ਅਪਰਾਧਸਿਆਸਤਖਬਰਾਂ

ਅਲਵਰ ਲਿੰਚਿੰਗ ਦੇ ਚਾਰ ਦੋਸ਼ੀਆਂ ਨੂੰ ਸੱਤ-ਸੱਤ ਸਾਲ ਕੈਦ

ਜੈਪੁਰ-ਸਾਲ 2018 ਵਿੱਚ ਗਊ ਤਸਕਰੀ ਦੇ ਦੋਸ਼ ਹੇਠ ਰਕਬਰ ਖ਼ਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਰਾਜਸਥਾਨ ਦੇ ਸ਼ਹਿਰ ਅਲਵਰ ਦੀ ਇਕ ਅਦਾਲਤ ਨੇ 2018 ਦੇ ਲਿੰਚਿੰਗ ਮਾਮਲੇ ’ਚ ਚਾਰ ਵਿਅਕਤੀਆਂ ਨੂੰ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਇਹ ਘਟਨਾ ਸਾਲ 2018 ਵਿੱਚ ਵਾਪਰੀ ਸੀ ਅਤੇ ਗਊ ਤਸਕਰੀ ਦੇ ਦੋਸ਼ ਹੇਠ ਰਕਬਰ ਖ਼ਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਇਸ ਕੇਸ ਦੇ ਪੰਜਵੇਂ ਮੁਲਜ਼ਮ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਸਰਕਾਰੀ ਵਕੀਲ ਅਸ਼ੋਕ ਸ਼ਰਮਾ ਨੇ ਕਿਹਾ ਕਿ ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਨੇ ਪਰਮਜੀਤ ਸਿੰਘ, ਧਰਮਿੰਦਰ ਯਾਦਵ, ਨਰੇਸ਼ ਸ਼ਰਮਾ ਅਤੇ ਵਿਜੈ ਕੁਮਾਰ ਨੂੰ ਧਾਰਾ 341 ਅਤੇ ਧਾਰਾ 304(1) ਤਹਿਤ ਦੋਸ਼ੀ ਮੰਨਦਿਆਂ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਕਿਹਾ ਕਿ ਸਬੂਤਾਂ ਦੀ ਘਾਟ ਕਾਰਨ ਨਵਲ ਕਿਸ਼ੋਰ ਨੂੰ ਬਰੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਧਾਰਾ 304(1) ਹੱਤਿਆ ਦੀ ਧਾਰਾ 302 ਦਾ ਹਿੱਸਾ ਹੈ ਜਿਥੇ ਸਿਰਫ਼ ਸਮਝ ਹੈ ਪਰ ਹੱਤਿਆ ਦਾ ਕੋਈ ਇਰਾਦਾ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ’ਚ ਲਿੰਚਿੰਗ ਨੂੰ ਅਹਿਮ ਮੰਨਿਆ ਗਿਆ ਹੈ। ਕਾਬਿਲੇਗੌਰ ਹੈ ਕਿ ਰਕਬਰ ਖਾਨ ਤੇ ਉਸ ਦੇ ਦੋਸਤ ਅਸਲਮ ਨੇ ਪਿੰਡ ਲਾਡਪੁਰਾ ਤੋਂ ਗਊਆਂ ਖਰੀਦੀਆਂ ਸਨ ਅਤੇ ਉਹ ਇਨ੍ਹਾਂ ਗਊਆਂ ਨੂੰ ਹਰਿਆਣਾ ਦੇ ਇਕ ਪਿੰਡ ’ਚ ਲਿਜਾ ਰਹੇ ਸਨ। ਜਦੋਂ ਉਹ ਪਿੰਡ ਲਾਲਵਾਂਡੀ ਦੇ ਜੰਗਲੀ ਇਲਾਕੇ ਵਿੱਚੋਂ ਲੰਘ ਰਹੇ ਸਨ ਤਾਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ ਸੀ।

Comment here