ਜੰਮੂ-ਕਸ਼ਮੀਰ ਜੇਲ੍ਹ ਦੇ ਡੀਜੀ ਦੀ ਹੱਤਿਆ
ਅੱਤਵਾਦੀਆਂ ਨੇ ਕਿਹਾ -ਅਮਿਤ ਸ਼ਾਹ ਨੂੰ ਤੋਹਫਾ ਦਿੱਤਾ
ਨਵੀਂ ਦਿੱਲੀ-ਜੰਮੂ-ਕਸ਼ਮੀਰ ਵਿਚ ਸਿਆਸਤ ਜ਼ੋਰਾਂ ’ਤੇ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਉਨ੍ਹਾਂ ਅੱਜ ਦੂਜੇ ਦਿਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਦਰਸ਼ਨ ਕੀਤੇ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਉਹ ਸਭ ਤੋਂ ਪਹਿਲਾਂ ਹੈਲੀਕਾਪਟਰ ਰਾਹੀਂ ਸੰਜੀਛਟ ਹੈਲੀਪੈਡ ਪਹੁੰਚੇ, ਉਸ ਤੋਂ ਬਾਅਦ ਉਨ੍ਹਾਂ ਨੇ ਮਾਤਾ ਰਾਣੀ ਦੇ ਦਰਸ਼ਨ ਕੀਤੇ। ਉਨ੍ਹਾਂ ਮਾਤਾ ਦੀ ਆਰਤੀ ਵੀ ਕੀਤੀ। ਮਾਤਾ ਵੈਸ਼ਨੋ ਦੇਵੀ ਮੰਦਿਰ ਪਹੁੰਚਣ ‘ਤੇ ਲੋਕਾਂ ਨੇ ਅਮਿਤ ਸ਼ਾਹ ਦਾ ਸਵਾਗਤ ਵੀ ਕੀਤਾ। ਇਸ ਤੋਂ ਬਾਅਦ ਉਹ ਇਕ ਜਨ ਸਭਾ ਨੂੰ ਸੰਬੋਧਨ ਕਰਨ ਜੰਮੂ-ਕਸ਼ਮੀਰ ਦੇ ਰਾਜੌਰੀ ਪਹੁੰਚ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਪਹਾੜੀ ਭਾਈਚਾਰੇ ਨੂੰ ਵੱਡਾ ਤੋਹਫਾ ਦੇ ਸਕਦੇ ਹਨ।
ਸੂਤਰਾਂ ਦੀ ਮੰਨੀਏ ਤਾਂ ਪਹਾੜੀ ਭਾਈਚਾਰਾ ਲੰਬੇ ਸਮੇਂ ਤੋਂ ਅਨੁਸੂਚਿਤ ਜਾਤੀ ਦਾ ਦਰਜਾ ਦਿਵਾਉਣ ਦੀ ਮੰਗ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਭਾਈਚਾਰੇ ਨੂੰ ਇੰਨਾ ਵੱਡਾ ਤੋਹਫਾ ਦੇ ਸਕਦੇ ਹਨ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਦੌਰਾਨ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਕੇਂਦਰੀ ਮੰਤਰੀ ਜਤਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਉਹ ਮਾਤਾ ਵੈਸ਼ਨੋ ਦੇਵੀ ਮੰਦਰ ਵੀ ਗਏ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਧਾਰਾ 370 ਹਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ‘ਚ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਸ਼ਮੀਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪਹਾੜੀ ਭਾਈਚਾਰੇ ਦੇ ਨਾਲ ਹੈ।
ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਤਿੰਨ ਪਰਿਵਾਰਾਂ ਦੀ ਸੱਤਾ ਸੀ। ਪਰ ਮੋਦੀ ਸਰਕਾਰ ਨੇ ਇਹ ਸਭ ਖਤਮ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਨਰਿੰਦਰ ਮੋਦੀ ਦੀ ਸਰਕਾਰ ਹੈ। ਉਹ ਦਿਨ ਗਏ ਜਦੋਂ ਕੋਈ ਤੁਹਾਡੇ ਅਧਿਕਾਰਾਂ ਨੂੰ ਦਬਾ ਸਕਦਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਕਦੇ ਵੀ ਇੰਨੀ ਗਿਣਤੀ ਵਿੱਚ ਸੈਲਾਨੀ ਨਹੀਂ ਆਏ ਸਨ। ਪਰ ਹੁਣ 70 ਸਾਲਾਂ ਦਾ ਰਿਕਾਰਡ ਤੋੜਦੇ ਹੋਏ 1 ਕਰੋੜ 62 ਲੱਖ ਸੈਲਾਨੀ ਆਏ ਹਨ।ਉਨ੍ਹਾਂ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ।
ਗੈਰ ਸਮਾਜੀ ਅਨਸਰਾਂ ਦੀ ਸਰਗਰਮੀ
ਅਮਿਤ ਸ਼ਾਹ ਵਲੋਂ ਜੰਮੂ ਕਸ਼ਮੀਰ ਚ ਸਭ ਅਛਾ ਹੋਣ ਦੇ ਦਾਅਵਿਆਂ ਦੇ ਦਰਮਿਆ ਉਹਨਾਂ ਦੇ ਦੌਰੇ ਦੇ ਮੱਦੇਨਜ਼ਰ ਜੰਮੂ ਤੇ ਰਾਜੌਰੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਅੱਜ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਵੀ ਕੀਤਾ ਗਿਆ, ਤਾਂ ਜੋ ਇਹਨਾੰ ਸੇਵਾਵਾਂ ਦੀ “ਰਾਸ਼ਟਰ ਵਿਰੋਧੀ ਅਨਸਰਾਂ ਵੱਲੋਂ ਦੁਰਵਰਤੋਂ ਨਾ ਕੀਤੀ ਜਾ ਸਕੇ। ਤੇ ਇਸ ਦੌਰਾਨ ਹੀ ਜੰਮੂ-ਕਸ਼ਮੀਰ ਜੇਲ੍ਹ ਦੇ ਡੀਜੀ ਹੇਮੰਤ ਲੋਹੀਆ ਦਾ ਉਨ੍ਹਾਂ ਦੇ ਦੋਸਤ ਦੇ ਘਰ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ (ਪੀਪਲਜ਼ ਐਂਟੀ ਫਾਸ਼ੀਵਾਦੀ ਫੋਰਸ) ਨਾਮ ਦੇ ਬਾਗੀ ਸੰਗਠਨ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਹੈ। ਪਰ ਪੁਲਸ ਦਾ ਕਹਿਣਾ ਹੈ ਕਿ ਲੋਹੀਆ ਦਾ ਕਤਲ ਉਸ ਦੇ ਨੌਕਰ ਯਾਸਿਰ ਅਹਿਮਦ ਨੇ ਕੀਤਾ ਸੀ। ਯਾਸਿਰ ਦੀ ਇੱਕ ਡਾਇਰੀ ਤੋਂ ਇਹ ਖੁਲਾਸਾ ਹੋਇਆ ਹੈ। ਡਾਇਰੀ ਤੋਂ ਪਤਾ ਲੱਗਾ ਹੈ ਕਿ ਉਹ ਲੰਬੇ ਸਮੇਂ ਤੋਂ ਡਿਪ੍ਰੈਸ਼ਨ ‘ਚ ਸੀ। ਉਹ ਆਪਣੇ ਮਨ ਦੀ ਹਰ ਗੱਲ ਇਸ ਵਿੱਚ ਲਿਖ ਲੈਂਦਾ ਸੀ। ਇਸ ਵਿੱਚ ਉਸ ਨੇ ਮੌਤ ਨਾਲ ਜੁੜੀਆਂ ਕਈ ਗੱਲਾਂ ਲਿਖੀਆਂ , ਮੌਤ ਨੂੰ ਬੁਲਾਉਣ ਤੇ ਆਪਣੀ ਜ਼ਿੰਦਗੀ ਨੂੰ ਖਰਾਬ ਕਰਨ ਬਾਰੇ ਲਿਖਿਆ ਗਿਆ ਸੀ। 52 ਸਾਲਾ ਲੋਹੀਆ 1992 ਬੈਚ ਦੇ ਆਈਪੀਐੱਸ ਅਧਿਕਾਰੀ ਸਨ। ਉਨ੍ਹਾਂ ਦੀ ਲਾਸ਼ ਸ਼ਹਿਰ ਦੇ ਬਾਹਰਵਾਰ ਆਪਣੇ ਉਦੇਵਾਲਾ ਸਥਿਤ ਰਿਹਾਇਸ਼ ‘ਤੇ ਮਿਲੀ ਤੇ ਉਨ੍ਹਾਂ ਦੀ ਹੱਤਿਆ ਗਲ ਵੱਢ ਕੇ ਕੀਤੀ ਗਈ, ਕਾਤਲ ਨੇ ਲੋਹੀਆ ਦਾ ਗਲਾ ਵੱਢਣ ਲਈ ‘ਕੈਚੱਪ’ ਦੀ ਟੁੱਟੀ ਹੋਈ ਬੋਤਲ ਦੀ ਵਰਤੋਂ ਕੀਤੀ ਤੇ ਬਾਅਦ ਵਿਚ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਪੁਲਸ ਅਤਵਾਦੀ ਸੰਗਠਨ ਦੇ ਦਾਅਵੇ ਤੇ ਕੁਝ ਨਹੀ ਬੋਲ ਰਹੀ, ਜਿਸ ਨੇ ਕਿਹਾ ਹੈ ਕਿ ਅਮਿਤ ਸ਼ਾਹ ਦੇ ਕਸ਼ਮੀਰ ਦੌਰੇ ਤੇ ਇਹ ਤੋਹਫਾ ਦਿਤਾ ਗਿਆ ਹੈ। ਪੁਲਸ ਨੌਕਰ ਵਲੋਂ ਹਤਿਆ ਕੀਤੇ ਜਾਣ ਵਾਲੇ ਪਖ ਤੇ ਹੀ ਜਾਂਚ ਕਰ ਰਹੀ ਹੈ ਅਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
Comment here