ਵਾਸ਼ਿੰਗਟਨ-ਐੱਫ. ਬੀ. ਆਈ. ਦੇ ਨਿਰਦੇਸ਼ਕ ਕ੍ਰਿਸਟੋਫਰ ਰੇ ਨੇ ਕਿਹਾ ਕਿ ਅੱਤਵਾਦੀ ਸਮੂਹਾਂ ਨੇ ਕਦੇ ਵੀ ਅਮਰੀਕੀ ਧਰਤੀ ’ਤੇ ਹਮਲੇ ਦੀ ਸਾਜ਼ਿਸ਼ ਰਚਨਾ ਬੰਦ ਨਹੀਂ ਕੀਤਾ। ਉਨ੍ਹਾਂ ਸੀਨੇਟ ਹੋਮਲੈਂਡ ਸਕਿਓਰਿਟੀ ਐਂਡ ਗਵਰਨਮੈਂਟ ਅਫੇਅਰਸ ਕਮੇਟੀ ਦੇ ਸਾਹਮਣੇ ਗਵਾਹੀ ਦਿੱਤੀ ਕਿ ਘਰੇਲੂ ਅੱਤਵਾਦ ਦੇ ਮਾਮਲੇ ਅਸਮਾਨ ਛੋ ਰਹੇ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਵਿਚ ਮਾਮਲਿਆਂ ਦੀ ਗਿਣਤੀ 1,000 ਤੋਂ ਵੱਧ ਕੇ 2,700 ਤੱਕ ਪਹੁੰਚ ਗਈ ਹੈ।
‘ਦਿ ਹਿਲ’ ਦੀ ਰਿਪੋਰਟ ਮੁਤਾਬਕ, ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੀ ਨਿਰਦੇਸ਼ਕ ਕ੍ਰਿਸਟੀਨ ਅਬਿਜੈਦ ਨੇ ਵੀ ਕਮੇਟੀ ਨੂੰ ਕਿਹਾ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਲਈ ਅੱਤਵਾਦ ਦਾ ਖਤਰਾ ਦੋ ਦਹਾਕੇ ਪਹਿਲਾਂ ਦੇ ਮੁਕਾਬਲੇ ਥੋੜ੍ਹਾ ਵਧਿਆ ਹੈ। ਅਬਿਜੈਦ ਨੇ ਇਹ ਵੀ ਕਿਹਾ ਕਿ ਅਮਰੀਕੀ ਅਧਿਕਾਰੀ ਇਸ ਗੱਲ ਦੀ ਨਿਗਰਾਨੀ ਕਰ ਰਹੇ ਹਨ ਕਿ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਕਿਵੇਂ ਆਪਣੀ ਫੌਜ ਦਾ ਨਿਰਮਾਣ ਕਰ ਸਕਦੇ ਹਨ ਅਤੇ ਅਮਰੀਕਾ ’ਤੇ ਹਮਲੇ ਨੂੰ ਅੰਜ਼ਾਮ ਦੇ ਸਕਦੇ ਹਨ।
Comment here