ਦੁਨੀਆ

ਅਮਰੀਕਾ ਹਜਾਰਾਂ ਹੈਤੀ ਪ੍ਰਵਾਸੀਆਂ ਨੂੰ ਵਾਪਸ ਭੇਜੇਗਾ

ਸੈਕਰਾਮੈਂਟੋ-ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਹਰੀ ਝੰਡੀ ਮਿਲਣ ਉਪਰੰਤ ਪਿਛਲੇ ਦਿਨਾਂ ਦੌਰਾਨ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋਏ ਹਜਾਰਾਂ ਹੈਤੀ ਵਾਸੀਆਂ ਨੂੰ ਵਾਪਿਸ ਭੇਜਣ ਲਈ ਬਾਈਡਨ ਪ੍ਰਸ਼ਾਸਨ ਨੇ ਕਮਰਕੱਸੇ ਕਰ ਲਏ ਹਨ। ਹਜਾਰ ਹੈਤੀ ਨਾਗਰਿਕ  ਡੈਲ ਰੀਓ ਟੈਕਸਾਸ ਵਿਚ ਇਕ ਪੁਲ ਦੇ ਨੇੜੇ ਬੈਠੇ ਹਨ ਜਿਨਾਂ ਨੂੰ ਜਹਾਜ਼ਾਂ ਰਾਹੀਂ ਵਾਪਿਸ ਹੈਤੀ ਭੇਜਣ ਵਾਸਤੇ ਬਾਈਡਨ ਪ੍ਰਸ਼ਾਸਨ ਨੇ ਰਾਜ ਦੇ ਗਵਰਨਰ ਗਰੇਗ ਅਬੋਟ ਨਾਲ ਗੱਲਬਾਤ ਕਰਕੇ ਇਕ ਯੋਜਨਾ ਤਿਆਰ ਕਰ ਲਈ ਹੈ। ਗਵਰਨਰ ਅਮਰੀਕਾ ਵਿਚ ਆਏ ਹੈਤੀ ਪ੍ਰਵਾਸੀਆਂ ਦੇ ਹੜ ਨੂੰ ਸਰਹੱਦੀ ਸੰਕਟ ਕਰਾਰ ਦੇ ਚੁੱਕੇ ਹਨ। ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਹੈਤੀ ਪ੍ਰਵਾਸੀਆਂ ਦੀ ਅਮਰੀਕਾ ਤੋਂ ਵਾਪਿਸੀ ਬਹੁਤ ਛੇਤੀ ਸ਼ੁਰੂ ਹੋ ਜਾਵੇਗੀ। ਇਹ ਵਾਪਿਸੀ ਬਾਈਡਨ ਪ੍ਰਸ਼ਾਸਨ ਦੀ 6 ਨੁਕਾਤੀ ਰਣਨੀਤੀ ਦਾ ਹਿੱਸਾ ਹੈ ਜਿਸ ਰਣਨੀਤੀ ਦਾ ਮਕਸਦ ਡੈਲ ਰੀਓ, ਟੈਕਸਾਸ ਵਿਚ ਸਰਹੱਦ ਰਾਹੀਂ ਦਾਖਲ ਹੁੰਦੇ ਪ੍ਰਵਾਸੀਆਂ ਨੂੰ ਰੋਕਣਾ ਹੈ। ਇਸ ਰਣਨੀਤੀ ਤਹਿਤ ਸਰਹੱਦ ਉਪਰ ਹੋਰ ਸੰਘੀ ਸੁਰੱਖਿਆ ਜਵਾਨ ਤਾਇਨਾਤ ਕੀਤੇ ਜਾਣਗੇ। ਪ੍ਰਵਾਸੀਆਂ ਨੂੰ ਲੱਭਿਆ ਹੋਵੇਗਾ ਤੇ ਅਮਰੀਕਾ ਵਿਚ ਪ੍ਰਵਾਸੀਆਂ ਲਈ ਰਹਿਣ ਸਹਿਣ ਦੇ  ਹਾਲਾਤ ਵਿਚ ਸੁਧਾਰ ਕੀਤਾ ਜਾਵੇਗਾ। ਅਗਲੇ 48 ਘੰਟਿਆਂ ਦੌਰਾਨ 400 ਹੋਰ ਯੂ ਐਸ ਕਸਟਮਜ਼ ਤੇ ਬਾਰਡਰ ਰਖਿਆ ਜਵਾਨ ਤੇ ਅਫਸਰ ਡੈਲ ਰੀਓ ਭੇਜੇ ਜਾਣਗੇ ਤਾਂ ਜੋ ਪ੍ਰਵਾਸੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ ਤੇ ਖੇਤਰ ਉਪਰ ਕਾਰਗਰ ਨਿਗਰਾਨੀ ਕੀਤੀ ਜਾ  ਸਕੇ। ਗ੍ਰਹਿ ਸੁਰੱਖਿਆ ਵਿਭਾਗ ਅਨੁਸਾਰ ਲੋੜ ਪੈਣ ਤੇ  ਹੋਰ ਸੁਰੱਖਿਆ ਅਫਸਰ ਤੇ ਜਵਾਨ ਭੇਜੇ ਜਾਣਗੇ।

Comment here