ਚੰਡੀਗੜ੍ਹ-ਅੱਜ ਕਾਂਗਰਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਧਰਨਾ ਮਾਰਿਆ, ਜਿਥੇ ਪੁਲਸ ਨਾਲ ਵਿਵਾਦ ਹੋਣ ਤੋਂ ਬਾਅਦ ਰਾਜਾ ਵੜਿੰਗ ਤੇ ਹੋਰਨਾਂ ਨੂੰ ਪੁਲਸ ਨੇ ਹਿਰਾਸਤਚ ਲੈ ਲਿਆ ਸੀ, ਕਾਂਗਰਸ ਪਾਰਟੀ ਵੱਲੋਂ ਦਿੱਤੇ ਗਏ ਧਰਨੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਵੱਲੋਂ ਤੰਜ ਕੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਤਾਂ ਚੋਰੀ, ਉੱਪਰੋਂ ਸੀਨਾ ਜ਼ੋਰੀ ਵਾਲੀ ਕਹਾਵਤ ਕਾਂਗਰਸ ਨੇ ਅੱਜ ਕਰ ਦਿਖਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਸਮੇਤ ਹੋਰ ਆਗੂਆਂ ਵੱਲੋਂ ਇਹ ਬੇਹੱਦ ਦੀ ਸ਼ਰਮਨਾਕ ਕਾਰਾ ਕੀਤਾ ਗਿਆ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਾਂਗਰਸ ਦੇ ਵਫ਼ਦ ਦੀ ਕੋਈ ਵੀ ਮੀਟਿੰਗ ਫਿਕਸ ਨਹੀਂ ਸੀ, ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਰਿਹਾਇਸ਼ ‘ਤੇ ਸਤਿਕਾਰ ਨਾਲ ਬਿਠਾਇਆ ਗਿਆ ਅਤੇ ਚਾਹ-ਪਾਣੀ ਵੀ ਪਿਲਾਇਆ ਗਿਆ, ਫਿਰ ਵੀ ਉਨ੍ਹਾਂ ਵੱਲੋਂ ਧਰਨਾ ਲਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਬਚਾਉਣ ਲਈ ਕਾਂਗਰਸ ਵੱਲੋਂ ਅਜਿਹਾ ਕਾਰਾ ਕੀਤਾ ਗਿਆ ਹੈ ਅਤੇ ਧਰਮਸੌਤ ਨੂੰ ਬਚਾਉਣ ਲਈ ਅੱਜ ਕਾਂਗਰਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਕਾਂਗਰਸ ਨੇ ਜੋ ਕੀਤਾ ਹੈ, ਸਾਰਾ ਪੰਜਾਬ ਦੇਖ ਰਿਹਾ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਕਾਂਗਰਸੀਆਂ ਨੂੰ ਉਹ ਸਮਾਂ ਭੁੱਲ ਗਿਆ, ਜਦੋਂ ਉਨ੍ਹਾਂ ਦੇ ਹੀ ਮੁੱਖ ਮੰਤਰੀ ਵਿਧਾਇਕਾਂ ਤਾਂ ਕੀ ਮੰਤਰੀਆਂ ਨੂੰ ਵੀ ਮਿਲਣ ਦਾ ਸਮਾਂ ਨਹੀਂ ਦਿੰਦੇ ਸਨ ਅਤੇ ਅੱਜ ਕਾਂਗਰਸੀਆਂ ਵੱਲੋਂ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ।
Comment here