਰੀਦਣ ਦਾ ਮੁੱਦਾ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਭਾਰਤ ਅਤੇ ਅਮਰੀਕਾ ਵਿਚਾਲੇ ਤਣਾਅ ਦਾ ਵਿਸ਼ਾ ਬਣਿਆ ਹੋਇਆ ਹੈ।

Comment here