ਅਜਬ ਗਜਬਖਬਰਾਂਚਲੰਤ ਮਾਮਲੇ

ਅਸਾਮ ‘ਚ ਚੀਤੇ ਦੀ ਦਹਿਸ਼ਤ, ਹਮਲੇ ‘ਚ 13 ਜ਼ਖ਼ਮੀ

ਅਸਾਮ-ਇਥੋਂ ਦੇ ਲੋਕਾਂ ਵਿੱਚ ਇੱਕ ਚੀਤੇ ਦੀ ਦਹਿਸ਼ਤ ਪਾਈ ਜਾ ਰਹੀ ਹੈ। ਚੀਤੇ ਦੀ ਦਹਿਸ਼ਤ ਦਾ ਇਸਤੋਂ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਜੋਰਹਾਤ ਵਿੱਚ ਚੀਤੇ ਦੇ ਹਮਲੇ ਵਿੱਚ ਹੁਣ ਤੱਕ 13 ਲੋਕ ਜ਼ਖ਼ਮੀ ਹੋ ਗਏ ਹਨ। ਚੀਤੇ ਨੂੰ ਫੜਨ ਲਈ ਆਏ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੂੰ ਤਰੇਲੀਆਂ ਆ ਗਈਆਂ। ਚੀਤਾ ਬੇਖੌਫ ਇਧਰ ਉਧਰ ਭੱਜਦਾ ਰਿਹਾ, ਜਿਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜੰਗਲਾਤ ਮੁਲਾਜ਼ਮਾਂ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ, ਜਿਸ ਵਿੱਚ ਚੀਤਾ ਕੰਢੇਦਾਰ ਤਾਰਾਂ ਨੂੰ ਪਾਰ ਕਰਦਾ ਵਿਖਾਈ ਦਿੰਦਾ ਹੈ, ਕਦੇ ਮੋਟਰਸਾਈਕਲ ਉਪਰ ਚੜਦਾ ਹੈ ਅਤੇ ਕਦੇ ਚਾਰ ਪਹੀਆ ਵਾਹਨ ‘ਤੇ ਹਮਲਾ ਕਰਦਾ ਵਿਖਾਈ ਦੇ ਰਿਹਾ ਹੈ।
ਜੋਰਹਾਤ ਦੇ ਐਸਪੀ ਮੋਹਨ ਲਾਲ ਮੀਨਾ ਨੇ ਦੱਸਿਆ ਕਿ ਚੀਤੇ ਦੇ ਹਮਲੇ ਵਿੱਚ ਤਿੰਨ ਜੰਗਲਾਤ ਕਰਮਚਾਰੀਆਂ ਸਮੇਤ 13 ਲੋਕ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸਾਰੇ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਪੁਲਿਸ ਅਨੁਸਾਰ ਚੀਤਾ ਜੋਰਹਾਤ ਜਿ਼ਲ੍ਹਾ ਵਿੱਚ ਰੇਨਫਾਰੈਸਟ ਰਿਸਰਚ ਇੰਸਟੀਚਿਊਟ ‘ਚ ਵੜ ਗਿਆ ਸੀ ਅਤੇ ਸੋਮਵਾਰ ਤਿੰਨ ਜੰਗਲਾਤ ਮੁਲਾਜ਼ਮਾਂ ਸਮੇਤ 13 ਔਰਤਾਂ ਅਤੇ ਬੱਚਿਆਂ ਉਪਰ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਪਿੱਛੋਂ ਚੀਤਾ ਚੇਨੀਜ਼ਨ ਖੇਤਰ ਵਿੱਚ ਵਿਖਾਈ ਦਿੱਤਾ ਤਾਂ ਲੋਕਾਂ ਨੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। ਉਪਰੰਤ ਜੰਗਲਾਤ ਵਿਭਾਗ ਦੀ ਟੀਮ ਮੌਕੇ ਉਪਰ ਪੁੱਜੀ। ਦੱਸਿਆ ਜਾ ਰਿਹਾ ਹੈ ਕਿ ਚੀਤੇ ਨੂੰ ਫੜਨ ਲਈ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੂੰ ਭਾਰੀ ਮਿਹਨਤ ਕਰਨੀ ਪਈ। ਕਈ ਅਪ੍ਰੇਸ਼ਨ ਅਸਫਲ ਰਹੇ, ਪਰੰਤੂ ਅਖੀਰ ਚੀਤੇ ਨੂੰ ਕਾਬੂ ਕਰ ਲਿਆ ਗਿਆ।

Comment here